ਯਿਸ਼ੂ ਮਸੀਹ ਨੂੰ ਕਿਵੇਂ ਭਾਰਤੀ ਕਲਾਕਾਰਾਂ ਨੇ ਆਪਣੇ ਹਿਸਾਬ ਨਾਲ ਆਪਣੇ ਰੰਗਾਂ ਵਿੱਚ ਢਾਲ ਲਿਆ
- ਲੇਖਕ, ਸ਼ੈਰੇਲਿਨ ਮੋਲਨ
- ਰੋਲ, ਬੀਬੀਸੀ ਨਿਊਜ਼
ਯਿਸ਼ੂ ਮਸੀਹ ਦਾ ਜਨਮ ਇੱਕ ਬਾਈਬਲ ਸਬੰਧ ਘਟਨਾ ਹੈ। ਇਹ ਕਈ ਪੱਛਮੀ ਕਲਾਕਾਰਾਂ ਦੇ ਚਿੱਤਰਾਂ ਦਾ ਵਿਸ਼ਾ ਵੀ ਰਿਹਾ ਹੈ, ਜਿਨ੍ਹਾਂ ਨੇ ਇਸ ਬਾਰੇ ਆਪਣੀ ਕਲਾਕਾਰੀ ਰਾਹੀਂ ਘਟਨਾ ਨੂੰ ਦਰਸਾਉਂਦੇ ਹੋਏ ਉੱਥੇ ਪ੍ਰਚਲਿਤ ਸੋਹਣੇਪਣ ਅਤੇ ਵਿਚਾਰਾਂ ਨੂੰ ਲਾਗੂ ਕੀਤਾ।
ਇਹ ਰਚਨਾਵਾਂ ਈਸਾਈ ਕਲਾ ਦੀਆਂ ਸਭ ਤੋਂ ਵਿਆਪਕ ਤੌਰ 'ਤੇ ਉਪਲਬਧ ਨੁਮਾਇੰਦਗੀਆਂ ਵਿੱਚੋਂ ਹੈ। ਇਹੀ ਬਾਈਬਲ ਦੀ ਇਸ ਘਟਨਾ ਪ੍ਰਤੀ ਦੁਨੀਆਂ ਦੇ ਨਜ਼ਰੀਏ ਨੂੰ ਆਕਾਰ ਦਿੰਦੀ ਹੈ ਅਤੇ ਅਵਚੇਤਨ ਰੂਪ ਵਿੱਚ ਪੱਛਮ ਤੋਂ ਬਾਹਰਲੇ ਲੋਕਾਂ ਨੂੰ ਇਸ ਤੋਂ ਪ੍ਰਭਾਵਿਤ ਹੋਣ ਤੋਂ ਰੋਕਦੀ ਹੈ।
ਪਰ ਸਦੀਆਂ ਤੋਂ, ਭਾਰਤ ਵਿੱਚ ਕਲਾਕਾਰਾਂ ਨੇ ਯਿਸ਼ੂ ਦੇ ਜਨਮ ਅਤੇ ਹੋਰ ਈਸਾਈ ਵਿਸ਼ਿਆਂ ਨੂੰ ਆਪਣੀ ਸ਼ੈਲੀ ਵਿੱਚ ਢਾਲ ਕੇ ਇਸ ਘਟਨਾ ਸਬੰਧੀ ਆਪਣੇ ਨਜ਼ਰੀਏ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਈਆਂ ਨੇ ਅਜਿਹਾ ਜਾਣਬੁੱਝ ਕੇ ਕੀਤਾ ਅਤੇ ਕਈਆਂ ਕੋਲੋਂ ਹੋ ਗਿਆ ਪਰ ਅਖ਼ੀਰ ਇਹ ਇੱਕ ਅਜਿਹੀ ਘਟਨਾ ਹੈ ਜੋ ਯਿਸ਼ੂ ਦੇ ਜਨਮ ਦੀ ਘਟਨਾ ਅਤੇ ਖ਼ੁਦ ਈਸਾਈ ਧਰਮ ਵਿੱਚ ਨਵੇਂ ਜੀਵਨ ਤੇ ਅਰਥ ਭਰਦਾ ਹੈ।
ਇੱਥੇ ਭਾਰਤੀ ਕਲਾ ਇਤਿਹਾਸ ਦੀਆਂ ਕੁਝ ਪੇਂਟਿੰਗਾਂ ਹਨ ਜੋ ਯਿਸ਼ੂ ਦੇ ਜਨਮ ਨੂੰ ਇੱਕ ਵਿਲੱਖਣ ਸਥਾਨਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੀਆਂ ਹਨ।
