ਕੀ ਭਾਰਤ ਖਾਲਿਸਤਾਨ ਪੱਖੀ ਗੁਰਪਤਵੰਤ ਪੰਨੂ ਮਾਮਲੇ ਦੇ ਮੁਲਜ਼ਮ ਵਿਕਾਸ ਯਾਦਵ ਦੀ ਸਪੁਰਦਗੀ ਅਮਰੀਕਾ ਨੂੰ ਕਰ ਸਕਦਾ ਹੈ
- ਲੇਖਕ, ਰਾਘਵੇਂਦਰ ਰਾਓ
- ਰੋਲ, ਰਾਘਵੇਂਦਰ ਰਾਓ ਬੀਬੀਸੀ ਪੱਤਰਕਾਰ
ਅਮਰੀਕਾ ਦੇ ਨਿਆਂ ਵਿਭਾਗ ਨੇ 17 ਅਕਤੂਬਰ ਨੂੰ ਭਾਰਤੀ ਨਾਗਰਿਕ ਵਿਕਾਸ ਯਾਦਵ ਦੇ ਵਿਰੁੱਧ ਪੈਸੇ ਬਦਲੇ ਕਤਲ ਅਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਨ ਦਾ ਐਲਾਨ ਕੀਤਾ ਹੈ।
ਇਹ ਮਾਮਲਾ ਸਾਲ 2023 ਵਿੱਚ ਨਿਊਯਾਰਕ ਸ਼ਹਿਰ ਵਿੱਚ ਅਮਰੀਕੀ ਨਾਗਰਿਕ ਅਤੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕਥਿਤ ਤੌਰ ’ਤੇ ਨਾਕਾਮ ਸਾਜਿਸ਼ ਦੇ ਨਾਲ ਜੁੜਿਆ ਹੋਇਆ ਹੈ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ‘ਪੰਨੂ ਦੇ ਕਤਲ ਦੀ ਸਾਜਿਸ਼’ ਵਿੱਚ ਵਿਕਾਸ ਯਾਦਵ ਦੀ ਅਹਿਮ ਭੂਮਿਕਾ ਸੀ।
ਜਿੱਥੇ ਇੱਕ ਪਾਸੇ ਅਮਰੀਕੀ ਨਿਆਂ ਵਿਭਾਗ ਨੇ ਯਾਦਵ ਨੂੰ ਭਾਰਤ ਸਰਕਾਰ ਦਾ ਮੁਲਾਜ਼ਮ ਦੱਸਿਆ ਹੈ, ਉੱਥੇ ਹੀ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਵਿਕਾਸ ਯਾਦਵ ਹੁਣ ਭਾਰਤ ਸਰਕਾਰ ਦੇ ਮੁਲਾਜ਼ਮ ਨਹੀਂ ਹਨ।
ਇਸ ਮਾਮਲੇ ਵਿੱਚ ਇੱਕ ਹੋਰ ਭਾਰਤੀ ਨਾਗਰਿਕ ਨਿਖਿਲ ਗੁਪਤਾ ਪਹਿਲਾਂ ਹੀ ਅਮਰੀਕਾ ਦੀ ਹਿਰਾਸਤ ਵਿੱਚ ਹਨ।
ਅਮਰੀਕਾ ਨੇ ਕੀ ਕਿਹਾ?
ਅਮਰੀਕਾ ਨੇ ਵਿਕਾਸ ਯਾਦਵ ਅਤੇ ਨਿਖਿਲ ਗੁਪਤਾ ਉੱਤੇ ਪੈਸੇ ਬਦਲੇ ਕਤਲ ਕਰਵਾਉਣ ਦੇ ਇਲਜ਼ਾਮ ਲਾਏ ਹਨ, ਜਿਸ ਦੇ ਲਈ ਵੱਧ ਤੋਂ ਵੱਧ 10 ਸਾਲ ਦੀ ਜੇਲ੍ਹ ਹੋ ਸਕਦੀ ਹੈ।
ਇਸ ਦੇ ਨਾਲ ਹੀ ਦੋਵਾਂ ਮੁਲਜ਼ਮਾਂ ਉੱਤੇ ਭਾੜੇ ’ਤੇ ਕਤਲ ਕਰਨ ਦੀ ਸਾਜਿਸ਼ ਕਰਨ ਦਾ ਵੀ ਇਲਜ਼ਾਮ ਲਾਇਆ ਗਿਆ ਹੈ, ਜਿਸ ਦੇ ਲਈ ਵੀ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਦੀ ਵਿਵਸਥਾ ਹੈ।
ਦੋਵਾਂ ’ਤੇ ਮਨੀ ਲਾਂਡਰਿੰਗ ਦੀ ਸਾਜਿਸ਼ ਰਚਣ ਦਾ ਵੀ ਇਲਜ਼ਾਮ ਲਗਾਇਆ ਗਿਆ ਹੈ, ਜਿਸ ਦੇ ਲਈ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਦੀ ਵਿਵਸਥਾ ਹੈ।
