ਵੱਡੇ ਕੌਂਸਰਟ ਵਿੱਚ ਹਜ਼ਾਰਾਂ ਰੁਪਏ ਦੀਆਂ ਟਿਕਟਾਂ ਖਰੀਦਣ ਮਗਰੋਂ ਵੀ ਕਈ ਲੋਕਾਂ ਵਿੱਚ ਗੁੱਸਾ ਤੇ ਮਾਯੂਸੀ ਕਿਉਂ ਹੈ
- ਲੇਖਕ, ਜ਼ੋਇਆ ਮਤੀਨ
- ਰੋਲ, ਬੀਬੀਸੀ ਨਿਊਜ਼
ਪਿਛਲੇ ਮਹੀਨੇ ਜਦੋਂ ਅੰਮ੍ਰਿਤਾ ਕੌਰ ਨੇ ਫੈਸਲਾ ਲਿਆ ਕਿ ਉਹ ਭਾਰਤ ਵਿੱਚ ਹੋ ਰਹੇ ਪੰਜਾਬੀ ਪੌਪ ਸਟਾਰ ਦਿਲਜੀਤ ਦੋਸਾਂਝ ਦੇ ਕੌਂਸਰਟ 'ਚ ਸ਼ਾਮਲ ਹੋਣਗੇ, ਤਾਂ ਉਹ ਮਨ ਹੀ ਮਨ ਕੁਝ ਬੇਅਰਾਮੀ ਦਾ ਸਾਹਮਣਾ ਕਰਨ ਲਈ ਤਿਆਰ ਸਨ।
ਅੰਮ੍ਰਿਤਾ ਅਤੀਤ ਵਿੱਚ ਵੀ ਕਈ ਅਜਿਹੇ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਏ ਸਨ ਜਿਸ ਕਰਕੇ ਉਨ੍ਹਾਂ ਨੂੰ ਕਿਤੇ ਨਾ ਕਿਤੇ ਉਮੀਦ ਸੀ ਕਿ ਭਾਰਤ ਵਿੱਚ ਹੋਣ ਜਾ ਰਹੇ ਇਹ ਵੱਡੇ ਸਮਾਗਮਾਂ ਵਿੱਚ ਭੀੜ ਦੇ ਨਾਲ "ਹਫੜਾ-ਦਫੜੀ" ਦਾ ਮਾਹੌਲ ਵੀ ਹੋਵੇਗਾ।
ਪਰ ਜੋ ਉਨ੍ਹਾਂ ਨੂੰ ਕੌਂਸਰਟ ਵਾਲੇ ਦਿਨ ਵੇਖਣ ਨੂੰ ਮਿਲਿਆ ਉਹ ਉਨ੍ਹਾਂ ਦੀ ਕਲਪਨਾ ਨਾਲੋਂ ਕਿਤੇ ਮਾੜਾ ਸੀ।
ਨਾ ਸਫਾਈ ਸੀ ਅਤੇ ਨਾ ਹੀ ਭੀੜ ਨੂੰ ਕਾਬੂ ਕਰਨ ਦਾ ਕੋਈ ਪ੍ਰਬੰਧ।
ਬਹੁਤ ਜ਼ਿਆਦਾ ਭੀੜ ਹੋਣ ਕਰਕੇ ਮੋਬਾਈਲ ਨੈੱਟਵਰਕ ਓਵਰਲੋਡ ਹੋ ਗਏ ਅਤੇ ਫ਼ੋਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਨਾਲ ਉਨ੍ਹਾਂ 'ਚ ਨਿੱਜੀ ਸੁਰੱਖਿਆ ਨੂੰ ਲੈ ਕੇ ਘਬਰਾਹਟ ਵੱਧ ਗਈ।
ਇੱਥੋਂ ਤੱਕ ਕਿ ਟਾਇਲਟ ਦੀ ਵਰਤੋਂ ਕਰਨਾ ਵੀ ਉਨ੍ਹਾਂ ਨੂੰ ਇੱਕ ਵੱਡੇ ਖ਼ਤਰੇ ਵਾਂਗ ਮਹਿਸੂਸ ਹੋਇਆ।
ਉਨ੍ਹਾਂ ਕਿਹਾ "ਟਾਇਲਟ ਜਾਣ ਦਾ ਮਤਲਬ ਸੀ ਕਿ ਬਾਕੀ ਕੌਂਸਰਟ ਦੌਰਾਨ ਗੰਦੇ ਅਤੇ ਬਦਬੂਦਾਰ ਟਾਇਲਟ ਕਿਊਬਿਕਲਾਂ ਦੇ ਬਾਹਰ ਕਤਾਰ ਵਿੱਚ ਲੱਗੇ ਰਹਿਣਾ।"