ਮੁਗ਼ਲ ਸਮਰਾਟ ਮੁਹੰਮਦ ਜਲਾਲੂਦੀਨ ਅਕਬਰ ਨੂੰ ਆਪਣੇ ਦਰਬਾਰ ਵਿੱਚ ਆਉਣ ਲਈ ਜੈਸੂਇਟ ਮਿਸ਼ਨਰੀਆਂ ਨੂੰ ਸੱਦਾ ਦੇ ਕੇ ਉੱਤਰੀ ਭਾਰਤ ਨੂੰ ਈਸਾਈ ਧਰਮ ਨਾਲ ਜਾਣੂ ਕਰਵਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।
ਮਿਸ਼ਨਰੀ ਆਪਣੇ ਨਾਲ ਪਵਿੱਤਰ ਗ੍ਰੰਥ ਅਤੇ ਯੂਰਪੀਅਨ ਕਲਾਕ੍ਰਿਤੀਆਂ ਨੂੰ ਲੈ ਕੇ ਗਏ ਜਿਨ੍ਹਾਂ ਨੇ ਦਰਬਾਰ ਦੇ ਕਲਾਕਾਰਾਂ ਨੂੰ ਪ੍ਰਭਾਵਿਤ ਕੀਤਾ।
ਅਕਬਰ ਅਤੇ ਉਸ ਦੇ ਉੱਤਰਾਧਿਕਾਰੀਆਂ ਨੇ ਵੀ ਈਸਾਈ ਥੀਮ ਦੇ ਨਾਲ ਬਹੁਤ ਸਾਰੇ ਕੰਧ ਚਿੱਤਰ (ਮਿਊਰਲਜ਼) ਬਣਾਏ ਅਤੇ ਕੁਝ ਦਰਬਾਰੀ ਚਿੱਤਰਕਾਰਾਂ ਨੇ ਇਨ੍ਹਾਂ ਚਿੱਤਰਾਂ ਨੂੰ ਇਸਲਾਮੀ ਕਲਾ ਦੇ ਤੱਤਾਂ ਨਾਲ ਜੋੜਨਾ ਸ਼ੁਰੂ ਕਰ ਦਿੱਤਾ।
ਦੱਖਣੀ ਏਸ਼ੀਆ ਦੀ ਇੱਕ ਇਤਿਹਾਸਕਾਰ ਨੇਹਾ ਵਰਮਾਨੀ ਮੁਗ਼ਲ ਦਰਬਾਰ ਵਿੱਚ ਬਣਾਈ ਜਾਣ ਵਾਲੀ ਪੇਂਟਿੰਗ ਦੀ ਗੱਲ ਕਰਦੇ ਹਨ, ਜਿਸ ਵਿੱਚ ਕਲਾਕਾਰਾਂ ਨੇ ਬਾਦਸ਼ਾਹ ਜਹਾਂਗੀਰ ਨੂੰ ਜਨਮ ਦੇ ਦ੍ਰਿਸ਼ ਵਿੱਚ ਦਿਖਾਇਆ ਹੈ ਅਤੇ ਇਸ ਵਿੱਚ ਰਵਾਇਤੀ ਤੌਰ 'ਤੇ ਮਰੀਅਮ, ਜੋਸਫ਼ ਅਤੇ ਯਿਸ਼ੂ ਵੀ ਸ਼ਾਮਲ ਹਨ।
ਨੇਹਾ ਵਰਮਾਨੀ ਕਹਿੰਦੇ ਹਨ, "ਮੁਗਲ ਸ਼ਾਸਕ ਖੁਦ ਨੂੰ ʻਨਿਆਂ ਪਸੰਦʼ ਸ਼ਾਸਕ ਮੰਨਦੇ ਹਨ, ਜੋ ਆਪਣੇ ਮੁਲਕ ਵਿੱਚ ਸਦਭਾਵਨਾ ਅਤੇ ਸੰਤੁਲਨ ਕਾਇਮ ਰੱਖਣ ਵਿੱਚ ਸਮਰੱਥ ਹਨ, ਉਹ ʻਸਰਬ-ਵਿਆਪੀʼ ਸ਼ਾਸਕ ਸਨ।"
