ਪੰਜਾਬ ਪੁਲਿਸ ਮੁਤਾਬਕ ਕੌਣ ਹੈ ਉਹ 'ਬ੍ਰਿਟਿਸ਼ ਫੌਜੀ' ਜਿਸ ਦਾ ਲਿੰਕ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਦੱਸਿਆ ਜਾ ਰਿਹਾ ਹੈ, ਪਰਿਵਾਰ ਨੇ ਕੀ ਦੱਸਿਆ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 23 ਦਸੰਬਰ ਨੂੰ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਪੰਜਾਬ ਅਤੇ ਯੂਪੀ ਪੁਲਿਸ ਨੇ ਸਾਂਝੀ ਕਾਰਵਾਈ ਤਹਿਤ ਯੂਪੀ ਦੇ ਪੀਲੀਭੀਤ ਵਿੱਚ ਤਿੰਨ ਕਥਿਤ 'ਦਹਿਸ਼ਤਗਰਦ' ਮਾਰ ਦਿੱਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਤਿੰਨ ਜਣੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਚੌਕੀ 'ਤੇ ਹੋਏ ਗ੍ਰਨੇਡ ਹਮਲੇ ਵਿੱਚ ਕਥਿਤ ਤੌਰ ਉੱਤੇ ਸ਼ਾਮਲ ਸਨ।
ਇਸ ਮਾਮਲੇ ਵਿੱਚ ਡੀਜੀਪੀ ਨੇ ਦਾਅਵਾ ਕੀਤਾ ਕਿ ਇਸ ਸਾਰੀ ਅਪਰਾਧਿਕ ਗਤੀਵਿਧੀ ਪਿੱਛੇ ਇੱਕ ਬ੍ਰਿਟਿਸ਼ ਫੌਜ ਦੇ ਜਵਾਨ ਦਾ ਵੀ ਹੱਥ ਹੈ। ਪੁਲਿਸ ਵੱਲੋਂ ਉਸ ਦਾ ਨਾਮ ਵੀ ਜਗਜੀਤ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਹ ਨਾਮ ਬਦਲ ਕੇ ਅਪਰਾਧਿਕ ਗਤੀਵਿਧੀਆਂ ਵਿੱਚ ਹਿੱਸਾ ਲੈ ਰਿਹਾ ਹੈ।
ਪੁਲਿਸ ਮੁਖੀ ਗੌਰਵ ਯਾਦਵ ਨੇ ਇਸ ਸੰਬੰਧੀ ਜਾਰੀ ਕੀਤੀ ਇੱਕ ਵੀਡੀਓ ਵਿੱਚ ਕਿਹਾ ਕਿ ਇਸ ਅਪਰਾਧਿਕ ਗਤੀਵਿਧੀ ਨੂੰ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਚੀਫ਼ ਰਣਜੀਤ ਸਿੰਘ ਨੀਟਾ ਦੁਆਰਾ ਚਲਾਇਆ ਜਾ ਰਿਹਾ ਹੈ।
ਜਿਸ ਨੂੰ ਗਰੀਸ ਦੇ ਵਿਚ ਅਗਵਾਨ ਪਿੰਡ ਦੇ ਵਾਸੀ ਜਸਵਿੰਦਰ ਸਿੰਘ ਮੰਨੂ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਅੱਗੇ ਬ੍ਰਿਟਿਸ਼ ਫੌਜੀ ਜਗਜੀਤ ਸਿੰਘ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਹੈ।
ਡੀਜੀਪੀ ਮੁਤਾਬਕ ਜਗਜੀਤ ਸਿੰਘ ਫਤਿਹ ਸਿੰਘ ਬਾਗੀ ਦੇ ਨਾਮ ਨਾਲ ਇਹ ਵਾਰਦਾਤਾਂ ਕਰਵਾ ਰਿਹਾ ਕਰ ਰਿਹਾ ਹੈ।