ਇਨ੍ਹਾਂ ਇਲਜ਼ਾਮਾਂ ਦਾ ਐਲਾਨ ਕਰਦਿਆਂ ਅਮਰੀਕੀ ਅਟਾਰਨੀ ਜਨਰਲ ਮੈਰਿਕ ਬੀ ਗਾਰਲੈਂਡ ਨੇ ਕਿਹਾ ਕਿ ਕੋਈ ਵੀ ਵਿਅਕਤੀ ਜੋ ਅਮਰੀਕੀ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਫਿਰ ਚੁੱਪ ਕਰਾਉਣ ਦੀ ਕੋਸ਼ਿਸ਼ ਕਰੇਗਾ, ਫਿਰ ਭਾਵੇਂ ਉਹ ਕਿਸੇ ਵੀ ਅਹੁਦੇ ਉੱਤੇ ਕਿਉਂ ਨਾ ਹੋਵੇ ਜਾਂ ਸੱਤਾ ਨਾਲ ਕਿੰਨੀ ਵੀ ਨੇੜਤਾ ਰੱਖਦਾ ਹੋਵੇ, ਉਸ ਨੂੰ ਨਿਆਂ ਵਿਭਾਗ ਜਵਾਬਦੇਹ ਠਹਿਰਾਉਣ ਲਈ ਅਣਥੱਕ ਯਤਨ ਕਰੇਗਾ।
ਅਮਰੀਕੀ ਅਟਾਰਨੀ ਡੈਮੀਅਨ ਵਿਲੀਅਮਜ਼ ਨੇ ਕਿਹਾ, “ ਪਿਛਲੇ ਸਾਲ ਇਸ ਦਫ਼ਤਰ ਨੇ ਨਿਖਿਲ ਗੁਪਤਾ ’ਤੇ ਅਮਰੀਕਾ ਦੀ ਧਰਤੀ ’ਤੇ ਭਾਰਤੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਦੇ ਕਤਲ ਦੀ ਸਾਜਿਸ਼ ਦਾ ਇਲਜ਼ਾਮ ਲਾਇਆ ਸੀ। ਲੇਕਿਨ ਜਿਵੇਂ ਕਿ ਇਲਜ਼ਾਮ ਹੈ ਕਿ ਉਸ ਨੇ ਇਹ ਕਾਰਾ ਇਕੱਲੇ ਨਹੀਂ ਕੀਤਾ ਸੀ। ਅੱਜ ਅਸੀਂ ਇੱਕ ਭਾਰਤੀ ਸਰਕਾਰੀ ਮੁਲਾਜ਼ਮ ਵਿਕਾਸ ਯਾਦਵ ਦੇ ਖਿਲਾਫ਼ ਇਲਜ਼ਾਮਾਂ ਦਾ ਐਲਾਨ ਕਰਦੇ ਹਾਂ, ਜਿਸ ਨੇ ਭਾਰਤ ਤੋਂ ਇਹ ਸਾਜਿਸ਼ ਰਚੀ ਅਤੇ ਨਿਖਿਲ ਗੁਪਤਾ ਨੂੰ ਪੀੜਤ ਦਾ ਕਤਲ ਕਰਨ ਲਈ ਇੱਕ ਹਤਿਆਰੇ ਨੂੰ ਸੁਪਾਰੀ ਦੇਣ ਦੇ ਹੁਕਮ ਦਿੱਤੇ।”
ਵਿਲੀਅਮਜ਼ ਨੇ ਇਹ ਵੀ ਕਿਹਾ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਨ ਵਾਲੇ ਸਾਰੇ ਲੋਕਾਂ ਲਈ ਇਹ ਮਾਮਲਾ ਇੱਕ ਚਿਤਾਵਨੀ ਦੀ ਤਰ੍ਹਾਂ ਹੈ।
ਵਿਕਾਸ ਯਾਦਵ ਬਾਰੇ ਕੀ ਕੁਝ ਪਤਾ ਹੈ?
ਅਮਰੀਕਾ ਵੱਲੋਂ ਦਾਇਰ ਕੀਤੇ ਗਏ ਇਲਜ਼ਾਮਾਂ ਦੇ ਮੁਤਾਬਕ ਵਿਕਾਸ ਯਾਦਵ ਉਰਫ਼ ਅਮਾਨਤ ਭਾਰਤ ਸਰਕਾਰ ਦੇ ਕੈਬਨਿਟ ਸਕੱਤਰੇਤ ਵਿੱਚ ਕੰਮ ਕਰਦੇ ਸਨ ਜੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਦਫ਼ਤਰ ਦਾ ਇੱਕ ਹਿੱਸਾ ਹੈ।
ਅਮਰੀਕਾ ਦੇ ਅਨੁਸਾਰ ਯਾਦਵ ਭਾਰਤ ਦੀ ਸੂਹੀਆ ਏਜੰਸੀ ਰਾਅ ਦੇ ਲਈ ਕੰਮ ਕਰਦੇ ਸਨ ਜੋ ਕਿ ਕੈਬਨਿਟ ਸਕੱਤਰੇਤ ਦਾ ਹਿੱਸਾ ਹੈ।
ਅਮਰੀਕਾ ਦੇ ਨਿਆਂ ਵਿਭਾਗ ਨੇ ਕਿਹਾ ਹੈ ਕਿ ਵਿਕਾਸ ਯਾਦਵ ਨੇ ਆਪਣਾ ਅਹੁਦਾ ‘ਸੀਨੀਅਰ ਫੀਲਡ ਅਫ਼ਸਰ’ ਦਾ ਦੱਸਿਆ ਹੈ, ਜਿਸ ਦੀਆਂ ਜ਼ਿੰਮੇਵਾਰੀਆਂ ਵਿੱਚ ‘ਸੁਰੱਖਿਆ ਬੰਦੋਬਸਤ’ ਅਤੇ ‘ਸੂਹੀਆ ਬੰਦੋਬਸਤ’ ਸ਼ਾਮਿਲ ਹਨ।
ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਯਾਦਵ ਨੇ ਆਪਣੇ ਰੁਜ਼ਗਾਰ ਦਾਤੇ ਦਾ ਪਤਾ ਨਵੀਂ ਦਿੱਲੀ ਵਿੱਚ ਸੀਜੀਓ ਕੰਪਲੈਕਸ ਵਜੋਂ ਲਿਖਿਆ ਹੈ, ਜਿੱਥੇ ਰਾਅ ਦਾ ਮੁੱਖ ਦਫ਼ਤਰ ਹੈ।
ਇਸ ਦੇ ਨਾਲ ਹੀ ਅਮਰੀਕੀ ਨਿਆਂ ਵਿਭਾਗ ਦਾ ਕਹਿਣਾ ਹੈ ਕਿ ਯਾਦਵ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ ਵਿੱਚ ਵੀ ਕੰਮ ਕੀਤਾ ਹੈ, ਜੋ ਕਿ ਭਾਰਤ ਦਾ ਸਭ ਤੋਂ ਵੱਡਾ ਨੀਮ ਫੌਜੀ ਬਲ ਹੈ। ਯਾਦਵ ਨੇ ਉੱਥੇ ਆਪਣਾ ਅਹੁਦਾ ‘ਸਹਾਇਕ ਕਮਾਂਡੈਂਟ’ ਦਾ ਦੱਸਿਆ ਹੈ, ਜਿਸ ਦੇ ਕੋਲ 135 ਲੋਕਾਂ ਦੀ ਕੰਪਨੀ ਦੀ ਕਮਾਂਡ ਸੀ।
ਅਮਰੀਕਾ ਨੇ ਕਿਹਾ ਹੈ ਕਿ ਯਾਦਵ ਬਾਰੇ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਕਾਊਂਟਰ ਇੰਟੈਲੀਜੈਂਸ, ਬੈਟਲ-ਕ੍ਰਾਫਟ, ਹਥਿਆਰ ਅਤੇ ਪੈਰਾਟਰੂਪ ਦੀ ਸਿਖਲਾਈ ਹਾਸਲ ਕੀਤੀ ਹੈ।
ਨਿਖਿਲ ਗੁਪਤਾ ਕੌਣ ਹੈ ?
ਅਮਰੀਕਾ ਦਾ ਕਹਿਣਾ ਹੈ ਕਿ 53 ਸਾਲਾ ਨਿਖਿਲ ਗੁਪਤਾ ਉਰਫ਼ ਨਿੱਕ ਇੱਕ ਭਾਰਤੀ ਨਾਗਰਿਕ ਹਨ ਜੋ ਕਿ ਭਾਰਤ ਵਿੱਚ ਰਹਿੰਦੇ ਸਨ ਅਤੇ ਵਿਕਾਸ ਯਾਦਵ ਦੇ ਸਹਿਯੋਗੀ ਰਹੇ ਹਨ।
ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ ਨਿਖਿਲ ਗੁਪਤਾ ਨੇ ਵਿਕਾਸ ਯਾਦਵ ਅਤੇ ਹੋਰ ਲੋਕਾਂ ਨਾਲ ਹੋਈ ਆਪਣੀ ਗੱਲਬਾਤ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹ ਕੌਮਾਂਤਰੀ ਪੱਧਰ ਉੱਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਿਲ ਹੈ।
ਪਿਛਲੇ ਸਾਲ ਅਮਰੀਕੀ ਨਿਆਂ ਵਿਭਾਗ ਨੇ ਗੁਪਤਾ ਦੇ ਖਿਲਾਫ ਗੁਰਪਤਵੰਤ ਸਿੰਘ ਪੰਨੂ ਕਤਲ ਮਾਮਲੇ ਵਿੱਚ ਭਾੜੇ ’ਤੇ ਕਤਲ ਦਾ ਇਲਜ਼ਾਮ ਲਾਉਂਦਿਆਂ ਇੱਕ ਕਾਨੂੰਨੀ ਦਾਅਵਾ ਖੋਲ੍ਹਿਆ ਗਿਆ ਸੀ। 30 ਜੂਨ, 2023 ਨੂੰ ਗੁਪਤਾ ਨੂੰ ਚੈੱਕ ਗਣਰਾਜ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਫਿਰ ਅਮਰੀਕਾ ਅਤੇ ਚੈੱਕ ਗਣਰਾਜ ਦਰਮਿਆਨ ਦੁਵੱਲੀ ਹਵਾਲਗੀ ਸੰਧੀ ਦੇ ਤਹਿਤ ਨਿਖਿਲ ਗੁਪਤਾ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ।
ਵਿਕਾਸ ਯਾਦਵ ਅਤੇ ਨਿਖਿਲ ਗੁਪਤਾ ਦਾ ਕੀ ਸਬੰਧ ਹੈ?