ਇਹ ਕੌਂਸਰਟ ਚੰਡੀਗੜ੍ਹ ਦੇ ਇੱਕ ਸਰਕਾਰੀ ਮੈਦਾਨ 'ਚ ਹੋ ਰਿਹਾ ਸੀ। ਅੰਮ੍ਰਿਤਾ ਦਾ ਕਹਿਣਾ ਹੈ ਕਿ ਉੱਥੇ ਜਾਣ ਲਈ ਕੋਈ ਜਨਤਕ ਟਰਾਂਸਪੋਰਟ ਉਪਲੱਬਧ ਨਹੀਂ ਸੀ ਅਤੇ ਨਾ ਹੀ ਨਿੱਜੀ ਗੱਡੀਆਂ ਲਈ ਪਾਰਕਿੰਗ ਦੀ ਥਾਂ ਸੀ।
ਕੋਈ ਵਿਕਲਪ ਨਾ ਹੋਣ ਕਰਕੇ ਅੰਮ੍ਰਿਤਾ ਨੇ ਆਪਣੀ ਕਾਰ ਨੂੰ ਇਸ ਮੈਦਾਨ ਦੇ ਨੇੜੇ ਰਹਿੰਦੀ ਆਪਣੀ ਦੋਸਤ ਦੇ ਘਰ ਪਾਰਕ ਕੀਤਾ।
ਪਰ ਫਿਰ ਵੀ ਉਹ ਇੱਕ ਅਣਚਾਹੀ ਸਥਿਤੀ ਵਿੱਚ ਫਸ ਗਏ, ਜੋ ਸੀ ਕੌਂਸਰਟ ਖ਼ਤਮ ਹੋਣ ਤੋਂ ਬਾਅਦ ਘੰਟਿਆਂ ਬੱਧੀ ਰਿਹਾ ਟ੍ਰੈਫਿਕ ਜਾਮ।
ਆਪਣਾ ਅਨੁਭਵ ਸਾਂਝਾ ਕਰਦੇ ਹੋਏ ਅੰਮ੍ਰਿਤਾ ਕਹਿੰਦੇ ਹਨ, "ਤੁਸੀਂ ਇੱਕ ਟਿਕਟ ਲਈ ਇੰਨਾ ਭੁਗਤਾਨ ਕਰਦੇ ਹੋ ਅਤੇ ਬਦਲੇ ਵਿੱਚ ਤੁਹਾਨੂੰ ਕੀ ਮਿਲਦਾ ਹੈ? ਸੰਭਾਵੀ ਪਿਸ਼ਾਬ ਦਾ ਇਨਫੈਕਸ਼ਨ, ਭਿਆਨਕ ਸਿਰ ਦਰਦ ਦੇ ਨਾਲ ਥੋੜ੍ਹਾ ਜਿਹਾ ਸੰਗੀਤ।"
ਭਾਰਤ ਦਾ ਕੌਂਸਰਟ ਉਦਯੋਗ
ਇਹ ਸਾਲ ਭਾਰਤ ਦੇ ਵਧਦੇ ਸੰਗੀਤ ਕੌਂਸਰਟ ਉਦਯੋਗ ਲਈ ਵੱਡਾ ਰਿਹਾ ਹੈ।
ਜਿੱਥੇ ਦੁਆ ਲੀਪਾ, ਦਿਲਜੀਤ ਦੋਸਾਂਝ ਅਤੇ ਮਾਰੂਨ 5 ਵਰਗੇ ਕਲਾਕਾਰ ਅਤੇ ਬੈਂਡਸ ਸਟੇਡੀਅਮ ਭਰ ਕੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ, ਉੱਥੇ ਹੀ ਆਉਣ ਵਾਲੇ ਮਹੀਨਿਆਂ 'ਚ ਗ੍ਰੀਨ ਡੇਅ, ਕੋਲਡਪਲੇ ਅਤੇ ਐਡ ਸ਼ੀਰਨ ਵਰਗੀਆਂ ਹੋਰ ਹਸਤੀਆਂ ਵੀ ਭਾਰਤ 'ਚ ਕੌਂਸਰਟ ਕਰਨ ਲਈ ਤਿਆਰ ਨਜ਼ਰ ਆ ਰਹੀਆਂ ਹਨ।
