ਅਸੀਂ ਆਪਣੀ ਨਿੱਜਤਾ ਤੇ ਕੁਕੀਜ਼ ਪਾਲਿਸੀ ਨੂੰ ਅਪਡੇਟ ਕਰ ਦਿੱਤਾ ਹੈ
ਅਸੀਂ ਆਪਣੀ ਨਿੱਜਤਾ ਤੇ ਕੁਕੀਜ਼ ਪਾਲਿਸੀ ਵਿੱਚ ਕੁਝ ਮਹੱਤਵਪੂਰਨ ਬਦਲਾਅ ਕੀਤੇ ਹਨ ਅਤੇ ਅਸੀਂ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੇ ਤੁਹਾਡੇ ਡਾਟਾ ਲਈ ਇਸ ਦੇ ਕੀ ਮਾਅਨੇ ਹਨ।
ਨੌਜਵਾਨਾਂ ਵਿੱਚ ਕੈਂਸਰ ਦੀਆਂ ਕਿਹੜੀਆਂ ਕਿਸਮਾਂ ਦੇ ਮਾਮਲੇ ਵੱਧ ਸਾਹਮਣੇ ਆ ਰਹੇ ਹਨ, ਜਾਣੋ ਕਿਹੜੇ ਕਾਰਨਾਂ ਕਰਕੇ ਇਹ ਵਾਧਾ ਹੋਇਆ
ਜੋ ਲੋਕ ਅਜੇ ਆਪਣੀ ਉਮਰ ਦੇ ਵੀਹਵਿਆਂ, ਤੀਹਵਿਆਂ ਅਤੇ ਚਾਲੀਵਿਆਂ ਵਿੱਚ ਹਨ, ਉਨ੍ਹਾਂ ਵਿੱਚ ਵੀ ਛਾਤੀ, ਗੁਦਾ ਅਤੇ ਹੋਰ ਕਿਸਮ ਦੇ ਕੈਂਸਰ ਦੇ ਮਾਮਲੇ ਕਾਫ਼ੀ ਜ਼ਿਆਦਾ ਸਾਹਮਣੇ ਆ ਰਹੇ ਹਨ।
20, 30 ਅਤੇ 40 ਸਾਲਾਂ ਦੇ ਲੋਕਾਂ ਵਿੱਚ ਛਾਤੀ, ਕੋਲਨ ਜਾਂ ਗੁਦੇ ਦਾ ਕੈਂਸਰ ਅਤੇ ਹੋਰ ਕੈਂਸਰਾਂ ਦੇ ਕੇਸ ਵੱਧ ਰਹੇ ਹਨ।
ਆਖਰ ਚੱਲ ਕੀ ਰਿਹਾ ਹੈ?
ਪਿਛਲੇ 10 ਸਾਲਾਂ ਦੌਰਾਨ 24 ਤੋਂ ਜ਼ਿਆਦਾ ਵੱਖ -ਵੱਖ ਦੇਸਾਂ ਵਿੱਚ 25 ਤੋਂ 49 ਸਾਲ ਦੇ ਲੋਕਾਂ ਵਿੱਚ ਗੁਦਾ ਕੈਂਸਰ ਦੀ ਦਰ ਵਿੱਚ ਵਾਧਾ ਦੇਖਿਆ ਗਿਆ ਹੈ। ਇਨ੍ਹਾਂ ਦੇਸਾਂ ਵਿੱਚ ਬ੍ਰਿਟੇਨ, ਅਮਰੀਕਾ, ਫਰਾਂਸ, ਆਸਟ੍ਰੇਲੀਆ, ਕੈਨੇਡਾ, ਨੌਰਵੇ ਅਤੇ ਅਰਜਨਟੀਨਾ ਸ਼ਾਮਿਲ ਹਨ।
ਜਿਨੇਵਾ ਵਿੱਚ ਹੋਈ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਕਾਂਗਰਸ ਵਿੱਚ ਪੇਸ਼ ਕੀਤੇ ਗਏ ਜਾਂਚ ਦੇ ਸ਼ੁਰੂਆਤੀ ਨਤੀਜੇ, ਜਿੰਨੇ ਹੈਰਾਨੀਜਨਕ ਹਨ, ਉਨੇਂ ਹੀ ਚਿੰਤਾਜਨਕ ਵੀ ਹਨ।
ਅਮਰੀਕਨ ਕੈਂਸਰ ਸੁਸਾਇਟੀ (ਏਸੀਐੱਸ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਕੈਂਸਰ ਖੋਜ ਬਾਰੇ ਕੌਮਾਂਤਰੀ ਏਜੰਸੀ ਦੇ ਖੋਜੀਆਂ ਦੀ ਟੀਮ ਨੇ ਕੈਂਸਰ ਦੇ ਰੁਝਾਨ ਨੂੰ ਸਮਝਣ ਲਈ 50 ਦੇਸਾਂ ਦੇ ਡੇਟਾ ਦਾ ਅਧਿਐਨ ਕੀਤਾ। ਇਨ੍ਹਾਂ ਵਿੱਚੋਂ 14 ਦੇਸਾਂ ਵਿੱਚ ਇਹ ਵਧਦਾ ਰੁਝਾਨ ਸਿਰਫ਼ ਨੌਜਵਾਨਾਂ ਵਿੱਚ ਦੇਖਿਆ ਗਿਆ, ਜਦਕਿ ਵਡੇਰੀ ਉਮਰ ਦੇ ਬਾਲਗਾਂ ਦੇ ਕੈਂਸਰ ਰੁਝਾਨਾਂ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਗਿਆ।
ਇਹ ਨਤੀਜੇ ਨੌਜਵਾਨਾਂ ਵਿੱਚ ਕੈਂਸਰਾਂ ਦੇ ਹੋ ਰਹੇ ਵਾਧੇ ਬਾਰੇ ਕੀਤੇ ਜਾ ਰਹੇ ਅਧਿਐਨਾਂ ਦੇ ਨਤੀਜਿਆਂ ਵਿੱਚ ਸਭ ਤੋਂ ਨਵੀਨਤਮ ਹਨ।
ਛਾਤੀ ਦੇ ਕੈਂਸਰ ਦੇ ਸੰਬੰਧ ਵਿੱਚ ਇਹ ਰੁਝਾਨ ਬਿਲਕੁਲ ਸਪਸ਼ਟ ਹੈ।
ਏਸੀਐੱਸ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ ਛਾਤੀ ਦੇ ਕੈਂਸਰ ਨਾਲ ਹੋਣ ਵਾਲੀਆਂ ਔਰਤਾਂ ਦੀਆਂ ਮੌਤਾਂ ਵਿੱਚ ਭਾਵੇਂ 10% ਦੀ ਕਮੀ ਆਈ ਹੈ ਲੇਕਿਨ ਕੇਸਾਂ ਦੀ ਦਰ ਸਾਲ ਦਰ ਸਾਲ ਸਮੁੱਚੇ ਰੂਪ ਵਿੱਚ ਲਗਭਗ 1% ਅਤੇ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਵਿੱਚ 1.4% ਪ੍ਰਤੀ ਸਾਲ ਵੱਧ ਰਹੀ ਹੈ।
ਅਧਿਐਨਾਂ ਤੋਂ ਅਜਿਹਾ ਲਗਦਾ ਹੈ, ਕਿ ਇਹ ਰੁਝਾਨ ਪਹਿਲੀ ਵਾਰ 1990 ਦੇ ਦਹਾਕੇ ਵਿੱਚ ਸ਼ੁਰੂ ਹੋਇਆ ਸੀ। ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਛੋਟੀ ਉਮਰ ਵਿੱਚ ਕੈਂਸਰ ਦੇ ਮਾਮਲਿਆਂ ਵਿੱਚ 1990 ਤੋਂ 2019 ਦੇ ਦੌਰਾਨ 79% ਦਾ ਵਾਧਾ ਹੋਇਆ। ਜਦਕਿ ਕੈਂਸਰ ਕਾਰਨ ਛੋਟੀ ਉਮਰ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 29% ਦਾ ਵਾਧਾ ਹੋਇਆ।
ਦਿ ਲੈਂਸਟ ਪਬਲਿਕ ਹੈਲਥ ਵਿੱਚ ਛਪੀ ਇੱਕ ਹੋਰ ਰਿਪੋਰਟ ਨੇ ਦੱਸਿਆ ਕਿ ਕਿਵੇਂ ਪੀੜ੍ਹੀ ਦਰ ਪੀੜ੍ਹੀ (ਐਕਸ ਪੀੜ੍ਹੀ- ਜਿਸ ਵਿੱਚ 1960ਵਿਆਂ ਤੋਂ 1980 ਦੇ ਸ਼ੁਰੂਆਤੀ ਸਾਲਾਂ ਦੌਰਾਨ ਪੈਦਾ ਹੋਏ ਲੋਕ ਸ਼ਾਮਲ ਹਨ ਅਤੇ ਮਿਲੇਨੀਅਲ- ਜਿਸ ਵਿੱਚ 1990 ਦੇ ਅੱਧ ਤੋਂ ਲੈਕੇ 2000ਵਿਆਂ ਦੇ ਸ਼ੁਰੂਆਤੀ ਸਾਲਾਂ ਵਿੱਚ ਪੈਦਾ ਹੋਏ ਲੋਕ ਸ਼ਾਮਲ ਹਨ) 17 ਵੱਖ-ਵੱਖ ਕਿਸਮ ਦੇ ਕੈਂਸਰਾਂ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਸ਼ੁਰੂਆਤੀ ਉਮਰ ਵਿੱਚ ਪੈਦਾ ਹੋਣ ਵਾਲੇ ਕੈਂਸਰਾਂ ਦਾ ਮੁੱਦਾ ਇੰਨਾ ਚਿੰਤਾਜਨਕ ਬਣ ਚੁੱਕਿਆ ਹੈ ਕਿ ਯੂਆਈਸੀਸੀ ਵਰਗੀਆਂ ਸੰਸਥਾਵਾਂ ਇਸ ਬਾਰੇ ਜਾਗਰੂਕਤਾ ਪੈਦਾ ਕਰ ਰਹੀਆਂ ਹਨ ਤਾਂ ਜੋ ਨੌਜਵਾਨ ਮਰੀਜ਼ਾਂ ਵਿੱਚ ਇਸ ਬੀਮਾਰੀ ਨੂੰ ਸ਼ੁਰੂ ਵਿੱਚ ਹੀ ਫੜਿਆ ਜਾ ਸਕੇ।
ਯੂਆਈਸੀਸੀ ਵਿੱਚ ਸੋਨਾਲੀ ਜੌਨਸਨ ਕਹਿੰਦੇ ਹਨ, “ਇੱਕ ਡਾਕਟਰ 60 ਸਾਲ ਤੋਂ ਵੱਡੀ ਉਮਰ ਦੇ ਕਿਸੇ ਵਿਅਕਤੀ ਨੂੰ ਸੁਣ ਰਿਹਾ ਹੋਵੇ ਜੋ ਮਲ ਤਿਆਗਣ ਵਿੱਚ ਮੁਸ਼ਕਿਲ, ਥੱਕਿਆ ਅਤੇ ਅਫਾਰਾ ਮਹਿਸੂਸ ਕਰਨ ਬਾਰੇ ਗੱਲ ਕਰ ਰਿਹਾ ਹੋਵੇ। ਅਤੇ ਦੂਜੇ ਪਾਸੇ, ਇੱਕ ਨੌਜਵਾਨ ਅਜਿਹੇ ਲੱਛਣਾਂ ਬਾਰੇ ਗੱਲ ਕਰ ਰਿਹਾ ਹੋਵੇ ਤਾਂ ਉਹ ਨੌਜਵਾਨ ਦੇ ਮੁਕਾਬਲੇ ਉਸ ਬਜ਼ੁਰਗ ਨੂੰ ਜ਼ਿਆਦਾ ਧਿਆਨ ਨਾਲ ਸੁਣੇਗਾ। ਇਹ ਨੌਜਵਾਨ ਉਸ ਖਾਸ ਪ੍ਰੋਫਾਈਲ ਵਿੱਚ ਫਿੱਟ ਨਹੀਂ ਬੈਠਦਾ, ਜਿਸ ਨੂੰ ਕੈਂਸਰ ਹੋ ਸਕਦਾ ਹੈ।”
ਉਹ ਅੱਗੇ ਦੱਸਦੇ ਹਨ, “ਉਹ ਇਸ ਨੂੰ ਇਰੇਟੇਬਲ ਬਾਊਲ ਸਿੰਡਰਾਮ ਜਾਂ ਕੰਮ ਦੇ ਤਣਾਅ ਵਾਲੇ ਖਾਨੇ ਵਿੱਚ ਪਾ ਦੇਣਗੇ, ਇਸ ਲਈ ਬਹੁਤ ਸਾਰੇ ਮਾਮਲੇ ਹਨ ਜਿੱਥੇ ਲੋਕਾਂ ਦੇ ਲੱਛਣਾਂ ਨੂੰ ਖੂਨ ਦੀ ਜਾਂਚ ਜਾਂ ਕੋਲੋਨੇਸਕੋਪੀ ਲਈ ਭੇਜਣ ਦੀ ਥਾਂ ਖਾਰਜ ਕਰ ਦਿੱਤਾ ਜਾਂਦਾ ਹੈ।”
ਕੈਂਸਰ ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਪੈਂਕਰਿਆਟਕ ਕੈਂਸਰ ਵਰਗੀਆਂ ਬੀਮਾਰੀਆਂ ਦੀ ਜਾਂਚ ਅਕਸਰ ਉਨ੍ਹਾਂ ਦੀ ਉਮਰ ਦੇ ਸੱਤਵੇਂ ਦਹਾਕੇ ਵਿੱਚ ਕੀਤੀ ਜਾਂਦੀ ਹੈ। ਕਈ ਵਾਰ ਮਰੀਜ਼ ਉਮੀਦ ਨਾਲੋਂ ਕਈ ਦਹਾਕੇ ਛੋਟੇ ਹੁੰਦੇ ਹਨ।
ਈਲੀਨ ਓ'ਰੀਲੀ ਨਿਊਯਾਰਕ ਵਿੱਚ ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ ਦੀ ਗੈਸਟਰੋਇੰਟੇਸਟਾਈਨਲ ਮੈਡੀਕਲ ਔਨਕੋਲੋਜਿਸਟ ਹਨ।
40 ਤੋਂ ਛੋਟੇ ਕੈਂਸਰ ਮਰੀਜ਼ ਪਹਿਲਾਂ ਨਾਲੋਂ ਜ਼ਿਆਦਾ
ਉਹ ਕਹਿੰਦੇ ਹਨ,"ਮੇਰੇ ਲਈ ਪੈਂਕਰੀਆਟਿਕ ਕੈਂਸਰ ਲਈ 40 ਸਾਲ ਤੋਂ ਘੱਟ ਉਮਰ ਦੇ ਕਿਸੇ ਮਰੀਜ਼ ਨੂੰ ਦੇਖਣਾ ਕੋਈ ਅਸਧਾਰਨ ਗੱਲ ਨਹੀਂ ਹੈ। ਇਹ ਲਗਭਗ ਹਰ ਹਫ਼ਤੇ ਹੁੰਦਾ ਹੈ, ਜੋ ਕਿ ਬਹੁਤ ਡਰਾਉਣਾ ਹੈ। ਇਹ ਲੋਕ ਆਪਣੇ ਜੀਵਨ ਦੇ ਮੁੱਢਲੇ ਦੌਰ ਵਿੱਚ ਹਨ ਜੋ ਪਰਿਵਾਰ ਸ਼ੁਰੂ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਜਿਉਣ ਲਈ ਸਭ ਕੁਝ ਹੈ। ਸਮਾਜ ਲਈ ਇਸਦੇ ਪ੍ਰਭਾਵ ਡੂੰਘੇ ਹਨ।"
ਜਦਕਿ ਕੈਂਸਰ ਮਾਹਿਰ ਨੌਜਵਾਨਾਂ ਵਿੱਚ ਪੈਦਾ ਹੋਣ ਵਾਲੇ ਕੈਂਸਰ ਨੂੰ ਵਿਰਾਸਤੀ ਕਾਰਕਾਂ ਦੇ ਨਤੀਜੇ ਵਜੋਂ ਦੇਖ ਰਹੇ ਸਨ। ਜਿਵੇਂ ਬੀਆਰਸੀਏ1 ਅਤੇ ਬੀਆਰਸੀਏ2 ਜੀਨ ਪਰਿਵਰਤਨ ਆਦਿ। ਲੇਕਿਨ ਛਾਤੀ ਦੇ ਕੈਂਸਰ ਦੇ ਅਜਿਹੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਿਨ੍ਹਾਂ ਪਿੱਛੇ ਕੋਈ ਵਿਰਾਸਤੀ ਕਾਰਨ ਨਹੀਂ ਹਨ।
ਓ’ਰੀਲੀ ਕਹਿੰਦੇ ਹਨ ਛੋਟੀ ਉਮਰ ਵਿੱਚ ਪੈਦਾ ਹੋਣ ਵਾਲੇ ਕੈਂਸਰ ਦੇ ਮਾਮਲਿਆਂ ਦੀ ਕੋਈ ਸਪਸ਼ਟ ਜਨੈਟਿਕ ਵਿਆਖਿਆ ਨਹੀਂ ਹੈ। ਉਨ੍ਹਾਂ ਦੀ ਪ੍ਰਯੋਗਸ਼ਾਲਾ ਜਾਂਚ ਦੌਰਾਨ ਦੇਖਿਆ ਗਿਆ ਕਿ ਉਮਰ ਦੇ 20ਵਿਆਂ, 30ਵਿਆਂ ਅਤੇ 40ਵਿਆਂ ਵਿਚਲੇ ਮਰੀਜ਼ਾਂ ਦੀਆਂ ਰਸੌਲੀਆਂ 70ਵਿਆਂ ਦੇ ਮਰੀਜ਼ਾਂ ਦੀ ਤੁਲਨਾ ਵਿੱਚ ਜ਼ਿਆਦਾ ਹਮਲਾਵਰ ਸਨ।
ਉਹ ਕਹਿੰਦੇ ਹਨ ਕਿ ਮਰੀਜ਼ ਖ਼ੁਦ ਭਾਵੇਂ ਬਹੁਤ ਚੰਗੀ ਸਿਹਤ ਵਿੱਚ ਹੋਵੇ ਲੇਕਿਨ ਇਸ ਨਾਲ ਬੀਮਾਰੀ ਦੀ ਦਸ਼ਾ ਦੀ ਪੇਸ਼ੀਨਗੋਈ ਬਹੁਤ ਮਾੜੀ ਹੋ ਜਾਂਦੀ ਹੈ।
ਉਹ ਕਹਿੰਦੇ ਹਨ, "ਉਹ ਜਵਾਨ ਤੇ ਤੰਦਰੁਸਤ ਹਨ ਅਤੇ ਅਕਸਰ ਇਲਾਜ ਦੀ ਤੀਬਰਤਾ ਨੂੰ ਬਿਹਤਰ ਢੰਗ ਨਾਲ ਸੰਭਾਲ ਸਕਦੇ ਹਨ, ਪਰ ਕੁਝ ਦਾ ਪੈਂਕਰੀਆਟਿਕ ਕੈਂਸਰ ਬਹੁਤ ਗੰਭੀਰ ਹੁੰਦਾ ਹੈ, ਤੇਜ਼ੀ ਨਾਲ ਕਮਜ਼ੋਰ ਕਰਦਾ ਹੈ।” "ਇਹ ਉਨਾਂ ਅਤੇ ਸਾਡੇ ਲਈ ਸਮਝ ਤੋਂ ਬਾਹਰ ਹੈ, ਕਿਉਂਕਿ ਕੌਣ ਕਲਪਨਾ ਕਰ ਸਕਦਾ ਹੈ ਕਿ 40 ਸਾਲਾਂ ਦੇ ਕਿਸੇ ਸਿਹਤਮੰਦ ਵਿਅਕਤੀ ਨੂੰ ਅਜਿਹਾ ਖਤਰਨਾਕ ਕੈਂਸਰ ਪੈਦਾ ਹੋ ਜਾਵੇਗਾ?
ਇਸ ਰੁਝਾਨ ਨੂੰ ਪਛਾਣਨ ਦੇ ਨਾਲ-ਨਾਲ, ਕੈਂਸਰ ਮਾਹਿਰ ਇਸ ਦੇ ਕਾਰਨਾਂ ਦੀ ਤਹਿ ਤੱਕ ਜਾਣ ਦੀ ਫੌਰੀ ਲੋੜ ਵੀ ਮਹਿਸੂਸ ਕਰ ਰਹੇ ਹਨ। ਦਿ ਲੈਂਸੇਟ ਅਧਿਐਨ ਦੇ ਲੇਖਕਾਂ ਮੁਤਾਬਕ ਜੇਕਰ ਇਹ ਰੁਝਾਨ ਜਾਰੀ ਰਿਹਾ, ਤਾਂ ਇਹ ਭਵਿੱਖ ਵਿੱਚ ਇਸ ਬਿਮਾਰੀ ਦੇ ਬੋਝ ਨੂੰ ਤਾਂ ਵਧਾ ਹੀ ਸਕਦਾ ਹੈ, ਸਗੋਂ ਕੈਂਸਰ ਖਿਲਾਫ਼ ਲੜਾਈ ਵਿੱਚ ਹੋਈ ਤਰੱਕੀ ਨੂੰ ਪੁੱਠਾ ਗੇੜਾ ਵੀ ਦੇ ਸਕਦਾ ਹੈ।
ਮੋਟਾਪਾ
ਇਸ ਦੀ ਸਭ ਤੋਂ ਸਪਸ਼ਟ ਵਿਆਖਿਆ ਮੋਟਾਪੇ ਅਤੇ ਮੈਟਾਬੋਲਿਕ ਸਿੰਡਰੋਮ ਵੱਲ ਇਸ਼ਾਰਾ ਕਰਦੀ ਹੈ। ਇਹ ਉਹ ਸਥਿਤੀਆਂ ਹਨ ਜੋ ਪੂਰੇ ਸਰੀਰ ਵਿੱਚ ਸੋਜਿਸ਼ ਵਧਾ ਕੇ ਪ੍ਰਮੁੱਖ ਹਾਰਮੋਨ ਨਾਲ ਜੁੜੀਆਂ ਗੜਬੜੀਆਂ ਦੀ ਵਜ੍ਹਾ ਬਣਦੀਆਂ ਹਨ।
ਇੱਕ ਤਾਜ਼ਾ ਅਧਿਐਨ ਮੁਤਾਬਕ 18 ਤੋਂ 40 ਸਾਲ ਦੀ ਉਮਰ ਦੇ ਵਿਚਕਾਰ ਮੋਟਾਪਾ 18 ਵੱਖ-ਵੱਖ ਕੈਂਸਰਾਂ ਦੇ ਵਧੇ ਹੋਏ ਖ਼ਤਰੇ ਨਾਲ ਜੁੜਿਆ ਹੋਇਆ ਹੈ।
ਜਦੋਂ ਕਿ ਲੈਂਸੇਟ ਵਿੱਚ ਛਪੀ ਰਿਪੋਰਟ ਮੁਤਾਬਕ 17 ਕੈਂਸਰਾਂ ਵਿੱਚੋਂ 10 ਜਿਨ੍ਹਾਂ ਦੇ ਮਾਮਲੇ ਅਮਰੀਕੀ ਨੌਜਵਾਨਾਂ ਵਿੱਚ ਵੱਧ ਰਹੇ ਹਨ। ਉਨ੍ਹਾਂ ਦੀ ਵਜ੍ਹਾ ਮੋਟਾਪੇ ਨਾਲ ਸਬੰਧਤ ਸੈੱਲ ਹਨ ਜਿਵੇਂ ਕਿ ਗੁਰਦੇ, ਅੰਡਕੋਸ਼, ਜਿਗਰ, ਪੈਂਕਰੀਆਟਿਕ ਅਤੇ ਪਿੱਤੇ ਦਾ ਕੈਂਸਰ ਤੇ ਮਾਈਲੋਮਾ।
ਪ੍ਰੋਫੈਸਰ ਸ਼ੂਜੀ ਓਗਿਨੋ ਜੋ ਕਿ ਹਾਰਵਰਡ ਯੂਨੀਵਰਸਿਟੀ ਵਿੱਚ ਪੈਥੋਲੋਜੀ ਅਤੇ ਮਹਾਂਮਾਰੀ ਵਿਗਿਆਨ ਦੇ ਪ੍ਰੋਫੈਸਰ ਹਨ। ਉਹ ਛੋਟੀ ਉਮਰ ਵਿੱਚ ਪੈਦਾ ਹੋਣ ਵਾਲੇ ਕੈਂਸਰਾਂ ਦੇ ਵਾਧੇ ਦੀ ਜਾਂਚ ਕਰ ਰਹੇ ਹਨ।
ਉਹ ਕਹਿੰਦੇ ਹਨ,"ਸਮੁੱਚੇ ਸਬੂਤ ਜੀਵਨ ਸ਼ੈਲੀ ਵਿੱਚ ਤਬਦੀਲੀ ਵੱਲ ਇਸ਼ਾਰਾ ਕਰਦੇ ਹਨ। ਸਾਡੇ ਵਿੱਚੋਂ ਹਰ ਕਿਸੇ ਦੇ ਜਨੈਟਿਕਸ ਵੱਖੋ-ਵੱਖਰੇ ਹਨ, ਜਿਨ੍ਹਾਂ ਵਿੱਚੋਂ ਕੁਝ ਥੋੜ੍ਹ-ਬਹੁਤ ਕੈਂਸਰ ਦਾ ਖ਼ਤਰਾ ਵੀ ਦਿੰਦੇ ਹਨ। ਇਹ ਖ਼ਤਰਾ ਵਾਤਾਵਰਨ ਤਬਦੀਲੀਆਂ ਦੇ ਨਾਲ ਵੱਧਦਾ ਹੈ।”
“ਅਸੀਂ ਜਾਣਦੇ ਹਾਂ ਕਿ ਬਹੁਤ ਜ਼ਿਆਦਾ ਖੰਡ ਅਤੇ ਪ੍ਰੋਸੈਸਡ ਭੋਜਨ ਖਾਣ ਨਾਲ, ਖੂਨ ਵਿੱਚ ਸ਼ੱਕਰ ਦੀ ਮਾਤਰਾ ਲਗਾਤਾਰ ਵਧੇ ਰਹਿਣਾ ਅਤੇ ਇੰਨਸੁਲਿਨ ਤੋਂ ਬੇਅਸਰ ਹੋ ਜਾਣ ਕਾਰਨ ਸਿਰਫ਼ ਸ਼ੂਗਰ ਦਾ ਹੀ ਨਹੀਂ ਸਗੋਂ ਕੈਂਸਰ ਦਾ ਖ਼ਤਰਾ ਵੀ ਵਧਾਉਂਦਾ ਹੈ।"
ਲੇਕਿਨ ਇਕੱਲਾ ਮੋਟਾਪਾ ਪੂਰੀ ਕਹਾਣੀ ਨਹੀਂ ਦੱਸਦਾ।
ਓ'ਰੀਲੀ ਕਹਿੰਦੇ ਹਨ ਕਿ, ਉਨ੍ਹਾਂ ਵੱਲੋਂ ਦੇਖੇ ਜਾਣ ਵਾਲੇ ਪੈਂਕਰੀਆਟਿਕ ਕੈਂਸਰ ਦੇ ਬਹੁਤ ਸਾਰੇ ਨੌਜਵਾਨ ਮਰੀਜ਼ ਫਿੱਟ ਅਤੇ ਤੰਦਰੁਸਤ ਹਨ। ਉਹ ਬੀਮਾਰ ਕਿਉਂ ਹਨ, ਇਸਦੀ ਕੋਈ ਸਪਸ਼ਟ ਵਿਆਖਿਆ ਨਹੀਂ ਹੈ।
ਉਹ ਦੱਸਦੇ ਹਨ, "ਇਹ ਮੈਨੂੰ ਹਮੇਸ਼ਾ ਪਰੇਸ਼ਾਨ ਕਰਦਾ ਹੈ ਕਿ ਅਸੀਂ ਜਿਨ੍ਹਾਂ ਰਵਾਇਤੀ ਚੀਜ਼ਾਂ ਬਾਰੇ ਸੋਚਦੇ ਹਾਂ, ਉਹ ਜ਼ਿਆਦਾਤਰ ਇਨ੍ਹਾਂ ਲੋਕਾਂ 'ਤੇ ਲਾਗੂ ਨਹੀਂ ਹੁੰਦੀਆਂ।"
ਉਹ ਕਹਿੰਦੇ ਹਨ, "ਉਹ ਅਕਸਰ ਸਿਹਤਮੰਦ, ਸਜੀਵ ਅਤੇ ਸਰੀਰਕ ਪੱਖੋਂ ਫਿੱਟ ਲਗਦੇ ਹਨ।"
ਪਿਛਲੇ 100 ਸਾਲਾਂ ਦੌਰਾਨ ਨੀਂਦ ਵਿੱਚ ਆਇਆ ਨਿਘਾਰ
ਓਗਿਨ ਦਾ ਮੰਨਣਾ ਹੈ ਕਿ ਕੈਂਸਰ ਦੇ ਕੁਝ ਵੱਖਰੀ ਕਿਸਮ ਦੇ ਕਾਰਨਾਂ ਦੇ ਉਭਾਰ ਵੱਲ ਇਸ਼ਾਰਾ ਹੋ ਸਕਦਾ ਹੈ। ਅਜਿਹੇ ਕਾਰਨ ਜਿਨ੍ਹਾਂ ਵੱਲ ਪਹਿਲਾਂ ਘੱਟ ਧਿਆਨ ਦਿੱਤਾ ਗਿਆ ਸੀ।
ਜਦਕਿ ਕੈਂਸਰ ਮਾਹਿਰ ਲੰਬੇ ਸਮੇਂ ਤੋਂ ਸਿਗਰਟਨੋਸ਼ੀ ਅਤੇ ਕੈਂਸਰ ਵਿਚਕਾਰ ਸੰਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਪੂਰੀ ਦੁਨੀਆਂ ਵਿੱਚ ਸਿਗਰਟਨੋਸ਼ੀ ਵਿੱਚ ਮਹੱਤਵਪੂਰਨ ਕਮੀ ਆਈ ਹੈ।
ਸੰਨ 2000 ਵਿੱਚ ਜਿੱਥੇ ਤਿੰਨ ਵਿੱਚੋਂ ਇੱਕ ਜਣਾ ਤੰਬਾਕੂਨੋਸ਼ੀ ਕਰਦਾ ਸੀ ਹੁਣ ਪੰਜ ਪਿੱਛੇ ਮਹਿਜ਼ ਇੱਕ ਬਾਲਗ ਹੀ ਤੰਬਾਕੂਨੋਸ਼ੀ ਕਰ ਰਿਹਾ ਹੈ।
ਓਗਿਨ ਨੂੰ ਲਗਦਾ ਹੈ ਕਿ ਪਿਛਲੇ 50-100 ਸਾਲਾਂ ਦੌਰਾਨ ਨੀਂਦ ਦੇ ਸਮੇਂ ਵਿੱਚ ਕਾਫ਼ੀ ਬਦਲਾਅ ਆਇਆ ਹੈ, ਜਿਸ ਨੂੰ ਬਹੁਤ ਜ਼ਿਆਦਾ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।
ਇੱਕ ਅਧਿਐਨ ਮੁਤਾਬਕ 1905 ਅਤੇ 2008 ਦੇ ਅਰਸੇ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਦੀ ਔਸਤ ਨੀਂਦ ਦੀ ਮਿਆਦ ਪ੍ਰਤੀ ਰਾਤ ਇੱਕ ਘੰਟਾ ਘਟੀ ਹੈ। ਆਸਟ੍ਰੇਲੀਆ, ਚੀਨ, ਜਾਪਾਨ, ਯੂਰਪ ਅਤੇ ਉੱਤਰੀ ਅਤੇ ਦੱਖਣੀ ਅਮਰੀਕਾ ਵਿੱਚ ਪਿਛਲੇ ਦਹਾਕਿਆਂ ਦੌਰਾਨ ਸ਼ਿਫਟਾਂ ਵਿੱਚ ਕੰਮ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ।
ਬੁਢਾਪੇ ਬਾਰੇ ਇੰਗਲਿਸ਼ ਲੌਂਗਿਟੁਡੀਨਲ ਸਟੱਡੀ ਦੇ 50 ਸਾਲ ਤੋਂ ਵੱਧ ਉਮਰ ਦੇ 10,000 ਤੋਂ ਵੱਧ ਲੋਕਾਂ ਦੀ ਜਾਣਕਾਰੀ ਦੇ ਡੇਟਾਬੇਸ ਦੀ ਵਰਤੋਂ ਨਾਲ 2021 ਵਿੱਚ ਕੀਤੇ ਗਏ ਇੱਕ ਅਧਿਐਨ ਮੁਤਾਬਕ ਮਾੜੀ ਨੀਂਦ ਅਤੇ ਕੈਂਸਰ ਦੇ ਵੱਧ ਖ਼ਤਰੇ ਵਿਚਕਾਰ ਇੱਕ ਸਬੰਧ ਮਿਲਿਆ ਹੈ।
ਕੁਝ ਵਿਗਿਆਨੀਆਂ ਨੇ ਇਹ ਦਲੀਲ ਵੀ ਦਿੱਤੀ ਹੈ ਕਿ ਸੜਕੀ ਰੌਸ਼ਨੀਆਂ, ਮੋਬਾਈਲ ਫੋਨ ਅਤੇ ਟੈਬਲੇਟਾਂ ਰਾਹੀਂ ਨਿਕਲਦੀ ਨਕਲੀ ਰੋਸ਼ਨੀ ਨੇ ਸਾਡੇ ਸਰੀਰ ਦੀ ਜੀਵ-ਵਿਗਿਆਨਕ ਘੜੀ ਵਿੱਚ ਖਲਲ ਪੈਦਾ ਕੀਤੇ ਹਨ ਛਾਤੀ, ਆਂਦਰ, ਅੰਡਕੋਸ਼ ਅਤੇ ਪ੍ਰੋਸਟੇਟ ਕੈਂਸਰ ਨਾਲ ਜੁੜੇ ਹੋਏ ਹਨ।
ਅਧਿਐਨਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਸ਼ਿਫਟ ਬੇਸ ਕੰਮ ਰਾਹੀਂ ਰਾਤ ਦੇ ਸਮੇਂ ਦੌਰਾਨ ਲਗਾਤਾਰ ਰੌਸ਼ਨੀ ਵਿੱਚ ਵਿਚਰਨਾ ਮੇਲਾਟੋਨਿਨ (ਨੀਂਦ ਨਾਲ ਸੰਬੰਧਿਤ) ਹਾਰਮੋਨ ਦੇ ਪੱਧਰ ਨੂੰ ਘੱਟ ਕਰਕੇ ਕੈਂਸਰ ਪੈਦਾ ਕਰ ਸਕਦਾ ਹੈ।
ਸੂਖਮ ਪਲਾਸਟਿਕ
ਓਗਿਨੋ ਕਹਿੰਦੇ ਹਨ, "ਸਾਨੂੰ ਰਾਤ ਨੂੰ ਨਕਲੀ ਰੋਸ਼ਨੀ ਦਾ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ, ਓਦੋਂ ਵੀ ਜਦੋਂ ਅਸੀਂ ਬੱਚੇ ਹੁੰਦੇ ਹਾਂ।"
ਓਗਿਨੋ ਦਾ ਕਹਿਣਾ ਹੈ ਕਿ ਸ਼ੁਰੂਆਤੀ ਦੌਰ ਵਿੱਚ ਕਿਸੇ ਇੱਕ ਕਾਰਕ ਦੀ ਵਜਾਏ ਬਹੁਤ ਸਾਰੇ ਕਾਰਕਾਂ ਦਾ ਮਿਸ਼ਰਨ ਕਾਰਨ ਕੈਂਸਰ ਦਾ ਖ਼ਤਰਾ ਵਧਣ ਦੀ ਸੰਭਾਵਨਾ ਜ਼ਿਆਦਾ ਹੈ।
ਜੀਵਨ ਸ਼ੈਲੀ ਵਿੱਚ ਆਈਆਂ ਤਬਦੀਲੀਆਂ ਦੇ ਨਾਲ-ਨਾਲ ਬਹੁਤ ਸਾਰੇ ਕੈਂਸਰ ਵਿਗਿਆਨੀਆਂ ਦੀ ਰਾਇ ਹੈ ਕਿ ਇਨ੍ਹਾਂ ਬੀਮਾਰੀਆਂ ਲਈ ਇੱਕ ਮੁੱਖ ਕਾਰਨ ਪੇਟ ਦੇ ਅੰਦਰ ਆਈਆਂ ਵੱਖ-ਵੱਖ ਤਰ੍ਹਾਂ ਦੀਆਂ ਜ਼ਹਿਰੀਲੀਆਂ ਤਬਦੀਲੀਆਂ ਵੀ ਹਨ।
ਜੂਨ 2023 ਵਿੱਚ, ਕ੍ਰਾਈਸਟ ਚਰਚ ਹਸਪਤਾਲ, ਨਿਊਜ਼ੀਲੈਂਡ ਦੇ ਇੱਕ ਗੁਦਾ ਸਰਜਨ, ਫਰੈਂਕ ਫ੍ਰੀਜ਼ਲੇ ਨੇ ਦੁਨੀਆ ਭਰ ਦੇ ਕੋਲੋਰੈਕਟਲ ਕੈਂਸਰ ਮਾਹਿਰਾਂ ਨੂੰ ਸੂਖਮ ਪਲਾਸਟਿਕ ਦੇ ਸਰੀਰ ਵਿੱਚ ਹਜ਼ਮ ਹੋਣ ਅਤੇ ਉਮਰ ਤੋਂ ਪਹਿਲਾਂ ਗੁਦਾ ਕੈਂਸਰ ਵਿਕਸਿਤ ਹੋਣ ਵਿੱਚ ਸੰਬੰਧ ਸਥਾਪਿਤ ਕਰਨ ਲਈ ਜਾਂਚ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਉਤੇਜਿਤ ਸਿਰਲੇਖ ਵਾਲਾ ਪੇਪਰ, "ਕੀ ਸੂਖਮ-ਪਲਾਸਟਿਕ ਕੋਲੋਰੇਕਟਲ ਕੈਂਸਰ ਦੇ ਚਾਲਕ ਹੋ ਸਕਦੇ ਹਨ?" ਲਿਖਿਆ ਅਤੇ ਦਲੀਲ ਦਿੱਤੀ ਕਿ 50 ਤੋਂ ਘੱਟ ਉਮਰ ਵਰਗ ਦੇ ਲੋਕਾਂ ਵਿੱਚ ਕੋਲੋਰੇਕਟਲ ਕੈਂਸਰ ਦਾ ਉਭਾਰ ਉਸੇ ਸਮੇਂ ਦੀ ਸੀਮਾ ਨਾਲ ਮੇਲ ਖਾਂਦਾ ਹੈ ਜਿਸ ਵਿੱਚ ਸੂਖਮ- ਪਲਾਸਟਿਕ ਦੀ ਮਾਤਰਾ ਵਾਤਾਵਰਣ ਵਿੱਚ ਬਹੁਤ ਜ਼ਿਆਦਾ ਵੱਧ ਗਈ ਹੈ।
ਉਨ੍ਹਾਂ ਦਾ ਸੁਝਾਅ ਇਹ ਹੈ ਕਿ ਪਲਾਸਟਿਕ ਦੀ ਇਨ੍ਹਾਂ ਮਹੀਨ ਕਣਾਂ ਦੀ ਮੌਜੂਦਗੀ ਗੁਦਾ ਵਿੱਚ ਬਲਗ਼ਮ ਪਰਤ ਨੂੰ ਖ਼ਰਾਬ ਕਰਦੀ ਹੈ। ਇਹ ਪਰਤ ਗੁਦਾ ਦੀ ਭੋਜਨ ਨਾਲ ਵਹਿ ਕੇ ਆਏ ਵਿਭਿੰਨ ਰੋਗਜਨਕਾਂ ਅਤੇ ਜ਼ਹਿਰੀਲੇ ਤੱਤਾਂ ਤੋਂ ਨੂੰ ਬਚਾਉਂਦੀ ਹੈ।
ਉਹ ਕਹਿੰਦੇ ਹਨ, " ਕਿ ਕੰਡੋਮ ਵਿੱਚ ਸੁਰਾਖਾਂ ਵਾਂਗ ਮਾਈਕਰੋ ਅਤੇ ਨੈਨੋਪਲਾਸਟਿਕ ਬਲਗ਼ਮ ਦੀ ਪਰਤ ਵਿੱਚ ਲਾਂਘਾ ਬਣਾ ਸਕਦਾ ਹੈ।
"ਜੇ ਅਸੀਂ ਇਸ ਨੂੰ ਸੱਚ ਸਾਬਤ ਕਰ ਸਕਦੇ ਹਾਂ, ਤਾਂ ਇਹ ਪਲਾਸਟਿਕ ਕਣਾਂ ਦੇ ਆਕਾਰ ਨਾਲ ਜੁੜਿਆ ਹੋ ਸਕਦਾ ਹੈ, ਜਿਵੇਂ ਕਿ ਕਾਰਬਨ ਕਣ ਅਤੇ ਫੇਫੜਿਆਂ ਦੀ ਬਿਮਾਰੀ।"
ਵਰਤਮਾਨ ਵਿੱਚ, ਇਹ ਅਜੇ ਵੀ ਅੰਦਾਜ਼ਾ ਹੀ ਹੈ, ਪਰ ਫ੍ਰੀਜ਼ਲੇ ਇੱਕਲੌਤੇ ਵਿਗਿਆਨੀ ਹਨ ਜਿਨ੍ਹਾਂ ਨੇ ਆਂਦਰਾਂ ਦੇ ਅੰਦਰ ਜ਼ਹਿਰੀਲੇ ਬਦਲਾਅ ਨੂੰ ਸੰਭਾਵੀ ਤੌਰ 'ਤੇ ਕੈਂਸਰ ਉਪਜਾਊ ਪ੍ਰਕਿਰਿਆਵਾਂ ਨਾਲ ਜੋੜਿਆ ਹੈ।
ਹੋਰ ਖੋਜਕਾਰਾਂ ਨੇ ਸੁਝਾਅ ਦਿੱਤਾ ਹੈ ਕਿ ਬਹੁਤ ਜ਼ਿਆਦਾ ਸੋਧੇ ਹੋਏ (ਅਲਟਰਾ-ਪ੍ਰੋਸੈਸਡ) ਭੋਜਨ ਅੰਦਰਲੇ ਕੁਝ ਹਿੱਸੇ ਆਂਦਰਾਂ ਦੇ ਅੰਦਰ ਸੋਜਿਸ਼ ਅਤੇ ਡੀਐੱਨਏ ਨੂੰ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਹੋ ਸਕਦੇ ਹਨ।
ਇਸ ਵਿੱਚ ਖਾਣੇ ਵਿੱਚ ਵਰਤੇ ਜਾਣ ਵਾਲੇ ਰੰਗਾਂ ਤੋਂ ਲੈ ਕੇ ਇਮਲਸੀਫਾਇਰ (ਇਹ ਰਸਾਇਣ ਦੋ ਅਘੁਲਣਸ਼ੀਲ ਤਰਲਾਂ ਨੂੰ ਮਿਲਾਉਣ ਲਈ ਵਰਤੇ ਜਾਂਦੇ ਹਨ, ਜਿਵੇਂ ਤੇਲ ਅਤੇ ਪਾਣੀ) ਸ਼ਾਮਿਲ ਹਨ। ਹਾਲਾਂਕਿ ਮਾਈਕ੍ਰੋਪਲਾਸਟਿਕਸ ਸੰਬੰਧੀ ਸਬੂਤ ਅਜੇ ਵੀ ਸੀਮਤ ਹਨ।
ਗੁਦਾ ਕਿਉਂਕਿ ਆਂਦਰਾਂ ਅਤੇ ਪੇਟ ਦੀ ਵਿਆਪਕ ਪ੍ਰਣਾਲੀ ਦੇ ਨਾਲ-ਨਾਲ ਰੋਗਾਂ ਨਾਲ ਲੜਨ ਦੀ ਪ੍ਰਣਾਲੀ ਨਾਲ ਜੁੜਿਆ ਹੁੰਦਾ ਹੈ। ਇਸ ਲਈ ਪੇਟ ਦੇ ਅੰਦਰ ਪੈਦਾ ਹੋਣ ਵਾਲੀਆਂ ਤਬਦੀਲੀਆਂ ਸਿਰਫ਼ ਗੁਦਾ ਦੇ ਕੈਂਸਰ ਨਾਲ ਹੀ ਨਹੀਂ ਸਗੋਂ ਕਈ ਕਿਸਮ ਦੀਆਂ ਠੋਸ ਰਸੌਲੀਆਂ, ਜਿਵੇਂ- ਛਾਤੀ ਦਾ ਕੈਂਸਰ ਅਤੇ ਖੂਨ ਦੇ ਕੈਂਸਰ ਨਾਲ ਵੀ ਜੁੜਿਆ ਹੁੰਦਾ ਹੈ।
ਵਿਗਿਆਨੀ ਕੈਂਸਰ ਦੇ ਵਿਕਾਸ ਵਿੱਚ ਐਂਟੀਬਾਇਓਟਿਕਸ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੇ ਹਨ।
ਸੂਖਮ-ਪਲਾਸਟਿਕ ਦੇ ਨਾਲ-ਨਾਲ ਦੁਨੀਆ ਭਰ ਵਿੱਚ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਵੀ ਪਿਛਲੇ ਕੁਝ ਦਹਾਕਿਆਂ ਦੌਰਾਨ ਬਹੁਤ ਵੱਧੀ ਹੈ।
ਖਾਸ ਤੌਰ 'ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿੱਤੀ ਗਈ ਐਂਟੀਬਾਇਓਟਿਕ ਦਵਾਈ ਦੀ ਖੁਰਾਕ ਸਾਲ 2000 ਵਿੱਚ 1000 ਮਗਰ 9.8 ਤੋਂ 2018 ਵਿੱਚ ਵੱਧ ਕੇ 14.3 ਹੋ ਗਈ।
ਸਮੁੱਚੇ ਤੌਰ ਉੱਤੇ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਵਿੱਚ ਸਾਲ 2000 ਤੋਂ 2015 ਦੌਰਾਨ ਸਾਰੇ ਹੀ ਉਮਰ ਵਰਗਾਂ ਲਈ ਵੱਧੀ ਹੈ। ਓ’ਰੀਲੀ ਮੁਤਾਬਤ ਇਹ ਚਿੰਤਾ ਦਾ ਵਿਸ਼ਾ ਹੈ।
ਸਾਲ 2000 ਵਿੱਚ ਪ੍ਰਤੀ 1,000 ਲੋਕਾਂ ਵਿੱਚ 9.8 ਤੋਂ ਵੱਧ ਕੇ ਸਾਲ 2018 ਵਿੱਚ 14.3 ਹੋ ਗਈ। ਕੁੱਲ ਮਿਲਾ ਕੇ, 2000 ਅਤੇ 2015 ਦੇ ਵਿਚਕਾਰ ਸਾਰੇ ਉਮਰ ਸਮੂਹਾਂ ਵਿੱਚ ਐਂਟੀਬਾਇਓਟਿਕਸ ਦੀ ਪ੍ਰਤੀ ਵਿਅਕਤੀ ਖਪਤ ਵਿੱਚ ਆਲਮੀ ਪੱਧਰ ਉੱਤੇ ਵਾਧਾ ਹੋਇਆ, ਕੁਝ ਅਜਿਹਾ ਜੋ ਕਿ ਓ'ਰੀਲੀ ਦਾ ਮੰਨਣਾ ਹੈ ਕਿ ਇਹ ਚਿੰਤਾ ਦਾ ਵਿਸ਼ਾ ਹੈ।
ਐਂਟੀਬਾਇਓਟਿਕ ਦਵਾਈਆਂ ਬੈਕਟੀਆ ਦੇ ਵੱਡੇ ਸਮੂਹਾਂ ਨੂੰ ਖ਼ਤਮ ਕਰ ਸਕਦੀਆਂ ਹਨ। ਇਸ ਤਰ੍ਹਾਂ ਇਹ ਆਂਦਰਾਂ ਵਿੱਚ ਸੰਭਾਵੀ ਤੌਰ ਉੱਤੇ ਨੁਕਸਾਨਦਾਇਕ ਬਦਲਾਅ ਲਿਆਉਣ ਦੇ ਸਮਰਥ ਹਨ।
ਐਂਟੀਬਾਇਓਟਿਕ ਦਵਾਈਆਂ ਦੀ ਜ਼ਿਆਦਾ ਵਰਤੋਂ ਨੂੰ ਅਤੀਤ ਵਿੱਚ ਫੇਫੜਿਆਂ ਦੇ ਕੈਂਸਰ, ਲਿੰਫੋਮਾਸ, ਪੈਂਕਰੀਆਟਿਕ ਕੈਂਸਰ, ਰੇਨਲ, ਰੇਨਲ ਸੈਲ ਕਾਰਸੀਕੋਮਾ ਅਤੇ ਮਲਟੀਪਲ ਮਾਈਲੋਮਾ ਨਾਲ ਜੋੜਿਆ ਗਿਆ ਹੈ।
ਓ’ਰੀਲੀ ਕਹਿੰਦੇ ਹਨ, ਆਂਦਰਾਂ ਵਿੱਚ ਰਹਿਣ ਵਾਲੇ ਬੈਕਟੀਰੀਆ ਵਿਕਾਸਵਾਦੀ ਪ੍ਰਕਿਰਿਆ ਦੁਆਰਾ ਚੁਣੇ ਗਏ ਹਨ। ਉਹ ਸਰੀਰ ਦੀਆਂ ਬੀਮਾਰੀਆਂ ਉੱਤੇ ਨਿਗਰਾਨੀ ਰੱਖਣ ਵਾਲੀ ਪ੍ਰਣਾਲੀ ਦਾ ਹਿੱਸਾ ਹਨ ਜੋ ਸਾਡੀ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਨੂੰ ਅਸਧਾਰਨ ਸੈੱਲਾਂ, ਬਾਹਰੀ ਤੱਤਾਂ ਨੂੰ ਪਛਾਣਨ ਅਤੇ ਕੈਂਸਰੀ ਰਸੌਲੀਆਂ ਦੀ ਉਤਪਤੀ ਨੂੰ ਰੋਕਦੇ ਹਨ। “
ਐਂਟੀਬਾਇਓਟਿਕ ਦਵਾਈਆਂ ਦੀ ਬਹੁਤੀ ਵਰਤੋਂ
“ਇਹ ਅਜੇ ਤੱਕ ਪਤਾ ਨਹੀਂ ਹੈ ਪਰ ਖਿਆਲ ਇਹ ਹੈ ਕਿ ਐਂਟੀਬਾਇਓਟਿਕ ਦਵਾਈਆਂ ਦੀ ਜ਼ਿਆਦਾ ਵਰਤੋਂ ਦਾ ਮਤਲਬ ਇਹ ਹੋ ਸਕਦਾ ਹੈ ਕਿ ਬੀਮਾਰੀਆਂ ਉੱਤੇ ਨਜ਼ਰ ਰੱਖਣ ਵਾਲੀ ਪ੍ਰਣਾਲੀ ਉਨੀਂ ਕੁਸ਼ਲਤਾ ਨਾਲ ਕੰਮ ਨਹੀਂ ਕਰ ਰਹੀ ਜਿੰਨਾ ਇਸ ਨੂੰ ਕਰਨਾ ਚਾਹੀਦਾ ਹੈ।”
ਭਾਰਤ ਸਰਕਾਰ ਨੇ ਵੀ ਡਾਕਟਰਾਂ ਨੂੰ ਮਰੀਜ਼ਾਂ ਨੂੰ ਐਂਟੀਬਾਇਓਟਿਕ ਦਵਾਈਆਂ ਦੇਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।
ਐਂਟੀਬਾਇਓਟਿਕਸ ਦੀ ਬਹੁਤ ਜ਼ਿਆਦਾ ਵਰਤੋਂ ਦੇ ਸੰਭਾਵੀ ਨਤੀਜਿਆਂ ਵਿੱਚੋਂ ਇੱਕ ਇਹ ਹੈ ਕਿ ਇਹ ਆਂਦਰਾਂ ਦੇ ਮੂਲ ਬੈਕਟੀਰੀਆ ਨੂੰ ਖ਼ਤਮ ਕਰਕੇ ਖਲਾਅ ਪੈਦਾ ਕਰਦਾ ਹੈ ਜਿਸ ਨੂੰ ਹੋਰ ਖਤਰਨਾਕ ਰੋਗਾਣੂਆਂ ਦੁਆਰਾ ਭਰਿਆ ਜਾ ਸਕਦਾ ਹੈ।
ਪਿਛਲੇ 10 ਸਾਲਾਂ ਦੌਰਾਨ, ਓਗਿਨੋ ਅਤੇ ਦੁਨੀਆਂ ਭਰ ਵਿੱਚ ਉਨ੍ਹਾਂ ਦੇ ਸਹਿਯੋਗੀਆਂ ਨੇ ਕੁਝ ਕੀਟਾਣੂਆਂ 'ਤੇ ਬਹੁਤ ਸਾਰੇ ਅਧਿਐਨ ਪ੍ਰਕਾਸ਼ਿਤ ਕੀਤੇ ਹਨ ਜੋ ਆਂਦਰਾਂ ਉੱਤੇ ਹਮਲਾ ਕਰਨ ਦੇ ਮੌਕੇ ਦੀ ਭਾਲ ਵਿੱਚ ਰਹਿੰਦੇ ਹਨ ਅਤੇ ਇਨ੍ਹਾਂ ਦੇ ਸੈੱਲਾਂ ਵਿੱਚ ਬਦਲਾਅ ਕਰਕੇ ਕੈਂਸਰ ਦੇ ਫੈਲਣ ਦੇ ਖ਼ਤਰੇ ਨੂੰ ਵਧਾਉਂਦੇ ਹਨ।
ਖਾਸ ਤੌਰ 'ਤੇ ਓਗਿਨੋ ਅਤੇ ਹੋਰਾਂ ਨੇ ਪਾਇਆ ਹੈ ਕਿ ਫੂਸੋਬੈਕਟੀਅਮ ਨੂਕਲੀਅਟਮ ਨਾਂ ਦਾ ਇੱਕ ਬੈਕਟੀਰੀਆ ਕੈਂਸਰ ਅਤੇ ਆਂਦਰਾਂ ਦੇ ਅੰਦਰ ਕੈਂਸਰ ਪੂਰਬਲੇ ਵਾਧੇ ਅਤੇ ਵਧੇੇਰੇ ਹਮਲਾਵਰ ਸੈਲਾਂ ਦੇ ਵਿਕਾਸ ਦੇ ਸਮਰਥ ਜਾਪਦਾ ਹੈ।
ਹੋਰ ਅਧਿਐਨਾਂ ਨੇ ਦਿਖਾਇਆ ਹੈ ਕਿ ਈ. ਕੌਲੀ ਦੀਆਂ ਕੁਝ ਕਿਸਮਾਂ ਕੈਂਸਰ ਦੇ ਵਿਕਾਸ ਤੋਂ ਇਲਾਵਾ ਸਰੀਰ ਦੀ ਬੀਮਾਰੀਆਂ ਪ੍ਰਤੀ ਪ੍ਰਤੀਕਿਰਿਆ ਨੂੰ ਦਬਾਉਣ ਦੇ ਸਮਰਥ ਦਿਖਾਈ ਦਿੰਦੀਆਂ ਹਨ।
ਓਗਿਨੋ ਕਹਿੰਦੇ ਹਨ, ਨੀਂਦ ਅਤੇ ਮੋਟਾਪੇ ਵਾਂਗ ਛੋਟੀ ਉਮਰ ਵਿੱਚ ਕੈਂਸਰ ਪੈਦਾ ਕਰਨ ਵਾਲੇ ਕਾਰਕ ਵੀ ਬਹੁ-ਕਾਰਕੀ ਹਨ ਬਚਪਨ ਤੋਂ ਜਵਾਨੀ ਤੱਕ ਤਾਲਮੇਲ ਕਰਦੇ ਹੋਏ ਹੌਲੀ-ਹੌਲੀ ਸ਼ੁਰੂਆਤੀ ਬਾਲਗਪਨ ਵਿੱਚ ਬੀਮਾਰੀ ਦਾ ਖ਼ਤਰਾ ਵਧਾਉਂਦੇ ਹਨ।
ਉਹ ਅੱਗੇ ਦੱਸਦੇ ਹਨ ਕਿ ਜਦੋਂ ਕਿ ਸਾਡੇ ਵਿੱਚੋਂ ਜ਼ਿਆਦਾਤਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਈ. ਕੌਲੀ ਮੌਜੂਦ ਹੈ। ਉਨ੍ਹਾਂ ਦੀ ਖੋਜ ਨੇ ਦਿਖਾਇਆ ਹੈ ਕਿ ਜਦੋਂ ਅਸੀਂ ਅਤਿ-ਪ੍ਰੋਸੈਸਡ ਅਖੌਤੀ "ਪੱਛਮੀ ਖੁਰਾਕ" ਖਾਂਦੇ ਹਾਂ ਤਾਂ ਇਹ ਬੈਕਟੀਰੀਆ ਸਭ ਤੋਂ ਜ਼ਿਆਦਾ ਵੱਧਦੇ-ਫੁੱਲਦੇ ਹਨ। ਇਹ ਦਰਸਾਉਂਦਾ ਹੈ ਕਿ ਕੈਂਸਰ ਦੇ ਵਿਕਾਸ ਵਿੱਚ ਸਾਡੀ ਖ਼ੁਰਾਕ ਵੀ ਭੂਮਿਕਾ ਨਿਭਾਉਂਦੀ ਹੈ।
ਅਸੀਂ ਅਜੇ ਵੀ ਇਹ ਪਤਾ ਨਹੀਂ ਕਰ ਸਕੇ ਹਾਂ ਕਿ ਲੋਕਾਂ ਦੇ ਵੱਖ-ਵੱਖ ਸਮੂਹਾਂ ਵਿੱਚ ਕੈਂਸਰ ਜਲਦੀ ਕਿਉਂ ਵਿਕਸਿਤ ਹੋ ਰਿਹਾ ਹੈ। ਲੇਕਿਨ ਓ'ਰੀਲੀ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਤੋਂ ਬਚਣ ਲਈ ਇਨ੍ਹਾਂ ਦਾ ਅਧਿਐਨ ਬਹੁਤ ਜ਼ਰੂਰੀ ਹੈ।
ਉਹ ਕਹਿੰਦੇ ਹਨ ਕਿ , "ਇਹ ਸਮਝਣ ਦੀ ਕੋਸ਼ਿਸ਼ ਕਰਨ ਲਈ ਖੋਜ ਦੀ ਬਹੁਤ ਜ਼ਰੂਰਤ ਹੈ ਕਿ ਇਨ੍ਹਾਂ ਬਿਮਾਰੀਆਂ ਦੇ ਸ਼ੁਰੂਆਤੀ ਦੌਰ ਵਿੱਚ ਪੈਦਾ ਹੋਣ ਦਾ ਕੀ ਕਾਰਨ ਹੈ।"
"ਮੈਨੂੰ ਇਹ ਵੀ ਬਹੁਤ ਪਰੇਸ਼ਾਨ ਕਰਦਾ ਹੈ ਕਿ ਅਸੀਂ ਨੌਜਵਾਨਾਂ ਵਿੱਚ ਪੈਂਕਰੀਆਟਿਕ ਕੈਂਸਰ ਅਤੇ ਹੋਰ ਠੋਸ ਅੰਗਾਂ ਦੇ ਕੈਂਸਰਾਂ ਦੇ ਮਾਮਲਿਆਂ ਨੂੰ ਦੇਖ ਰਹੇ ਹਾਂ। ਮੇਰੇ ਲਈ, ਇਹ ਇੱਕ ਜਨਤਕ ਸਿਹਤ ਸੰਕਟ ਹੈ।"
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਸਭ ਤੋਂ ਵੱਧ ਪੜ੍ਹਿਆ ਗਿਆ
ਸਮੱਗਰੀ ਉਪਲਬਧ ਨਹੀਂ ਹੈ