ਅਮਰੀਕੀ ਨਿਆਂ ਵਿਭਾਗ ਦਾ ਕਹਿਣਾ ਹੈ ਕਿ ਮਈ 2023 ਵਿੱਚ ਵਿਕਾਸ ਯਾਦਵ ਨੇ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕਥਿਤ ਸਾਜਿਸ਼ ਘੜਨ ਲਈ ਨਿਖਿਲ ਗੁਪਤਾ ਨੂੰ ਭਰਤੀ ਕੀਤਾ ਸੀ।
ਅਮਰੀਕਾ ਦਾ ਕਹਿਣਾ ਹੈ ਕਿ ਵਿਕਾਸ ਯਾਦਵ ਦੇ ਹੁਕਮਾਂ ਉੱਤੇ ਹੀ ਨਿਖਿਲ ਗੁਪਤਾ ਨੇ ਪੰਨੂ ਦਾ ਕਤਲ ਕਰਨ ਲਈ ਕਿਸੇ ਹਿਟਮੈਨ ਨੂੰ ਭਰਤੀ ਕਰਨ ਲਈ ਇੱਕ ਅਜਿਹੇ ਵਿਅਕਤੀ ਨਾਲ ਸੰਪਰਕ ਕੀਤਾ, ਜਿਸ ਬਾਰੇ ਗੁਪਤਾ ਨੂੰ ਲੱਗਦਾ ਸੀ ਕਿ ਉਹ ਇੱਕ ਅਪਰਾਧਿਕ ਸਹਿਯੋਗੀ ਹੈ ਪਰ ਅਸਲ ਵਿੱਚ ਉਹ ਅਮਰੀਕਾ ਦੇ ਡਰੱਗ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ (ਡੀਈਏ) ਨਾਲ ਕੰਮ ਕਰਨ ਵਾਲਾ ਇੱਕ ਖੁਫ਼ੀਆ ਸਰੋਤ ਸੀ। ਇਸ ਖੁਫ਼ੀਆ ਸਰੋਤ ਨੇ ਗੁਪਤਾ ਨੂੰ ਇੱਕ ਕਥਿਤ ਹਿਟਮੈਨ ਨਾਲ ਮਿਲਵਾਇਆ, ਜੋ ਕਿ ਅਸਲ ਵਿੱਚ ਡੀਈਏ ਦਾ ਇੱਕ ਅੰਡਰਕਵਰ ਅਫ਼ਸਰ ਸੀ।
ਨਿਖਿਲ ਗੁਪਤਾ ਨੇ ਜੋ ਡੀਲ ਕੀਤੀ ਸੀ ਉਸ ਦੇ ਅਨੁਸਾਰ ਵਿਕਾਸ ਯਾਦਵ ਨੇ ਪੰਨੂ ਦੇ ਕਤਲ ਲਈ ਹਿਟਮੈਨ ਨੂੰ ਇੱਕ ਲੱਖ ਅਮਰੀਕੀ ਡਾਲਰ ਦੇਣ ਦੀ ਹਾਮੀ ਭਰੀ ਸੀ।
ਨੌਂ ਜੂਨ, 2023 ਨੂੰ ਵਿਕਾਸ ਯਾਦਵ ਅਤੇ ਨਿਖਿਲ ਗੁਪਤਾ ਨੇ ਇੱਕ ਸਹਿਯੋਗੀ ਤੋਂ ਕਤਲ ਦੇ ਲਈ ਪੇਸ਼ਗੀ ਵਜੋਂ ਹਿਟਮੈਨ ਨੂੰ 15,000 ਅਮਰੀਕੀ ਡਾਲਰ ਨਗਦ ਦੇਣ ਦਾ ਪ੍ਰਬੰਧ ਕੀਤਾ ਅਤੇ ਫਿਰ ਯਾਦਵ ਦੇ ਇੱਕ ਸਹਿਯੋਗੀ ਨੇ ਮੈਨਹਟਨ ਵਿਖੇ ਇਹ ਪੈਸਾ ਹਿਟਮੈਨ ਨੂੰ ਸੌਂਪਿਆ।
ਸਾਜਿਸ਼ ਕਿਵੇਂ ਰਚੀ ਗਈ?
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੂਨ 2023 ਵਿੱਚ ਕਤਲ ਦੀ ਸਾਜਿਸ਼ ਨੂੰ ਅੱਗੇ ਵਧਾਉਣ ਦੇ ਲਈ ਵਿਕਾਸ ਯਾਦਵ ਨੇ ਨਿਖਿਲ ਗੁਪਤਾ ਨੂੰ ਪੰਨੂ ਦੇ ਬਾਰੇ ਵਿੱਚ ਨਿੱਜੀ ਜਾਣਕਾਰੀ ਦਿੱਤੀ, ਜਿਸ ਵਿੱਚ ਨਿਊਯਾਰਕ ਸਿਟੀ ਵਿੱਚ ਪੰਨੂ ਦੇ ਘਰ ਦਾ ਪਤਾ, ਉਨ੍ਹਾਂ ਨਾਲ ਜੁੜੇ ਫੋਨ ਨੰਬਰ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸ਼ਾਮਿਲ ਸੀ। ਗੁਪਤਾ ਨੇ ਇਹ ਸਾਰੀ ਜਾਣਕਾਰੀ ਹਿਟਮੈਨ ਨੂੰ ਦੇ ਦਿੱਤੀ।