ਹਾਲਾਂਕਿ ਕੁਝ ਮੀਡੀਆ ਰਿਪੋਰਟਸ ਵਿੱਚ ਬ੍ਰਿਟੇਨ ਦੇ ਰੱਖਿਆ ਵਿਭਾਗ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬ੍ਰਿਟੇਨ ਨੇ ਜਗਜੀਤ ਸਿੰਘ ਨਾਮ ਦੇ ਕਿਸੇ ਫੌਜੀ ਅਫ਼ਸਰ ਦੇ ਉਨ੍ਹਾਂ ਦੀ ਫੌਜ ਵਿੱਚ ਹੋਣ ਦੀਆਂ ਖ਼ਬਰਾਂ ਨੂੰ ਰੱਦ ਕੀਤਾ ਹੈ।
ਜਗਜੀਤ ਸਿੰਘ ਦੇ ਮਾਪਿਆ ਨੇ ਕੀ ਕਿਹਾ
ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਤਰਨ ਤਾਰਨ ਦੇ ਝਬਾਲ ਪਿੰਡ ਵਿੱਚ ਰਹਿੰਦੇ ਜਗਜੀਤ ਸਿੰਘ ਦੇ ਮਾਪਿਆਂ ਨਾਲ ਗੱਲ ਕੀਤੀ।
ਜਗਜੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਨੇ ਜਗਜੀਤ ਸਿੰਘ ਨੂੰ ਬੇਦਖ਼ਲ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਉਹ 2010 ਵਿੱਚ ਘਰੋਂ ਨਿਕਲ ਗਿਆ ਸੀ ਅਤੇ ਉਸ ਮਗਰੋਂ ਕਦੇ ਵੀ ਉਸ ਨੇ ਪਰਿਵਾਰ ਨੂੰ ਕੋਈ ਖਰਚਾ ਨਹੀ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਫ਼ਰੀਦਕੋਟ ਰਹਿੰਦੇ ਸਮੇਂ ਉਸ ਨੂੰ ਬੇਦਖ਼ਲ ਕਰਕੇ ਅਖ਼ਬਾਰ ਵਿੱਚ ਛਪਵਾਇਆ ਸੀ। ਉਨਾਂ ਕਿਹਾ ਕਿ ਸਾਨੂੰ ਉਸ ਦੀ ਕਿਸੇ ਵੀ ਗਤੀਵਿਧੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਕਹਿੰਦੇ ਹਨ ਕਿ ਕਾਨੂੰਨ ਤੋੜਨ ਵਾਲੇ ਦੋਸ਼ੀਆਂ ਨੂੰ ਬਣਦੀ ਸਜਾ ਮਿਲਣੀ ਚਾਹੀਦੀ ਹੈ।
ਜਗਜੀਤ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਵੀ ਜਗਜੀਤ ਸਿੰਘ ਨੂੰ ਪਰਿਵਾਰ ਵੱਲੋਂ ਬੇਦਖਲ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਸੀਂ ਕਈ ਗਤੀਵਿਧੀਆਂ ਵਿੱਚ ਉਸ ਦੀ ਸ਼ਮੂਲਿਅਤ ਦੀ ਗੱਲ ਸੁਣੀ ਹੈ ਪਰ ਉਸ ਬਾਰੇ ਪਰਿਵਾਰ ਨੂੰ ਕੋਈ ਸਟੀਕ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਜਗਜੀਤ ਬਾਰੇ ਸਹੀਂ ਜਾਣਕਾਰੀ ਪਰਿਵਾਰ ਨੂੰ ਦੱਸਣੀ ਚਾਹੀਦੀ ਹੈ।
ਰਣਜੀਤ ਸਿੰਘ ਨੀਟਾ ਕੌਣ ਹੈ?