ਭਾਰਤ 'ਚ ਹੋਣ ਵਾਲੇ ਮਿਊਜ਼ਿਕ ਕੌਂਸਰਟਜ਼ ਨੇ ਇਸ ਸਾਲ ਲਗਭਗ 800 ਕਰੋੜ ਦੀ ਆਮਦਨੀ ਪੈਦਾ ਕੀਤੀ। ਇਹ ਅੰਕੜਾ 2025 ਦੇ ਅੰਤ ਤੱਕ 25 ਫ਼ੀਸਦੀ ਹੋਰ ਵੱਧ ਜਾਵੇਗਾ।
ਚੰਗਾ ਕਮਾਉਣ ਵਾਲੇ ਭਾਰਤੀ ਨੌਜਵਾਨ ਨਾ ਸਿਰਫ਼ ਆਪਣੇ ਮਨਪਸੰਦ ਸਿਤਾਰਿਆਂ ਨੂੰ ਦੇਖਣ ਲਈ ਜ਼ਿਆਦਾ ਪੈਸੇ ਦੇਣ ਲਈ ਤਿਆਰ ਹਨ, ਸਗੋਂ ਸਰਗਰਮੀ ਨਾਲ ਇਹਨਾਂ ਸਮਾਗਮਾਂ ਦੀ ਉਡੀਕ ਕਰ ਰਹੇ ਹਨ।
2023 ਵਿੱਚ ਕਰੀਬ 4 ਲੱਖ ਭਾਰਤੀਆਂ ਨੇ ਲਾਈਵ ਈਵੈਂਟਾਂ ਵਿੱਚ ਸ਼ਾਮਲ ਹੋਣ ਲਈ ਦੂਜੇ ਭਾਰਤੀ ਸ਼ਹਿਰਾਂ ਦੀ ਯਾਤਰਾ ਕੀਤੀ ਸੀ।
ਪਰ ਇਸ ਉਤਸ਼ਾਹ ਦੇ ਬਾਵਜੂਦ, ਬਹੁਤ ਸਾਰੇ ਦਰਸ਼ਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੌਂਸਰਟ ਜਾਣ ਦਾ ਤਜਰਬਾ ਉਨ੍ਹਾਂ ਦੀ ਕਲਪਨਾ ਤੋਂ ਬਹੁਤ ਮਾੜਾ ਰਿਹਾ ਹੈ।
ਦਿਲਜੀਤ ਨੇ ਅੱਗੇ ਤੋਂ ਭਾਰਤ 'ਚ ਕੌਂਸਰਟ ਕਰਨ ਲਈ ਕੀਤਾ ਮਨ੍ਹਾ ?
ਇਹ ਮੁੱਦਾ ਇਸ ਹਫਤੇ ਦੇ ਸ਼ੁਰੂ ਵਿੱਚ ਸੁਰਖੀਆਂ ਵਿੱਚ ਉਦੋਂ ਆਇਆ ਜਦੋਂ ਬ੍ਰਾਇਨ ਐਡਮਜ਼ ਦੇ ਕੌਂਸਰਟ 'ਚ ਸ਼ਾਮਲ ਹੋਏ ਇੱਕ ਸ਼ੂਗਰ ਰੋਗੀ ਨੇ ਟਾਇਲਟ ਦੀ ਗੈਰ-ਉਪਲਬਧਤਾ ਕਰਕੇ ਉਨ੍ਹਾਂ ਦੀ ਸਿਹਤ 'ਤੇ ਪਾਏ ਅਸਰ ਬਾਰੇ ਦੱਸਿਆ।
ਉਸੇ ਦਿਨ ਦੇਸ਼ ਵਿਆਪੀ ਕਲਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਇਹ ਐਲਾਨ ਕਰਕੇ ਕਿ ਉਹ ਉਨ੍ਹਾਂ ਚਿਰ ਭਾਰਤ 'ਚ ਪਰਫੋਰਮ ਨਹੀਂ ਕਰਨਗੇ ਜਦੋਂ ਤੱਕ ਇਥੋਂ ਦੇ ਬੁਨਿਆਦੀ ਢਾਂਚਾ ਬਿਹਤਰ ਨਹੀਂ ਹੋ ਜਾਂਦੇ।
ਹਾਲਾਂਕਿ, ਗਾਇਕ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਉਹ ਸਿਰਫ ਇੱਕ ਸਥਾਨ ਦਾ ਹਵਾਲਾ ਦੇ ਰਹੇ ਸਨ।