ਅਮਰੀਕੀ ਨਿਆਂ ਵਿਭਾਗ ਵੱਲੋਂ ਲਾਏ ਗਏ ਇਲਜ਼ਾਮਾਂ ਦੇ ਅਨੁਸਾਰ ਵਿਕਾਸ ਯਾਦਵ ਨੇ ਨਿਖਿਲ ਗੁਪਤਾ ਨੂੰ ਕਤਲ ਦੀ ਸਾਜਿਸ਼ ਕਿਵੇਂ ਅੱਗੇ ਵੱਧ ਰਹੀ ਹੈ ਉਸ ਬਾਰੇ ਨਿਯਮਿਤ ਅਪਡੇਟ ਦੇਣ ਲਈ ਕਿਹਾ। ਨਿਖਿਲ ਗੁਪਤਾ ਨੇ ਪੰਨੂ ਦੀ ਨਿਗਰਾਨੀ ਦੌਰਾਨ ਖਿੱਚੀਆਂ ਤਸਵੀਰਾਂ ਯਾਦਵ ਨੂੰ ਭੇਜ ਕੇ ਅਪਡੇਟ ਦਿੱਤਾ।
ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਗੁਪਤਾ ਨੇ ਹਿਟਮੈਨ ਨੂੰ ਜਲਦੀ ਤੋਂ ਜਲਦੀ ਇਸ ਕਤਲ ਨੂੰ ਅੰਜਾਮ ਦੇਣ ਲਈ ਕਿਹਾ ਪਰ ਇਸ ਦੇ ਨਾਲ ਇਹ ਵੀ ਕਿਹਾ ਕਿ ਇਹ ਕਤਲ ਭਾਰਤੀ ਪ੍ਰਧਾਨ ਮੰਤਰੀ ਦੀ ਅਮਰੀਕਾ ਦੇ ਸਰਕਾਰੀ ਦੌਰੇ ਦੇ ਨੇੜੇ ਨਾ ਕੀਤਾ ਜਾਵੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਯਾਤਰਾ 20 ਜੂਨ, 2023 ਦੇ ਆਸ-ਪਾਸ ਸ਼ੁਰੂ ਹੋਣੀ ਸੀ।
‘ਹੁਣ ਤਰਜੀਹ ਇਹ ਹੈ’
18 ਜੂਨ, 2023 ਨੂੰ ਭਾਰਤੀ ਪ੍ਰਧਾਨ ਮੰਤਰੀ ਦੇ ਅਮਰੀਕਾ ਦੌਰੇ ਤੋਂ ਤਕਰੀਬਨ 2 ਦਿਨ ਪਹਿਲਾਂ ਨਕਾਬਪੋਸ਼ ਬੰਦੂਕਦਾਰੀਆਂ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ। ਨਿੱਝਰ ਗੁਰਪਤਵੰਤ ਸਿੰਘ ਪੰਨੂ ਦੇ ਸਹਿਯੋਗੀ ਸਨ ਅਤੇ ਪੰਨੂ ਦੀ ਤਰ੍ਹਾਂ ਹੀ ਸਿੱਖ ਵੱਖਵਾਦੀ ਲਹਿਰ ਦੇ ਆਗੂ ਸਨ ਅਤੇ ਉਹ ਭਾਰਤ ਸਰਕਾਰ ਦੇ ਸਖ਼ਤ ਆਲੋਚਕ ਵੀ ਸਨ।
ਅਮਰੀਕੀ ਅਦਾਲਤ ਵਿੱਚ ਦਰਜ ਕੀਤੇ ਗਏ ਇਲਜ਼ਾਮਾਂ ਵਿੱਚ ਕਿਹਾ ਗਿਆ ਹੈ ਕਿ 19 ਜੂਨ, 2023 ਨੂੰ ਨਿੱਝਰ ਦੇ ਕਤਲ ਤੋਂ ਅਗਲੇ ਹੀ ਦਿਨ ਨਿਖਿਲ ਗੁਪਤਾ ਨੇ ਹਿਟਮੈਨ ਨੂੰ ਕਿਹਾ ਕਿ ਨਿੱਝਰ ਵੀ ‘ਨਿਸ਼ਾਨਾ’ ਸੀ ਅਤੇ ‘ਸਾਡੇ ਕੋਲ ਹੋਰ ਬਹੁਤ ਸਾਰੇ ਨਿਸ਼ਾਨੇ ਹਨ’।
ਇਲਜ਼ਾਮਾਂ ਦੇ ਅਨੁਸਾਰ ਨਿਖਿਲ ਗੁਪਤਾ ਨੇ ਕਿਹਾ ਕਿ ਨਿੱਝਰ ਦੇ ਕਤਲ ਦੇ ਮੱਦੇਨਜ਼ਰ ਪੰਨੂ ਨੂੰ ਮਾਰਨ ਲਈ ‘ਹੁਣ ਇੰਤਜ਼ਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।’
ਅਮਰੀਕੀ ਨਿਆਂ ਵਿਭਾਗ ਦਾ ਕਹਿਣਾ ਹੈ ਕਿ 20 ਜੂਨ, 2023 ਨੂੰ ਵਿਕਾਸ ਯਾਦਵ ਨੇ ਗੁਪਤਾ ਨੂੰ ਪੰਨੂ ਦੇ ਬਾਰੇ ਇੱਕ ਨੋਟ ਭੇਜਿਆ ਅਤੇ ਨਾਲ ਹੀ ਇੱਕ ਸੁਨੇਹਾ ਦਿੱਤਾ ਕਿ ‘ਹੁਣ ਤਰਜੀਹ ਇਹ ਹੈ।’
ਕੀ ਭਾਰਤ ਵਿਕਾਸ ਯਾਦਵ ਨੂੰ ਅਮਰੀਕਾ ਦੇ ਹਵਾਲੇ ਕਰੇਗਾ?