ਰਣਜੀਤ ਸਿੰਘ ਨੀਟਾ ਖ਼ਾਲਿਸਤਾਨ ਜਿੰਦਾਬਾਦ ਫੋਰਸ ਦਾ ਮੁਖੀ ਹੈ। ਰਣਜੀਤ ਸਿੰਘ ਨੀਟਾ ਨੇ 1993 ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਗਠਨ ਕੀਤਾ ਸੀ। ਰਣਜੀਤ ਸਿੰਘ ਨੀਟਾ ਭਾਰਤ ਨੂੰ ਲੋੜੀਂਦੇ 20 ਵਿਅਕਤੀਆਂ ਵਿੱਚੋਂ ਇੱਕ ਹੈ। ਨੀਟਾ ਉੱਤੇ ਭਾਰਤ ਸਮੇਤ ਵਿਦੇਸ਼ਾਂ ਵਿੱਚ ਵੀ ਹਿੰਸਾ ਅਤੇ ਦਹਿਸ਼ਤ ਫੈਲਾਉਣ ਦੇ ਇਲਜ਼ਾਮ ਹਨ।
ਰਣਜੀਤ ਸਿੰਘ ਇੱਕ ਟਰਾਂਸਪੋਰਟਰ ਸੀ ਜਿਸ ਦਾ ਨਾਮ ਬਾਅਦ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਆਉਣ ਲੱਗਿਆ। ਭਾਰਤੀ ਗ੍ਰਹਿ ਵਿਭਾਗ ਦੀ ਜਾਣਕਾਰੀ ਮੁਤਾਬਕ ਨੀਟਾ ਦਸੰਬਰ 1996 ਵਿੱਚ ਅੰਬਾਲਾ ਨੇੜੇ ਜਿਹਲਮ ਐਕਸਪ੍ਰੈਸ ਵਿੱਚ ਹੋਏ ਬੰਬ ਧਮਾਕੇ ਵਿੱਚ ਸ਼ਾਮਲ ਸੀ। ਇਸ ਤੋਂ ਬਾਅਦ 1997 ਵਿੱਚ ਪਠਾਨਕੋਟ ਵਿੱਚ ਦੋ ਬੱਸਾਂ ਵਿੱਚ ਹੋਏ ਧਮਾਕਿਆਂ ਵਿੱਚ ਵੀ ਨੀਟਾ ਦਾ ਨਾਮ ਸਾਹਮਣੇ ਆਇਆ ਸੀ।
ਗ੍ਰਹਿ ਵਿਭਾਗ ਮੁਤਾਬਕ ਨੀਟਾ ਜੂਨ 1998 ਵਿੱਚ ਸ਼ਾਲੀਮਾਰ ਐੱਕਸਪ੍ਰੈੱਸ ਵਿੱਚ ਹੋਏ ਬੰਬ ਧਮਾਕੇ, ਨਵੰਬਰ 1999 ਵਿੱਚ ਪਠਾਨਕੋਟ ਕੋਲ ਪੂਜਾ ਐਕਸਪ੍ਰੈੱਸ ਵਿੱਚ ਹੋਏ ਧਮਾਕੇ ਵਿੱਚ ਵੀ ਸ਼ਾਮਲ ਸੀ, ਜਿਸ ਦੇ ਵਿਚ 14 ਲੋਕ ਮਾਰੇ ਗਏ ਸਨ ਅਤੇ 42 ਜ਼ਖਮੀ ਹੋਏ ਸਨ। ਇਸ ਤੋਂ ਬਾਅਦ ਫਰਵਰੀ 2000 ਵਿੱਚ ਸਿਆਲਦੇਹ ਐੱਕਸਪ੍ਰੈੱਸ ਵਿੱਚ ਹੋਏ ਧਮਾਕੇ ਵਿਚ ਨੀਟਾ ਦਾ ਨਾਮ ਆਇਆ ਸੀ ਜਿਸ ਵਿੱਚ ਪੰਜ ਲੋਕ ਮਾਰੇ ਗਏ ਸਨ ਅਤੇ ਚਾਰ ਜ਼ਖਮੀ ਹੋਏ ਸਨ।
2002 ਵਿੱਚ ਫਤਹਿਗੜ੍ਹ ਸਾਹਿਬ ਵਿੱਚ ਇੱਕ ਬੱਸ ਅੰਦਰ ਹੋਏ ਬੰਬ ਧਮਾਕੇ ਵਿੱਚ ਵੀ ਨੀਟਾ ਸ਼ਾਮਲ ਸੀ ਜਿਸ ਦੇ ਵਿੱਚ 8 ਲੋਕਾਂ ਦੀ ਮੌਤ ਅਤੇ 8 ਲੋਕ ਜ਼ਖਮੀ ਹੋਏ ਸਨ।
2009 ਵਿੱਚ ਆਸਟਰੀਆ ਦੇ ਗੁਰਦੁਆਰੇ ਵਿੱਚ ਡੇਰਾ ਬੱਲਾਂ ਦੇ ਆਗੂ ਰਾਮਾਨੰਦ ਅਤੇ ਨਿਰੰਜਨਦਾਸ ਉੱਤੇ ਹਮਲੇ ਵਿੱਚ ਵੀ ਨੀਟਾ ਦਾ ਹੱਥ ਸੀ। ਇਸ ਹਮਲੇ ਵਿੱਚ ਰਾਮਾਨੰਦ ਦੀ ਮੌਤ ਹੋ ਗਈ ਸੀ ਅਤੇ ਨਿਰੰਜਨਦਾਸ ਜ਼ਖਮੀ ਹੋ ਗਿਆ ਸੀ।
ਖਾਲਿਸਤਾਨ ਜਿੰਦਾਬਾਦ ਫੋਰਸ ਜਥੇਬੰਦੀ ਕੀ ਹੈ?