ਇਸ ਵਾਕੇ ਤੋਂ ਬਾਅਦ ਸੋਸ਼ਲ ਮੀਡੀਆ ਕੌਂਸਰਟ ਵਿੱਚ ਜਾਣ ਕਰਨ ਵਾਲਿਆਂ ਦੀਆਂ ਅਜਿਹੀਆਂ ਸ਼ਿਕਾਇਤਾਂ ਨਾਲ ਭਰਿਆ ਹੋਇਆ ਹੈ।
ਪ੍ਰਸ਼ੰਸਕਾ ਦਾ ਕਹਿਣਾ ਹੈ ਕਿ ਉਹ ਆਪਣੇ ਮਨਪਸੰਦ ਕਲਾਕਾਰ ਨੂੰ ਸੁਣਨ ਲਈ ਚੰਗੇ ਪੈਸਿਆਂ ਦਾ ਭੁਗਤਾਨ ਕਰਦੇ ਹਨ।
ਉੱਚੀਆਂ ਕੀਮਤਾਂ 'ਤੇ 'ਸ਼ੱਕੀ' ਵੈੱਬਸਾਈਟਾਂ ਰਾਹੀਂ ਟਿਕਟਾਂ ਬੁੱਕ ਕਰਨ ਤੋਂ ਲੈ ਕੇ, ਸ਼ੋਅ ਤੋਂ ਪਹਿਲਾਂ ਅਤੇ ਬਾਅਦ ਵਿਚ ਘੰਟਿਆਂ-ਬੱਧੀ ਟ੍ਰੈਫਿਕ ਦਾ ਸਾਹਮਣਾ ਕਰਨਾ ਅਤੇ ਇਹ ਸਭ ਵਿਚਾਲੇ ਟਾਇਲਟ ਦਾ ਨਾ ਹੋਣਾ ਦਰਸ਼ਕਾਂ ਦੀਆਂ ਮੁਸ਼ਕਲਾਂ ਨੂੰ ਵਧਾਉਂਦਾ ਹੈ।
ਜਿਨ੍ਹਾਂ ਲੋਕਾਂ ਕੋਲ ਸਾਧਨ ਹਨ ਉਹ ਹੁਣ ਇੱਕ ਸੁਰੱਖਿਅਤ ਅਤੇ ਆਮ ਤੌਰ 'ਤੇ ਵਧੇਰੇ ਮਜ਼ੇਦਾਰ ਅਨੁਭਵ ਲਈ ਦੂਜੇ ਦੇਸ਼ਾਂ ਵਿੱਚ ਹੋ ਰਹੇ ਅਜਿਹੇ ਸ਼ੋਅ ਵਿੱਚ ਸ਼ਾਮਲ ਹੋਣ ਦੀ ਚੋਣ ਕਰ ਰਹੇ ਹਨ।
ਬੈਂਗਲੁਰੂ-ਅਧਾਰਿਤ ਵਕੀਲ ਇਸ਼ੀਕਾ ਗੁਨ ਦਾ ਕਹਿਣਾ ਹੈ ਕਿ, "ਮਿਊਨਿਚ ਵਿੱਚ ਹੋਏ ਅਡੇਲੇ ਦੇ ਕੌਂਸਰਟ ਦੌਰਾਨ ਟਾਇਲਟਾਂ ਦੀ ਸਫਾਈ ਲਈ ਸਟਾਫ ਲਗਾਤਾਰ ਹਾਜ਼ਿਰ ਸੀ ਜਿਸ ਕਰਕੇ ਤਿੰਨ ਘੰਟੇ ਚਲੇ ਸੰਗੀਤ ਸਮਾਰੋਹ ਤੋਂ ਬਾਅਦ ਵੀ ਉੱਥੇ ਬਹੁਤ ਸਫਾਈ ਸੀ"
"ਜੇ ਇੰਨੇ ਪੈਸੇ ਖਰਚ ਕਰਨੇ ਹੀ ਨੇ, ਤਾਂ ਕਿਉਂ ਨਾ ਬੇਹਤਰ ਤਜ਼ਰਬੇ ਲਈ ਕਿਸੇ ਦੂਸਰੇ ਦੇਸ਼ ਹੀ ਚੱਲਿਆ ਜਾਵਾਂ।"
ਕੌਂਸਰਟ ਆਯੋਜਕ ਅਤੇ ਪ੍ਰਮੋਟਰ ਸਮੱਸਿਆਵਾਂ ਨੂੰ ਸਵੀਕਾਰ ਕਰਦੇ ਹਨ ਪਰ ਕਹਿੰਦੇ ਹਨ ਕਿ ਉਹ ਵੀ ਵਿਆਪਕ ਬੁਨਿਆਦੀ ਢਾਂਚਾਗਤ ਚੁਣੌਤੀਆਂ ਨਾਲ ਘਿਰੇ ਹੋਏ ਹਨ।