"ਵੱਖ-ਵੱਖ ਧਰਮਾਂ ਦੀ ਹੋਂਦ ਕਾਇਮ ਰੱਖਣਾ ਉਨ੍ਹਾਂ ਦੇ ਆਪਣੇ ਨਜ਼ਰੀਏ ਦਾ ਅਨਿੱਖੜਵਾਂ ਅੰਗ ਸੀ ਅਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਯਾਦ ਰੱਖਿਆ ਜਾਵੇ।"
ਹੇਠਾਂ ਦਿੱਤੀ ਗਈ 18ਵੀਂ ਸਦੀ ਦੀ ਪੇਂਟਿੰਗ ਵਿੱਚ ਮੁਗ਼ਲ ਕਲਾ ਦੇ ਖ਼ਾਸ ਸ਼ੈਲੀਗਤ ਤੱਤ ਸ਼ਾਮਲ ਹਨ, ਜਿਸ ਵਿੱਚ ਉੱਚ ਸ਼ੈਲੀ ਵਾਲੇ ਚਿੱਤਰ, ਜੀਵੰਤ ਰੰਗ, ਕੁਦਰਤਵਾਦ ਅਤੇ ਸਜਾਵਟ ਸ਼ਾਮਲ ਹਨ।
1887 ਵਿੱਚ ਭਾਰਤ ਦੇ ਪੱਛਮੀ ਬੰਗਾਲ ਵਿੱਚ ਜਨਮੇਂ ਜੈਮਿਨੀ ਰੋਏ ਬੰਗਾਲੀ ਲੋਕ ਕਲਾ ਅਤੇ ਕਾਲੀਘਾਟ ਚਿੱਤਰਕਲਾ ਦੇ ਤੱਤਾਂ ਨੂੰ ਇਕੱਠੇ ਲਿਆ ਕੇ ਇੱਕ ਵਿਲੱਖਣ ਵੀਜ਼ੂਅਲ ਭਾਸ਼ਾ ਦੇ ਸਿਰਜਨਹਾਰ ਮੰਨੇ ਜਾਂਦੇ ਹਨ।
ਦਰਅਸਲ, ਇਹ ਇੱਕ ਵਿਲੱਖਣ ਕਲਾ ਹੈ ਜੋ ਕੋਲਕਾਤਾ ਸ਼ਹਿਰ ਦੇ ਇੱਕ ਮਸ਼ਹੂਰ ਮੰਦਿਰ ਦੇ ਆਸ-ਪਾਸ ਪੈਦਾ ਹੋਈ।
ਆਰਟ ਫਿਲਮ ਡੀਏਜੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਆਸ਼ਿਸ਼ ਆਨੰਦ ਦਾ ਕਹਿਣਾ ਹੈ ਕਿ ਕਲਾ ਸਮੀਖਿਅਕ ਡਬਲਿਊਜੀ ਆਰਚਰ ਨੇ ਇੱਕ ਵਾਰ ਦੇਖਿਆ ਕਿ ਜੈਮਿਨੀ ਰੋਏ ਲਈ ਯੀਸ਼ੂ ਮਸੀਹ ਇੱਕ ਸੰਥਾਲ ਵਿਅਕਤੀ ਵਰਗੇ ਸਨ।
ਸੰਥਾਲ, ਇੱਕ ਭਾਰਤੀ ਆਦਿਵਾਸੀ ਸਮੂਹ ਹੈ।
ਉਨ੍ਹਾਂ ਦਾ ਕਹਿਣਾ ਹੈ, "ਯੀਸ਼ੂ ਮਸੀਹ ਦੇ ਜੀਵਨ ਦੀ ਸਾਦਗੀ ਅਤੇ ਉਨ੍ਹਾਂ ਬਲਿਦਾਨ ਨੇ ਰੋਏ ਨੂੰ ਆਪਣੇ ਵੱਲ ਖਿੱਚਿਆ, ਜਿਸ ਨਾਲ ਈਸਾਈ ਵਿਸ਼ਿਆਂ ʼਤੇ ਉਨ੍ਹਾਂ ਦੇ ਚਿੱਤਰ ਘੱਟੋ-ਘੱਟ ਹਿੰਦੂ ਮਿਥਿਹਾਸ ਦੇ ਬਰਾਬਰ ਹੀ ਅਹਿਮ ਬਣ ਗਏ ਅਤੇ ਉਨ੍ਹਾਂ ਸਾਰਿਆਂ ਨੂੰ ਆਧੁਨਿਕਤਾ ਦੀ ਲੋਕ ਸ਼ੈਲੀ ਵਿੱਚ ਪੇਸ਼ ਕੀਤਾ ਗਿਆ, ਜਿਸ ਨੂੰ ਉਨ੍ਹਾਂ ਨੇ ਵਿਲੱਖਣ ਢੰਗ ਨਾਲ ਆਪਣਾ ਬਣਾਇਆ।"