ਇਸ ਪੂਰੇ ਘਟਨਾਕ੍ਰਮ ਦੌਰਾਨ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਭਾਰਤ ਨੂੰ ਵਿਕਾਸ ਯਾਦਵ ਨੂੰ ਅਮਰੀਕਾ ਦੇ ਹਵਾਲੇ ਕਰਨਾ ਪਵੇਗਾ?
ਭਾਰਤ ਅਤੇ ਅਮਰੀਕਾ ਦਰਮਿਆਨ ਹਵਾਲਗੀ ਸੰਧੀ ਸਾਲ 1997 ਵਿੱਚ ਹੋਈ ਸੀ। ਇਸ ਸੰਧੀ ਦੇ ਤਹਿਤ ਇਹ ਸੰਭਾਵਨਾ ਹੈ ਕਿ ਅਮਰੀਕਾ ਵਿਕਾਸ ਯਾਦਵ ਦੀ ਹਵਾਲਗੀ ਭਾਰਤ ਤੋਂ ਲੈਣਾ ਚਾਹੇਗਾ।
ਪ੍ਰੋਫੈਸਰ ਹਰਸ਼ ਵੀ ਪੰਤ ਨਵੀਂ ਦਿੱਲੀ ਸਥਿਤ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਅਧਿਐਨ ਅਤੇ ਵਿਦੇਸ਼ ਨੀਤੀ ਵਿਭਾਗ ਦੇ ਉਪ ਚੇਅਰਮੈਨ ਹਨ।
ਕੀ ਭਾਰਤ ਅਤੇ ਅਮਰੀਕਾ ਦਰਮਿਆਨ ਹਵਾਲਗੀ ਸੰਧੀ ਦੇ ਤਹਿਤ ਭਾਰਤ ਨੂੰ ਵਿਕਾਸ ਯਾਦਵ ਨੂੰ ਅਮਰੀਕਾ ਦੇ ਹਵਾਲੇ ਕਰਨਾ ਪੈ ਸਕਦਾ ਹੈ?
ਇਸ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਕਿਹਾ ਕਿ “ਮੇਰੀ ਆਪਣੀ ਸਮਝ ਇਹ ਹੈ ਕਿ ਦੋਵਾਂ ਦੇਸਾਂ ਨੂੰ ਅਦਾਲਤਾਂ ਤੋਂ ਪਰ੍ਹੇ ਕੋਈ ਸਮਝੌਤਾ ਕਰਨਾ ਪਵੇਗਾ, ਕਿਉਂਕਿ ਇਸ ਨਾਲ ਮੁਸ਼ਕਿਲਾਂ ਦਾ ਹੱਲ ਹੋਣ ਦੀ ਥਾਂ ਹੋਰ ਮੁਸ਼ਕਿਲਾਂ ਪੈਦਾ ਹੋਣਗੀਆਂ। ਯਕੀਨੀ ਤੌਰ ’ਤੇ ਕੋਈ ਵੀ ਸਰਕਾਰ ਨਹੀਂ ਚਾਹੇਗੀ ਕਿ ਉਹ ਕਿਸੇ ਸਾਬਕਾ ਖੁਫ਼ੀਆ ਅਧਿਕਾਰੀ ਦੀ ਹਵਾਲਗੀ ਹੋਣ ਦੇਵੇ। ਮੈਨੂੰ ਲੱਗਦਾ ਹੈ ਕਿ ਭਾਰਤ ਅਤੇ ਅਮਰੀਕਾ ਨੂੰ ਇਸ ਮੁੱਦੇ ਨੂੰ ਸੁਲਝਾਉਣ ਲਈ ਕਿਸੇ ਹੋਰ ਤਰੀਕੇ ਦੀ ਭਾਲ ਕਰਨੀ ਚਾਹੀਦੀ ਹੈ।”
ਪ੍ਰੋ. ਪੰਤ ਦੇ ਅਨੁਸਾਰ, “ਆਖਰਕਾਰ ਇਹ ਸਾਰੇ ਸਿਆਸੀ ਫੈਸਲੇ ਹਨ।”
ਉਨ੍ਹਾਂ ਦਾ ਕਹਿਣਾ ਹੈ ਕਿ “ਇੱਕ ਵਾਰ ਜਦੋਂ ਰੌਸ਼ਨੀ ਹਟ ਜਾਂਦੀ ਹੈ ਤਾਂ ਤੁਸੀਂ ਕਈ ਚੀਜ਼ਾਂ ਕਰ ਸਕਦੇ ਹੋ, ਪਰ ਜਦੋਂ ਤੱਕ ਰੌਸ਼ਨੀ ਰਹਿੰਦੀ ਹੈ, ਉਦੋਂ ਤੱਕ ਅਜਿਹਾ ਕਰਨਾ ਮੁਸ਼ਕਿਲ ਵੀ ਹੈ।”
ਪੰਤ ਅੱਗੇ ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਅਮਰੀਕੀ ਪ੍ਰਣਾਲੀ ਦੀਆਂ ਕਾਨੂੰਨੀ ਬਾਰੀਕੀਆਂ ਵੀ ਸ਼ਾਮਿਲ ਹਨ ਅਤੇ ਇਨ੍ਹਾਂ ਸੀਮਾਵਾਂ ਦੇ ਅੰਦਰ ਰਹਿੰਦੇ ਹੋਏ ਕਿਸ ਗੱਲ ਉੱਤੇ ਸਹਿਮਤੀ ਹੋ ਸਕਦੀ ਹੈ, ਇਹ ਯਕੀਨੀ ਹੀ ਇੱਕ ਸਿਆਸੀ ਸਵਾਲ ਹੋਵੇਗਾ।”
ਦੋਵਾ ਦੇਸਾਂ ਵਿਚਾਲੇ ਹਵਾਲਗੀ ਸੰਧੀ ਹੋਣ ਦੇ ਬਾਵਜੂਦ ਅਮਰੀਕਾ ਨੇ ਪਿਛਲੇ ਸਮੇਂ ਵਿੱਚ 26/11 ਮੁਬੰਈ ਹਮਲੇ ਦੇ ਦੋਸ਼ੀ ਡੇਵਿਡ ਕੋਲਮੈਨ ਹੇਡਲੀ ਨੂੰ ਭਾਰਤ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕੀ ਹੁਣ ਵਿਕਾਸ ਯਾਦਵ ਦੇ ਮਾਮਲੇ ’ਚ ਭਾਰਤ ਵੀ ਅਜਿਹਾ ਕਰ ਸਕਦਾ ਹੈ?
ਪ੍ਰੋ. ਪੰਤ ਕਹਿੰਦੇ ਹਨ, “ ਖੁਫ਼ੀਆ ਅਧਿਕਾਰੀਆਂ ਨਾਲ ਜੁੜੇ ਜ਼ਿਆਦਾਤਰ ਮਾਮਲਿਆਂ ਵਿੱਚ ਤੁਹਾਡੇ ਕੋਲ ਸਿਸਟਮ ਦੇ ਅੰਦਰ ਤੰਤਰ ਉਪਲਬਧ ਹਨ ਅਤੇ ਮੈਨੂੰ ਲੱਗਦਾ ਹੈ ਕਿ ਢਾਂਚਾ ਤੁਹਾਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ। ਤੁਸੀਂ ਪੇਚਦਗੀਆਂ ਪੈਦਾ ਕਰ ਸਕਦੇ ਹੋ, ਤੁਸੀਂ ਦੇਰੀ ਕਰ ਸਕਦੇ ਹੋ ਅਤੇ ਧਿਆਨ ਵੀ ਭਟਕਾ ਸਕਦੇ ਹੋ, ਪ੍ਰਸੰਗ ਬਦਲ ਸਕਦੇ ਹੋ ਅਤੇ ਤੁਸੀਂ ਕਾਨੂੰਨੀ ਵਿਆਖਿਆ ਨੂੰ ਕੁਝ ਇਸ ਤਰ੍ਹਾਂ ਅੱਗੇ ਵਧਾ ਸਕਦੇ ਹੋ ਕਿ ਯਾਦਵ ਨੂੰ ਅਮਰੀਕਾ ਦੇ ਹਵਾਲੇ ਕਰਨ ਤੋਂ ਰੋਕਿਆ ਜਾ ਸਕੇ।
ਲੇਕਿਨ ਇਸ ਦੇ ਨਾਲ ਹੀ ਪ੍ਰੋਫੈਸਰ ਪੰਤ ਇਹ ਵੀ ਕਹਿੰਦੇ ਹਨ ਕਿ ਕਿਉਂਕਿ ਇਸ ਮਾਮਲੇ ਵਿੱਚ ਭਾਰਤ ਨੇ ਬਹੁਤ ਜਲਦੀ ਕਿਹਾ ਕਿ ਉਹ ਜਾਂਚ ਵਿਚ ਮਦਦ ਅਤੇ ਸਹਿਯੋਗ ਕਰ ਰਿਹਾ ਹੈ, ਇਸ ਲਈ ਇਸ ਮਾਮਲੇ ਵਿੱਚ ਦੋਵਾਂ ਦੇਸਾ ਦਰਮਿਆਨ ਕੋਈ ਖਟਾਸ ਨਹੀਂ ਹੈ।
ਉਹ ਕਹਿੰਦੇ ਹਨ, “ਅਮਰੀਕੀਆਂ ਨੇ ਇਸ ਨੂੰ ਸਵੀਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਸੰਤੁਸ਼ਟ ਹਨ। ਕੈਨੇਡਾ ਦੇ ਨਾਲ ਚੱਲ ਰਹੇ ਮਾਮਲੇ ਦੇ ਉਲਟ, ਇੱਥੇ ਸਥਿਤੀ ਬਹੁਤ ਵੱਖਰੀ ਹੈ।”
ਇਸ ਮਾਮਲੇ ’ਚ ਭਾਰਤ ਸਰਕਾਰ ਦਾ ਕੀ ਕਹਿਣਾ ਹੈ?