ਸਕਿੱਲਬਾਕਸ ਦੇ ਸਹਿ-ਸੰਸਥਾਪਕ, ਅਨਮੋਲ ਕੁਕਰੇਜਾ ਦਾ ਕਹਿਣਾ ਹੈ ਕਿ ਇਹ ਇਸ ਲਈ ਹੈ ਕਿਉਂਕਿ ਭਾਰਤ ਕੋਲ ਲਾਈਵ ਸੰਗੀਤ ਸਮਾਰੋਹਾਂ ਲਈ ਸਮਰਪਿਤ ਥਾਂਵਾਂ ਨਹੀਂ ਹਨ।
ਅਨਮੋਲ ਦੀ ਕੰਪਨੀ ਨੇ 300 ਤੋਂ ਵੱਧ ਸੰਗੀਤ ਸਮਾਰੋਹ ਆਯੋਜਿਤ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਘੱਟ ਅਨੁਕੂਲ ਸਥਾਨਾਂ ਦੀ ਚੋਣ ਕਰਨ ਲਈ ਮਜਬੂਰ ਹਨ। ਇਥੋਂ ਤੱਕ ਕਿ ਅਨੁਕੂਲ ਸਥਾਨ ਨਾ ਹੋਣ ਕਰਕੇ ਉਨ੍ਹਾਂ ਨੂੰ ਕੁਝ ਸ਼ਹਿਰਾ 'ਚ ਕੌਂਸਰਟ ਆਯੋਜਿਤ ਕਰਨ ਤੋਂ ਗੁਰੇਜ਼ ਵੀ ਕਰਨਾ ਪੈਂਦਾ ਹੈ।
"ਇਹ ਸਭ ਸੰਕਟ ਕੌਂਸਰਟ ਉਦਯੋਗ ਨੂੰ ਵਧਣ ਤੋਂ ਰੋਕ ਰਹੇ ਹਨ।"
ਬਹੁਤ ਸਾਰੇ ਪੱਛਮੀ ਦੇਸ਼ਾਂ ਤੋਂ ਉਲਟ ਜਿੱਥੇ ਸੰਗੀਤ ਸਮਾਰੋਹ ਦੀਆਂ ਥਾਵਾਂ ਬਹੁਤ ਹਨ, ਉਹ ਕਹਿੰਦਾ ਹੈ ਕਿ ਭਾਰਤ ਵਿੱਚ ਸਮਾਗਮਾਂ ਨੂੰ ਮਾਲਾਂ, ਖੇਡ ਸਟੇਡੀਅਮਾਂ ਜਾਂ ਜਨਤਕ ਥਾਵਾਂ 'ਤੇ ਆਯੋਜਿਤ ਕੀਤਾ ਜਾਂਦਾ ਹੈ।
"ਇਨ੍ਹਾਂ ਸਭ ਸਥਾਨਾਂ ਦੀਆਂ ਆਪਣੀ ਸਮੱਸਿਆਵਾਂ ਹਨ।"
"ਇੱਕ ਮਾਲ ਵਿੱਚ ਬਿਹਤਰ ਪਖਾਨੇ ਅਤੇ ਪਾਰਕਿੰਗ ਸਹੁਲਤ ਹੋ ਸਕਦੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਇਹ ਵੱਡੀ ਭੀੜ ਨੂੰ ਸਾਂਭਣ ਦੇ ਯੋਗ ਹੋਣ। ਇਸੇ ਤਰ੍ਹਾਂ ਸ਼ਹਿਰ ਦੇ ਇੱਕ ਦੂਰ-ਦੁਰਾਡੇ ਦੇ ਕੋਨੇ ਵਿੱਚ ਸਥਿਤ ਇੱਕ ਵੱਡੀ ਬੰਜਰ ਜ਼ਮੀਨ ਜਿੱਥੇ ਭੀੜ ਪੂਰੀ ਆ ਸਕਦੀ ਹੈ ਉੱਥੇ ਖ਼ਰਾਬ ਨੈੱਟਵਰਕ ਦੀ ਮੁਸ਼ਕਲ ਪੇਸ਼ ਆ ਸਕਦੀ ਹੈ।"
ਸਰਕਾਰੀ ਮਲਕੀਅਤ ਵਾਲੇ ਸਥਾਨ ਵੱਡੇ ਸਮਾਗਮਾਂ ਲਈ ਵਧੇਰੇ ਢੁਕਵੇਂ ਹੁੰਦੇ ਹਨ, ਪਰ ਉਹਨਾਂ ਨੂੰ ਬੁੱਕ ਕਰਨ ਦੀ ਪ੍ਰਕਿਰਿਆ ਅਕਸਰ "ਇਜਾਜ਼ਤਾਂ ਅਤੇ ਲਾਇਸੈਂਸਾਂ ਦੀ ਇੱਕ ਗੁੰਝਲਦਾਰ ਪ੍ਰਣਾਲੀ ਤੋਂ ਗੁਜ਼ਰਦੀ ਹੈ" ਜੋ ਉਹਨਾਂ ਨੂੰ ਆਯੋਜਕਾਂ ਲਈ ਘੱਟ ਆਕਰਸ਼ਕ ਬਣਾਉਂਦੀ ਹੈ।
ਮੁੰਬਈ-ਅਧਾਰਤ ਥਰਡ ਕਲਚਰ ਕੰਪਨੀ ਦੇ ਸੰਸਥਾਪਕ ਅਤੇ ਐੱਨਐੱਚ7 ਦੇ ਨਿਰਦੇਸ਼ਕ ਤੇਜ ਬਰਾੜ ਦਾ ਕਹਿਣਾ ਹੈ ਕਿ ਇਨ੍ਹਾਂ ਘਾਟਾਂ ਨੂੰ ਦੂਰ ਕਰਨ ਲਈ ਪ੍ਰਬੰਧਕਾਂ ਵਲੋਂ ਹਰ ਕੌਂਸਰਟ ਤੋਂ ਪਹਿਲਾਂ ਸਥਾਨਾਂ 'ਤੇ ਸਟੇਜ, ਅਸਥਾਈ ਬਾਥਰੂਮ ਅਤੇ ਪਾਰਕਿੰਗ ਸਥਾਨਾਂ ਦੇ ਅਸਥਾਈ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਹਜ਼ਾਰਾਂ ਡਾਲਰ ਖਰਚ ਕਰਦੇ ਹਨ।
"ਅਜਿਹੀਆਂ ਮੁਸ਼ਕਲਾਂ ਕਰਕੇ ਸਿਰਫ ਸਾਡੇ ਹੀ ਕਾਰੋਬਾਰ ਦਾ ਨੁਕਸਾਨ ਨਹੀਂ ਹੁੰਦਾ, ਸਗੋਂ ਉਨ੍ਹਾਂ ਛੋਟੇ ਕਲਾਕਾਰਾਂ ਨੂੰ ਵੀ ਇਸ ਦੀ ਮਾੜ ਝਲਣੀ ਪੈਂਦੀ ਹੈ ਜੋ ਵੱਡੀ ਭੀੜ ਇੱਕਠੀ ਕਰਨ ਯੋਗ ਨਹੀਂ ਹਨ"
"ਬੁਨਿਆਦੀ ਢਾਂਚਾ ਖੜ੍ਹਾ ਕਰਨ 'ਤੇ ਇੰਨੀ ਲਾਗਤ ਆ ਜਾਂਦੀ ਹੈ ਕਿ ਜੇਕਰ ਕਲਾਕਾਰ 10,000 ਜਾਂ ਉਸ ਤੋਂ ਵੱਧ ਦਰਸ਼ਕਾ ਦਾ ਇਕੱਠ ਨਹੀਂ ਕਰ ਪਾਉਂਦਾ ਤਾਂ ਅਜਿਹਾ ਕੌਂਸਰਟ ਘਾਟੇ ਦਾ ਸੌਦਾ ਬਣ ਜਾਂਦਾ ਹੈ।"
ਕੀ ਵਿਦੇਸ਼ 'ਚ ਵੀ ਪੇਸ਼ ਆਉਂਦੀਆਂ ਹਨ ਇਹ ਚੁਣੌਤੀਆਂ ?
ਕੁਝ ਸਟਾਰ-ਸਟੱਡਡ ਲਾਈਨ-ਅਪਸ ਅਤੇ ਮਿਲੀਅਨ ਡਾਲਰ ਦੇ ਬਜਟ ਵਾਲੇ ਵੱਡੇ ਅੰਤਰਰਾਸ਼ਟਰੀ ਸੰਗੀਤ ਕੌਂਸਰਟ ਨੇ ਵੀ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ।
ਦਿੱਲੀ ਦੀ ਪੱਤਰਕਾਰ ਸ਼੍ਰੋਸ਼ੀ ਮੁਖਰਜੀ ਸਵਾਲ ਕਰਦੇ ਹਨ " ਬਾਕੀ ਸਭ ਠੀਕ ਹੈ ਪਰ ਤੁਹਾਡੇ ਕੋਲ ਸਾਫ਼ ਪਖਾਨੇ ਕਿਉਂ ਨਹੀਂ ਹਨ?"
ਮੁਖਰਜੀ, ਜੋ ਦੇਸ਼ ਭਰ ਵਿੱਚ ਸੰਗੀਤ ਕੌਂਸਰਟ ਵਿੱਚ ਸ਼ਾਮਲ ਹੁੰਦੇ ਰਹਿੰਦੇ ਹਨ ਦਾ ਕਹਿਣਾ ਹੈ ਕਿ ਲੋਲਾਪਾਲੂਜ਼ਾ ਅਤੇ ਬੈਕਸਟ੍ਰੀਟ ਬੁਆਏਜ਼ ਵਿਖੇ ਵਾਸ਼ਰੂਮਾਂ ਦੀ ਘਾਟ ਕਾਰਨ ਖਾਸ ਤੌਰ 'ਤੇ ਪਰੇਸ਼ਾਨ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਕੌਂਸਰਟ ਦੀਆਂ ਟਿਕਟਾਂ ਦੀ ਕੀਮਤ 5,000 ਰੁਪਏ ਤੋਂ 10,000 ਰੁਪਏ ਦੇ ਵਿਚਕਾਰ ਕਿਤੇ ਵੀ ਹੈ।
ਉਹ ਕਹਿੰਦੀ ਹਨ "ਇੱਕ ਸਮਾਂ ਅਜਿਹਾ ਆਇਆ ਕਿ ਜਦੋਂ ਟਾਇਲਟ ਪੇਪਰ ਅਤੇ ਪਾਣੀ ਦੋਵੇਂ ਹੀ ਖਤਮ ਹੋ ਗਏ। ਸਾਨੂੰ ਟਾਈਲੇਟ ਜਾਣ ਲਈ ਪਾਣੀ ਦੀਆਂ ਬੋਤਲਾਂ ਖਰੀਦਣੀਆਂ ਪਈਆਂ।"
ਵਧੀਆਂ ਟਿਕਟਾਂ ਦੀਆਂ ਕੀਮਤਾਂ ਦੇ ਖਿਲਾਫ ਆਲੋਚਨਾ ਇਹਨਾਂ ਇਵੈਂਟਾਂ ਨੂੰ ਉੱਚੇ ਸੱਭਿਆਚਾਰਕ ਤਜ਼ਰਬਿਆਂ ਵਿੱਚ ਬਦਲਣ ਲਈ ਸਿਰਫ ਕੁਝ ਕੁ ਲੋਕਾਂ ਲਈ ਹੀ ਵਧ ਰਹੀ ਹੈ, ਪਰ ਹੋਰ ਚਿੰਤਾਵਾਂ ਵੀ ਹਨ।
ਜ਼ਿਆਦਾਤਰ ਸਥਾਨਾਂ ਵਿੱਚ ਅਪਾਹਜ ਲੋਕਾਂ ਲਈ ਬਹੁਤ ਘੱਟ ਜਾਂ ਕੋਈ ਪ੍ਰਬੰਧ ਨਹੀਂ ਹੁੰਦੇ - ਜਿਵੇਂ ਕਿ ਵ੍ਹੀਲਚੇਅਰ ਦੀ ਸਹੂਲਤ ਅਤੇ ਆਡੀਓ ਵਰਣਨ। ਦੋਸਾਂਝ ਦੇ ਚੰਡੀਗੜ੍ਹ ਸੰਗੀਤ ਸਮਾਰੋਹ ਵਿੱਚ, ਕੌਰ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਵ੍ਹੀਲਚੇਅਰ ਦੀ ਵਰਤੋਂ ਕਰਨ ਵਾਲੇ ਦੋਸਤ ਨੂੰ ਸਥਾਨ ਵਿੱਚ ਚੁੱਕ ਕੇ ਲਿਜਾਣਾ ਪਿਆ ਕਿਉਂਕਿ ਇੱਥੇ ਕੋਈ ਰੈਂਪ ਜਾਂ ਪਹੁੰਚਯੋਗ ਲੇਨ ਨਹੀਂ ਸੀ।"
ਬੀਬੀਸੀ ਨੇ ਟਿੱਪਣੀ ਲਈ ਲੇਖ ਵਿੱਚ ਜ਼ਿਕਰ ਕੀਤੇ ਸਾਰੇ ਸਮਾਗਮਾਂ ਦੇ ਪ੍ਰਬੰਧਕਾਂ ਤੱਕ ਪਹੁੰਚ ਕੀਤੀ ਹੈ।
ਕਾਰੋਬਾਰ ਵਿਚਲੇ ਹੋਰ ਲੋਕ ਕਹਿੰਦੇ ਹਨ ਕਿ ਸਮੱਸਿਆਵਾਂ ਦੇ ਸਾਰੇ ਹੱਲ ਨਹੀਂ ਮਿਲ ਸਕਦੇ, ਪਰ ਉਹ ਕਾਰੋਬਾਰ 'ਤੇ ਇਸ ਦੇ ਲੰਬੇ ਪ੍ਰਭਾਵ ਬਾਰੇ ਚਿੰਤਾ ਕਰਦੇ ਹਨ। ਇਸ ਸਮੇਂ, ਲੋਕ ਅਜੇ ਵੀ ਭੁਗਤਾਨ ਕਰਨ ਲਈ ਤਿਆਰ ਹਨ। ਪਰ ਲਗਾਤਾਰ ਮਾੜੀਆਂ ਸਹੂਲਤਾਂ ਉਨ੍ਹਾਂ ਦੇ ਮਨ ਨੂੰ ਬਦਲ ਸਕਦੀਆਂ ਹਨ।
ਬਰਾੜ ਕਹਿੰਦੇ ਹਨ, "ਲੋਕਾਂ ਦੇ ਅਨੁਭਵ ਇਵੈਂਟ ਦੀ ਹਾਜ਼ਰੀ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ, ਅਤੇ ਨਕਾਰਾਤਮਕ ਫੀਡਬੈਕ ਇੱਕ ਪ੍ਰਬੰਧਕ ਦੀ ਸਾਖ ਨੂੰ ਨੁਕਸਾਨ ਪਹੁੰਚਾ ਸਕਦਾ ਹੈ। "
ਪਰ ਇਸ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਸਾਂਝੀ ਹੋਣੀ ਚਾਹੀਦੀ ਹੈ।
"ਜਦੋਂ ਕਿ ਕੰਪਨੀ ਟਿਕਾਣੇ ਦੀ ਚੋਣ ਕਰਨ ਅਤੇ ਟਿਕਟ ਦੀਆਂ ਕੀਮਤਾਂ ਨਿਰਧਾਰਤ ਕਰਨ ਦਾ ਜ਼ਿੰਮਾ ਲੈਂਦੀ ਹੈ, ਸਥਾਨ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਢੁਕਵੀਂ ਵਾਸ਼ਰੂਮ ਸੁਵਿਧਾਵਾਂ ਅਤੇ ਸਮਰਪਿਤ ਸਫਾਈ ਕਰਮਚਾਰੀ ਸਥਾਨ ਦਾ ਮਿਆਰ ਹੋਣਾ ਚਾਹੀਦਾ ਹੈ।"
ਭਾਰਤ ਸ਼ੀਰਨ ਅਤੇ ਗ੍ਰੀਨ ਡੇ ਵਰਗੇ ਵੱਡੇ ਕਲਾਕਾਰਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ ਅਤੇ ਪ੍ਰਸ਼ੰਸਕ ਇੱਕ ਬਿਹਤਰ ਅਨੁਭਵ ਦੀ ਉਮੀਦ ਕਰ ਰਹੇ ਹਨ।
ਕੁਝ ਲੋਕਾਂ ਲਈ ਭਾਰੀ ਭੀੜ ਅਤੇ ਸੰਭਾਵੀ ਲਾਗ ਦਾ ਜੋਖਮ ਆਪਣੇ ਮਨਪਸੰਦ ਸਿਤਾਰੇ ਨੂੰ ਵੇਖਣ ਲਈ ਇੱਕ ਛੋਟੀ ਕੀਮਤ ਵਾਂਗ ਮਹਿਸੂਸ ਹੁੰਦਾ ਹੈ।
ਇੱਕ ਵਿਦਿਆਰਥੀ ਮੁਹੰਮਦ ਸਾਮੀ ਦਾ ਕਹਿਣਾ ਹੈ, "ਉੱਥੇ ਹੋਣ ਵਾਲੀ ਗੜਬੜ ਅਤੇ ਹਫੜਾ-ਦਫੜੀ ਦਾ ਵੀ ਆਪਣਾ ਹੀ ਮਜ਼ਾ ਹੈ।"
"ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਸੈਂਕੜੇ ਅਜਨਬੀਆਂ ਦੇ ਨਾਲ ਇੱਕ ਟਾਪੂ 'ਤੇ ਫਸ ਗਏ ਹੋ ਅਤੇ ਕਿਸੇ ਤਰ੍ਹਾਂ ਰਾਤ ਕੱਟਣ ਦੀ ਚਾਹ ਨੇ ਤੁਹਾਨੂੰ ਇੱਕਜੁਟ ਕਰ ਦਿੱਤਾ ਹੋਵੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