ਖਾਲਿਸਤਾਨ ਜਿੰਦਾਬਾਦ ਫੋਰਸ ਜਥੇਬੰਦੀ, ਗੈਰਕਾਨੂੰਨੀ ਰੋਕੂ ਐਕਟ 1967 ਤਹਿਤ ਭਾਰਤ ਵਿੱਚ ਪਾਬੰਦੀਸ਼ੁਦਾ ਖਾੜਕੂ ਜਥੇਬੰਦੀ ਹੈ। ਜੋ ਭਾਰਤੀ ਪੰਜਾਬ ਨੂੰ ਖੁਦਮੁਖਤਿਆਰ ਮੁਲਕ ਖਾਲਿਸਤਾਨ ਬਣਾਉਣ ਲਈ ਹਥਿਆਰਬੰਦ ਗਤੀਵਿਧੀਆਂ ਚਲਾਉਂਦੀ ਹੈ।
'ਦਾ ਇੰਸਟੀਚਿਊਟ ਆਫ਼ ਕਨਫਲਿਕਟ ਮੈਨੇਜਮੈਂਟ', ਸੰਸਥਾ ਦਾ ਗਠਨ ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐੱਸ ਗਿੱਲ ਨੇ ਕੀਤਾ ਸੀ, ਅਜੇ ਸਾਹਨੀ ਇਸ ਸੰਸਥਾ ਦੇ ਮੌਜੂਦਾ ਕਾਰਜਕਾਰੀ ਨਿਰਦੇਸ਼ਕ ਹਨ। ਜੋ 'ਕਾਊਟਰ ਟੈਰੇਰਿਜ਼ਮ' ਬਾਰੇ ਕਿਤਾਬਾਂ ਲਿਖ ਚੁੱਕੇ ਹਨ।
ਇਸ ਸੰਸਥਾ ਦੀ ਵੈੱਬਸਾਇਟ ਉੱਤੇ ਉਪਲੱਬਧ ਜਾਣਕਾਰੀ ਮੁਤਾਬਕ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਕਾਰਕੁਨਾਂ ਅਤੇ ਜਥੇਬੰਦਕ ਢਾਂਚੇ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ। ਪਰ ਆਮ ਤੌਰ ਉੱਤੇ ਮੰਨਿਆ ਜਾਂਦਾ ਹੈ ਕਿ ਇਸ ਦਾ ਗਠਨ ਜੰਮੂ ਦੇ ਸਿੱਖ ਕਾਰਕੁਨਾਂ ਦਾ ਸੰਗਠਨ ਸੀ।
ਵੈੱਬਸਾਇਟ ਉੱਤੇ ਉਪਲੱਬਧ ਜਾਣਕਾਰੀ ਮੁਤਾਬਕ, ''ਰਣਜੀਤ ਸਿੰਘ ਨੀਟਾ ਇਸ ਜਥੇਬੰਦੀ ਦਾ ਮੁੱਖ ਸੰਚਾਲਕ ਹੈ, ਜਿਸ ਦਾ ਪਿਛੋਕੜ ਜੰਮੂ ਦੇ ਸਿੰਬਲ ਕੈਂਪ ਦਾ ਹੈ। ਨੀਟਾ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਪਾਕਿਸਤਾਨ ਵਿੱਚ ਕਿਧਰੇ ਰਹਿ ਰਿਹਾ ਹੈ।''
''ਪਹਿਲਾਂ ਉਹ ਛੋਟਾ-ਮੋਟਾ ਅਪਰਾਧੀ ਸੀ, ਫੇਰ ਉਸ ਦੇ ਸਾਂਭਾ ਅਤੇ ਆਰਐੱਸਪੁਰਾ ਵਿੱਚ ਸਰਗਰਮ ਨਸ਼ਾ ਸਮੱਗਲਰਾਂ ਨਾਲ ਲਿੰਕ ਹੋ ਗਏ। ਉਸ ਦਾ ਨਾਂ 1988 ਤੋਂ 1999 ਤੱਕ ਜੰਮੂ ਅਤੇ ਪਠਾਨਕੋਟ ਖੇਤਰਾਂ ਵਿੱਚ ਬੱਸਾਂ ਅਤੇ ਰੇਲ ਗੱਡੀਆਂ ਵਿੱਚ ਹੋਏ ਬੰਬ ਧਮਾਕਿਆਂ ਦੀਆਂ 6 ਐਫ਼ਆਈਆਰ ਵਿੱਚ ਸਾਹਮਣੇ ਆਇਆ।''