ਭਾਰਤ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਵਿੱਚ ਅਮਰੀਕਾ ਦਾ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਵੱਲੋਂ ਹੁਣ ਤੱਕ ਮਿਲੇ ਸਹਿਯੋਗ ਤੋਂ ਸੰਤੁਸ਼ਟ ਹੈ।
ਵੀਰਵਾਰ (17 ਅਕਤੂਬਰ, 2024) ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵਿਕਾਸ ਯਾਦਵ ਦਾ ਨਾਮ ਲਏ ਬਿਨਾਂ ਕਿਹਾ ਸੀ ਕਿ ਅਮਰੀਕੀ ਨਿਆਂ ਵਿਭਾਗ ਵੱਲੋਂ ਲਾਏ ਗਏ ਇਲਜ਼ਾਮਾਂ ਵਿੱਚ ਜਿਸ ਵਿਅਕਤੀ ਦਾ ਨਾਮ ਹੈ ਉਹ ਹੁਣ ਭਾਰਤ ਸਰਕਾਰ ਦਾ ਮੁਲਾਜ਼ਮ ਨਹੀਂ ਹੈ।
ਇੱਕ ਸਵਾਲ ਦੇ ਜਵਾਬ ’ਚ ਜੈਸਵਾਲ ਨੇ ਕਿਹਾ, “ਮੈਂ ਹੁਣੇ ਪੁਸ਼ਟੀ ਕੀਤੀ ਹੈ ਕਿ ਹਾਂ, ਇਹ ਵਿਸ਼ੇਸ਼ ਸੱਜਣ, ਉਹ ਹੁਣ ਭਾਰਤ ਸਰਕਾਰ ਦੇ ਢਾਂਚੇ ਦਾ ਹਿੱਸਾ ਨਹੀਂ ਹਨ। ਉਹ ਕੋਈ ਕਰਮਚਾਰੀ ਨਹੀਂ ਹਨ। ਇਸ ਤੋਂ ਇਲਾਵਾ ਮੇਰੇ ਕੋਲ ਤੁਹਾਡੇ ਨਾਲ ਸਾਂਝਾ ਕਰਨ ਲਈ ਹੋਰ ਕੁਝ ਵੀ ਨਹੀਂ ਹੈ।”
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਨਾਲ ਜੁੜੀ ਇੱਕ ਉੱਚ ਪੱਧਰੀ ਜਾਂਚ ਕਮੇਟੀ ਦੇ ਮੈਂਬਰ ਅਮਰੀਕਾ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਜਾਂਚ ਕਮੇਟੀ ਦਾ ਗਠਨ ਨਵੰਬਰ 2023 ਵਿੱਚ ਉਨ੍ਹਾਂ ਇਨਪੁਟਸ ਦੀ ਜਾਂਚ ਕਰਨ ਲਈ ਕੀਤਾ ਗਿਆ ਸੀ, ਜੋ ਕਿ ਅਮਰੀਕਾ ਨੇ ਭਾਰਤ ਦੇ ਨਾਲ ਸਾਂਝੇ ਕੀਤੇ ਸਨ।
ਜੈਸਵਾਲ ਨੇ ਕਿਹਾ, “ਅਸੀਂ ਇਨ੍ਹਾਂ ਇਨਪੁਟਸ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ ਅਤੇ ਅਸੀਂ ਇਸ ਮਾਮਲੇ ਉੱਤੇ ਅਮਰੀਕਾ ਦੇ ਪੱਖ ਨਾਲ ਜੁੜੇ ਹੋਏ ਹਾਂ। ਉੱਚ ਪੱਧਰੀ ਕਮੇਟੀ ਦੇ 2 ਮੈਂਬਰ ਉੱਥੇ ਗਏ ਹਨ ਅਤੇ ਉਨ੍ਹਾਂ ਨੇ ਅਮਰੀਕੀ ਧਿਰ ਦੇ ਨਾਲ ਬੈਠਕਾਂ ਕੀਤੀਆਂ ਹਨ।”
ਇਸ ਸਾਲ ਸਤੰਬਰ ਮਹੀਨੇ ਗੁਰਪਤਵੰਤ ਸਿੰਘ ਪੰਨੂ ਨੇ ਅਮਰੀਕਾ ਦੀ ਇੱਕ ਅਦਾਲਤ ’ਚ ਭਾਰਤ ਸਰਕਾਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਰਾਅ ਚੀਫ਼ ਸਾਮੰਤ ਗੋਇਲ ਅਤੇ ਹੋਰਨਾਂ ਖਿਲਾਫ਼ ਕੇਸ ਦਾਇਰ ਕੀਤਾ ਸੀ।
ਇਸ ਮੁਕੱਦਮੇ ਵਿੱਚ ਪੰਨੂ ਨੇ ਭਾਰਤ ਸਰਕਾਰ ਉੱਤੇ ਉਨ੍ਹਾਂ ਦੇ ਕਤਲ ਦੀ ਕਥਿਤ ਕੋਸ਼ਿਸ਼ ਦਾ ਇਲਜ਼ਾਮ ਲਾਇਆ ਸੀ ਅਤੇ ਹਰਜਾਨੇ ਦੀ ਮੰਗ ਕੀਤੀ ਸੀ। ਅਮਰੀਕੀ ਅਦਾਲਤ ਨੇ ਇਸ ਮਾਮਲੇ ’ਚ ਨਾਮਜ਼ਦ ਲੋਕਾਂ ਨੂੰ ਸੰਮਨ ਜਾਰੀ ਕੀਤੇ ਸਨ।
ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਸ ਨੂੰ ‘ਪੂਰੀ ਤਰ੍ਹਾਂ ਨਾਲ ਅਣਉਚਿਤ ਮਾਮਲਾ’ ਦੱਸਦਿਆਂ ਕਿਹਾ ਕਿ ਪੰਨੂ ਦੇ ਸਬੰਧ ਵਿੱਚ ਇਹ ਗੱਲ ਸਾਫ਼ ਹੈ ਕਿ ਉਹ ਇੱਕ ਗੈਰ-ਕਾਨੂੰਨੀ ਸੰਗਠਨ ਨਾਲ ਜੁੜੇ ਹੋਏ ਹਨ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)