1902 ਵਿੱਚ ਗੋਆ ਵਿੱਚ ਜਨਮੇਂ ਐਂਗਲੋ ਡੀ ਫੋਂਸੈਕਾ ਨੂੰ ਵਿਲੱਖਣ ਈਸਾਈ ਮੂਰਤੀ ਕਲਾ ਦਾ ਸਿਹਰਾ ਦਿੱਤਾ ਜਾਂਦਾ ਹੈ, ਜਿਸ ਵਿੱਚ ਉਨ੍ਹਾਂ ਦੀਆਂ ਗੋਆ ਦੀਆਂ ਸੰਵੇਦਨਾਵਾਂ ਦੇ ਨਾਲ-ਨਾਲ ਪੂਰਬੀ ਅਤੇ ਪੱਛਮੀ ਪ੍ਰਭਾਵਾਂ ਦਾ ਮੇਲ ਝਲਕਦਾ ਹੈ।
ਉਨ੍ਹਾਂ ਚਿੱਤਰਕਾਰੀ ਵਿੱਚ ਮੈਰੀ ਨੂੰ ਨੀਲੇ ਗਾਊਨ ਵਿੱਚ ਇੱਕ ਗੋਰੀ ਵਜੋਂ ਨਹੀਂ ਦਿਖਾਇਆ ਹੈ ਬਲਕਿ ਉਹ ਭੂਰੇ ਰੰਗ ਦੀ ਸਕਿਨ ਵਾਲੀ, ਸਾੜ੍ਹੀ ਪਹਿਨੀ ਹੋਈ ਭਾਰਤੀ ਔਰਤ ਵਜੋਂ ਨਜ਼ਰ ਆਉਂਦੀ ਹੈ, ਜਿਸ ਨੇ ਗਲ਼ ਵਿੱਚ ਮੰਗਲਸੂਤਰ ਪਾਇਆ ਹੈ।
ਇਨ੍ਹਾਂ ਚਿੱਤਰਾਂ ਵਿੱਚ ਬਾਈਬਲ ਦੇ ਦ੍ਰਿਸ਼ ਸਥਾਨਕ ਦਿਖ ਵਜੋਂ ਸਾਹਮਣੇ ਆਉਂਦੇ ਹਨ ਅਤੇ ਅਜਿਹੇ ਰੂਪ ਅਤੇ ਤੱਤ ਜੋ ਭਾਰਤੀ ਦਰਸ਼ਕਾਂ ਨਾਲ ਗੱਲ ਕਰਦੇ ਹਨ।
ਉਨ੍ਹਾਂ ਨੇ ਆਪਣੀ ਕਲਾ ਰਾਹੀਂ ਪੱਛਮ ਦੀ ਸੁੰਦਰਤਾ ਅਤੇ ਕਲਾਤਮਕ ਰਚਨਾਤਮਕਤਾ ਦੇ ਬਿਰਤਾਂਤ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਹੈ।
ਗੋਆ ਵਿਚਲੇ ਜ਼ੇਵੀਅਰ ਸੈਂਟਰ ਆਫ ਹਿਸਟੋਰੀਕਲ ਰਿਸਰਚ ਦੇ ਡਾਇਰੈਕਟਰ ਰਿਨਾਲਡ ਡਿਸੂਜਾ ਨੇ ਬੀਬੀਸੀ ਨੂੰ ਦੱਸਿਆ, "ਫੋਂਸੈਕਾ, ਵੱਡੇ ਪੈਮਾਨੇ ʼਤੇ ਪੱਛਮੀ ਧਾਰਮਿਕ ਪਰੰਪਰਾ ਵਜੋਂ ਦੇਖੇ ਜਾਣ ਵਾਲੇ ਈਸਾਈ ਧਰਮ ਨੂੰ ਭਾਰਤੀ ਉਪਮਹਾਂਦੀਪ ਵਿੱਚ ਸਥਾਪਿਤ ਕਰਨਾ ਚਾਹੁੰਦੇ ਸਨ।"
"ਇਸੇ ਕਾਰਨ ਉਨ੍ਹਾਂ ਦੇ ਰੰਗਾਂ ਨੇ ਈਸਾਈ ਧਰਮ ਨੂੰ ਨਵੇਂ ਸਿਰੇ ਤੋਂ ਉਲੀਕਿਆ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