ਖਾਲਿਸਤਾਨ ਜਿੰਦਾਬਾਦ ਫੋਰਸ ਵਿੱਚ ਨੀਟਾ ਤੋਂ ਬਾਅਦ ਦੂਜਾ ਵੱਡਾ ਨਾ ਅਮ੍ਰਿਤਪਾਲ ਸਿੰਘ ਰੋਮੀ ਸੀ, ਜਿਸ ਦੀ 2000 ਵਿੱਚ ਇੱਕ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ। ਇਸ ਜਥੇਬੰਦੀ ਦਾ ਇੱਕ ਹੋਰ ਕਾਰਕੁਨ ਖੁਰਮ ਮਸੀਹ ਉਰਫ਼ ਮਨਜੀਤ ਸਿੰਘ ਸੀ, ਜਿਸ ਦਾ ਪੰਜਾਬ, ਜੂੰਮ ਅਤੇ ਨਵੀਂ ਦਿੱਲੀ ਵਿੱਚ ਕਰੀਬ 20 ਬੰਬ ਧਮਾਕਿਆਂ ਤੇ ਹੋਰ ਵਾਰਦਾਤਾਂ ਵਿੱਚ ਵੀ ਨਾਂ ਆਇਆ ਸੀ। ਉਸ ਬਾਰੇ ਵੀ ਪੰਜਾਬ ਪੁਲਿਸ ਨੇ 28 ਦਸੰਬਰ 2000 ਨੂੰ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਸੀ।
ਭਾਵੇਂ ਇਹ ਜਥੇਬੰਦੀ ਪੰਜਾਬ, ਜੂੰਮ ਅਤੇ ਦਿੱਲੀ ਵਿੱਚ ਸਰਗਰਮ ਰਹੀ ਹੈ, ਪਰ ਅਗਸਤ 2000 ਵਿੱਚ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਖਾਲਿਸਤਾਨ ਜਿੰਦਾਬਾਦ ਫੋਰਸ ਨੇਪਾਲ ਤੋਂ ਵੀ ਗਤੀਵਿਧੀਆਂ ਚਲਾ ਰਹੀ ਸੀ, ਜਿਸ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦਿੱਲੀ ਪੁਲਿਸ ਨੇ ਇਨ੍ਹਾਂ ਦੇ ਪਾਕਿਸਤਾਨ ਨਾਲ ਵੀ ਲਿੰਕ ਜੋੜੇ ਸਨ।
ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਨੀਟਾ ਦੀ ਜਥੇਬੰਦੀ ਦੇ ਯੂਕੇ, ਜਰਮਨੀ, ਕੈਨੇਡਾ ਅਤੇ ਹੋਰ ਕਈ ਮੁਲਕਾਂ ਵਿੱਚ ਵੀ ਸਮਰਥਕ ਤੇ ਹਮਦਰਦ ਮੌਜੂਦ ਹਨ।
ਮੰਨੂ ਅਗਵਾਨ ਕੌਣ ਹੈ?
ਮੰਨੂ ਅਗਵਾਨ ਦਾ ਪੂਰਾ ਨਾਮ ਜਸਵਿੰਦਰ ਸਿੰਘ ਮੰਨੂ ਹੈ। ਉਹ ਗੁਰਦਾਸਪੁਰ ਦੇ ਕਲਾਨੌਰ ਥਾਣੇ ਅਧੀਨ ਪੈਂਦੇ ਅਗਵਾਨ ਪਿੰਡ ਦਾ ਜੰਮਪਲ ਹੈ। ਪੰਜਾਬ ਦੇ ਡੀਜੀਪੀ ਮੁਤਾਬਕ ਮੰਨੂ ਅਗਵਾਨ ਵੀ ਖਾਲਿਸਤਾਨ ਜਿੰਦਾਬਾਦ ਫੋਰਸ ਦਾ ਮੈਂਬਰ ਹੈ ਅਤੇ ਗਰੀਸ ਵਿੱਚ ਬੈਠ ਕੇ ਅਪਰਾਧਿਕ ਗਤੀਵਿਧੀਆਂ ਕਰ ਰਿਹਾ ਹੈ।
ਹੁਣ ਉਸਦਾ ਨਾਮ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਚੌਕੀ 'ਤੇ ਹੋਏ ਕਥਿਤ ਗ੍ਰਨੇਡ ਹਮਲੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ।
ਪੰਜਾਬ ਪੁਲਿਸ ਅਨੁਸਾਰ 19 ਦਸੰਬਰ ਨੂੰ ਗੁਰਦਾਸਪੁਰ ਦੇ ਸਰਹੱਦੀ ਕਸਬੇ ਕਲਾਨੌਰ ਬਖਸ਼ੀਵਾਲ ਚੌਕੀ 'ਤੇ ਗ੍ਰਨੇਡ ਹਮਲਾ ਹੋਇਆ ਸੀ, ਜਿਸ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਸੀ।