ਕੈਨੇਡਾ ਵਿੱਚ ਵਾਲਮਾਰਟ ਦੀ ਭੱਠੀ 'ਚ ਰਹੱਸਮਈ ਹਾਲਾਤ 'ਚ ਮ੍ਰਿਤ ਮਿਲੀ ਗੁਰਸਿਮਰਨ ਦੀ ਮੌਤ ਬਾਰੇ ਪੁਲਿਸ ਨੇ ਕੀ ਖੁਲਾਸਾ ਕੀਤਾ
ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੀ ਰਾਜਧਾਨੀ ਹੈਲੀਫੈਕਸ ਵਿੱਚ ਇੱਕ ਵਾਲਮਾਰਟ ਸਟੋਰ ਦੀ ਭੱਠੀ ਵਿੱਚ ਮਰੀ ਹੋਈ ਮਿਲੀ 19 ਸਾਲਾ ਗੁਰਸਿਮਰਨ ਕੌਰ ਦੀ ਮੌਤ ਮਾਮਲੇ ਵਿੱਚ ਪੁਲਿਸ ਨੇ 'ਕਿਸੇ ਸਾਜਿਸ਼ ਤੋਂ ਇਨਕਾਰ' ਕੀਤਾ ਹੈ।
ਹੈਲੀਫੈਕਸ ਰਿਜਨਲ ਪੁਲਿਸ ਵੱਲੋਂ ਸੋਸ਼ਲ ਮੀਡੀਆ ਉੱਤੇ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ 'ਇਹ ਅਚਾਨਕ ਹੋਈ ਮੌਤ ਸੀ, ਨਾ ਕਿ ਕੋਈ ਸ਼ੱਕੀ ਹਾਲਾਤ।'
ਲੰਘੇ ਮਹੀਨੇ 19 ਅਕਤੂਬਰ ਨੂੰ ਗੁਰਸਿਮਰਨ ਕੌਰ ਦੀ ਭੱਠੀ ਵਿੱਚੋਂ ਸੜੀ ਹੋਈ ਲਾਸ਼ ਮਿਲੀ ਸੀ। ਪਹਿਲੀ ਨਜ਼ਰੇ ਇਸ ਨੂੰ ਹਾਦਸਾ ਦੱਸਿਆ ਗਿਆ ਸੀ।
ਪਰ ਸ਼ੋਸ਼ਲ ਮੀਡਿਆ ਉੱਤੇ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਤਾਂ ਕਈ ਸ਼ੰਕੇ ਖੜੇ ਹੋਏ ਸਨ।
ਪਰ ਹੁਣ ਪੁਲਿਸ ਨੇ ਕਿਹਾ ਹੈ, "ਹੈਲੀਫੈਕਸ ਵਿੱਚ 19 ਅਕਤੂਬਰ ਨੂੰ ਅਚਨਚੇਤ ਹੋਈ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਗਿਆ ਹੈ।"
"ਰਾਤ ਲਗਭਗ 9:30 ਵਜੇ, ਅਫਸਰਾਂ ਨੇ 6990 ਮਮਫੋਰਡ ਰੋਡ ਸਥਿਤ ਵਾਲਮਾਰਟ ਵਿੱਚ ਅਚਾਨਕ ਮੌਤ ਦੀ ਰਿਪੋਰਟ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ। ਇੱਕ 19 ਸਾਲਾ ਸਟੋਰ ਦੀ ਮੁਲਾਜ਼ਮ, ਸਟੋਰ ਦੇ ਬੇਕਰੀ ਵਿਭਾਗ ਨਾਲ ਸਬੰਧਿਤ ਇੱਕ ਵੱਡੇ ਵਾਕ-ਇਨ ਓਵਨ ਵਿੱਚ ਮਰੀ ਹੋਈ ਮਿਲੀ ਸੀ।"
"ਪੁਲਿਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਮੌਤ ਸ਼ੱਕੀ ਨਹੀਂ ਹੈ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਦੇ ਸਬੂਤ ਨਹੀਂ ਮਿਲੇ ਹਨ।"
"ਜਾਂਚਕਰਤਾਵਾਂ ਨੇ ਇਸ ਅਪਡੇਟ ਨੂੰ ਸਾਂਝਾ ਕਰਨ ਅਤੇ ਸੋਗ ਪ੍ਰਗਟ ਕਰਨ ਲਈ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਉਨ੍ਹਾਂ ਦੀਆਂ ਸੰਵੇਦਨਾਵਾਂ ਪੀੜਤ ਪਰਿਵਾਰ ਦੇ ਨਾਲ ਹਨ।"
ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਵੇਂ ਹੀ ਪਰਿਵਾਰ ਨੂੰ ਇਹ ਖ਼ਬਰ ਮਿਲੀ, ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੀ ਨਿੱਜਤਾ ਅਤੇ ਆਪਣੇ ਅਜ਼ੀਜ਼ ਦੀ ਯਾਦ ਦਾ ਸਤਿਕਾਰ ਕਰਨ ਲਈ ਕਿਹਾ ਹੈ।
ਗੁਰਸਿਮਰਨ ਕੌਰ ਕੌਣ ਸੀ?
ਨੋਵਾਸਕੋਸ਼ੀਆ ਦੇ ਗੁਰਦੁਆਰਾ ਮੈਰੀਟਾਇਮ ਸਿੱਖ ਸੁਸਾਇਟੀ ਨੇ ਗੁਰਸਿਮਰਨ ਦੀ ਮੌਤ ਤੋਂ ਬਾਅਦ ਉਸ ਦੇ ਭਰਾ ਅਤੇ ਪਿਤਾ ਨੂੰ ਪੰਜਾਬ ਤੋਂ ਕੈਨੇਡਾ ਬੁਲਾਉਣ ਲਈ ਪੈਸੇ ਅਤੇ ਸਾਧਨ ਦੇ ਪ੍ਰਬੰਧ ਲਈ ਲੋਕਾਂ ਤੋਂ ਦਾਨ ਇਕੱਠਾ ਕੀਤਾ ਸੀ।
ਸਿੱਖ ਸੁਸਾਇਟੀ ਦੇ ਸਕੱਤਰ ਬਲਬੀਰ ਸਿੰਘ ਨੇ ਮ੍ਰਿਤਕ ਕੁੜੀ ਬਾਰੇ ਕੁਝ ਜਾਣਕਾਰੀ ਜਨਤਕ ਕੀਤੀ ਸੀ।
ਬਲਬੀਰ ਸਿੰਘ ਮੁਤਾਬਕ 19 ਸਾਲਾ ਗੁਰਸਿਮਰਨ ਕੌਰ ਦਾ ਪਿਛੋਕੜ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਸੀ। ਉਸ ਦੇ ਪਰਿਵਾਰ ਵਿੱਚ ਮਾਂ- ਪਿਓ ਅਤੇ 12 ਸਾਲ ਦਾ ਭਰਾ ਹੈ।
ਉਹ ਆਪਣੀ ਮਾਂ ਅਤੇ ਭਰਾ ਨਾਲ ਦੋ ਸਾਲ ਪਹਿਲਾਂ ਹੀ ਕੈਨੇਡਾ ਦੇ ਨੋਵਾ ਸ਼ਕੋਸ਼ੀਆ ਸੂਬੇ ਵਿੱਚ ਆਈ ਸੀ। ਇਸ ਤੋਂ ਪਹਿਲਾਂ ਉਹ ਇੱਕ ਸਾਲ ਆਪਣੇ ਮਾਪਿਆਂ ਨਾਲ ਇੰਗਲੈਂਡ ਵਿੱਚ ਰਹੀ ਸੀ। ਜਦਕਿ ਉਸ ਦੇ ਮਾਤਾ-ਪਿਤਾ ਲਗਭਗ 10-12 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਹੇ ਸਨ।
ਗੁਰਸਿਮਰਨ ਕੌਰ, ਉਸਦੀ ਮਾਂ ਅਤੇ ਭਰਾ ਪੀਆਰ ਲੈ ਕੇ ਹੀ ਕੈਨੇਡਾ ਆਏ ਸਨ ਜਦਕਿ ਉਸਦੇ ਪਿਤਾ ਨੂੰ ਪੀਆਰ ਨਹੀਂ ਮਿਲੀ ਸੀ। ਇਸ ਕਰਕੇ ਉਹ ਵਾਪਸ ਪੰਜਾਬ ਪਰਤ ਗਏ ਸਨ।
ਜਦੋਂ ਗੁਰਸਿਮਰਨ ਦੀ ਮੌਤ ਹੋਈ, ਉਸਦਾ ਭਰਾ ਜਲੰਧਰ ਵਿੱਚ ਆਪਣੇ ਪਿਤਾ ਕੋਲ ਰਹਿ ਰਿਹਾ ਸੀ।
ਬਲਬੀਰ ਸਿੰਘ ਦੱਸਦੇ ਹਨ ਕਿ ਗੁਰਸਿਮਰਨ ਦੇ ਭਰਾ ਦਾ ਪੰਜਾਬ ਵਿੱਚ ਇਲਾਜ ਹੋ ਰਿਹਾ ਸੀ, ਜਿਸ ਕਰ ਕੇ ਉਹ ਆਪਣੇ ਪਿਤਾ ਕੋਲ ਰਹਿ ਰਿਹਾ ਸੀ।
ਉਨ੍ਹਾਂ ਇਹ ਵੀ ਦੱਸਿਆ ਸੀ ਕਿ ਗੁਰਸਿਮਰਨ ਦੇ ਮਾਤਾ-ਪਿਤਾ ਦੇ ਇੰਗਲੈਂਡ ਵਿੱਚ ਰਹਿਣ ਕਰ ਕੇ ਗੁਰਸਿਮਰਨ ਅਤੇ ਉਸ ਦੇ ਭਰਾ ਦਾ ਪਾਲਣ ਪੋਸ਼ਣ ਉਸ ਦੇ ਤਾਏ ਨੇ ਹੀ ਕੀਤਾ ਸੀ।
ਸਿੱਖ ਭਾਈਚਾਰਾ ਮਦਦ ਲਈ ਅੱਗੇ ਆਇਆ ਸੀ
ਬਲਬੀਰ ਸਿੰਘ ਨੇ ਦੱਸਿਆ ਸੀ ਕਿ ਘਟਨਾ ਤੋਂ ਅਗਲੇ ਦਿਨ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਭਾਈਚਾਰੇ ਨਾਲ ਸਬੰਧਤ ਨੌਜਵਾਨ ਕੁੜੀ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ।
ਇਸ ਤੋਂ ਤੁਰੰਤ ਬਾਅਦ ਗੁਰਦੁਆਰਾ ਮੈਰੀਟਾਈਮ ਸਿੱਖ ਸੁਸਾਇਟੀ ਨੇ ਕੁੜੀ ਦੀ ਮਾਤਾ ਨਾਲ ਸੰਪਰਕ ਕੀਤਾ ਅਤੇ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਹਾਸਲ ਕੀਤੀ ਸੀ। ਜਿਸ ਮਗਰੋਂ ਪਰਿਵਾਰ ਦੀ ਆਰਥਿਕ ਮਦਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ।
ਇਸੇ ਪਹਿਲ ਕਦਮੀ ਤਹਿਤ 1,93,000 ਤੋਂ ਵੱਧ ਕੈਨੇਡੀਅਨ ਡਾਲਰ 24 ਘੰਟਿਆਂ ਹੀ ਇਕੱਠੇ ਹੋ ਗਏ ਸਨ ਅਤੇ 24 ਘੰਟਿਆਂ ਮਗਰੋਂ ਦਾਨ ਲੈਣ ਦੀ ਪ੍ਰਕਿਰਿਆ ਨੂੰ ਬੰਦ ਕਰ ਦਿੱਤਾ ਗਿਆ ਸੀ।
ਬਲਬੀਰ ਸਿੰਘ ਨੇ ਕਿਹਾ ਸੀ, “ਪਹਿਲਾਂ ਸਾਡਾ ਟੀਚਾ ਸਿਰਫ਼ 50 ਹਜ਼ਾਰ ਡਾਲਰ ਇਕੱਠੇ ਕਰਨਾ ਸੀ ਅਤੇ ਅਸੀਂ ਉਮੀਦ ਕਰ ਰਹੇ ਸੀ ਕਿ ਪੈਸੇ ਇਕੱਠੇ ਹੋਣ ਵਿੱਚ 2 ਤੋਂ 3 ਦਿਨ ਲੱਗ ਜਾਣਗੇ ਪਰ ਇਹ ਰਕਮ 12 ਘੰਟਿਆਂ ਵਿੱਚ ਹੀ ਪੂਰੀ ਹੋ ਗਈ।”
ਗੁਰਦੁਆਰਾ ਮੈਰੀਟਾਈਮ ਸਿੱਖ ਸੁਸਾਇਟੀ ਕੀ ਹੈ
ਗੁਰਦੁਆਰਾ ਮੈਰੀਟਾਈਮ ਸਿੱਖ ਸੁਸਾਇਟੀ, ਨੋਵਾ ਸਕੋਸ਼ੀਆ ਸੂਬੇ ਦੀ ਰਾਜਧਾਨੀ ਹੈਲੀਫੈਕਸ ਵਿੱਚ ਸਥਿਤ ਸਿੱਖ ਗੁਰਦੁਆਰਾ ਦਾ ਪ੍ਰਬੰਧ ਚਲਾਉਂਦੀ ਹੈ।
ਸੁਸਾਇਟੀ ਦੀ ਵੈਬਸਾਈਟ ਮੁਤਾਬਕ 4 ਜੂਨ 1978 ਨੂੰ ਗੁਰਦੁਆਰਾ ਦੀ ਇਮਾਰਤ ਦੀ ਨੀਂਹ ਰੱਖੀ ਗਈ ਸੀ। ਮੌਜੂਦਾ ਸਮੇਂ ਹਰਜੀਤ ਸਿੰਘ ਸੁਸਾਇਟੀ ਦੇ ਪ੍ਰਧਾਨ ਹਨ ਅਤੇ ਬਲਬੀਰ ਸਿੰਘ ਇਸ ਦੇ ਸਕੱਤਰ ਹਨ।
ਪਰਿਵਾਰ ਵਾਸਤੇ ਵਿੱਤੀ ਸਹਾਇਤਾ ਤੋਂ ਲੈ ਕਿ ਪਰਿਵਾਰ ਦੀ ਮਨੋਵਿਗਿਆਨਕ ਅਤੇ ਹੋਰ ਸਹਾਇਤਾ ਇਸ ਸੁਸਾਇਟੀ ਵੱਲੋਂ ਹੀ ਕੀਤੀ ਜਾ ਰਹੀ ਹੈ।
ਬਲਬੀਰ ਸਿੰਘ ਦੱਸਦੇ ਹਨ ਕਿ ਸੁਸਾਇਟੀ ਅਤੇ ਗੁਰਦੁਆਰੇ ਦਾ ਕੈਨੇਡਾ ਅਤੇ ਹੋਰਨਾਂ ਦੇਸ਼ਾਂ ਵਿੱਚ ਬਹੁਤ ਵੱਕਾਰ ਹੈ। ਕਿਉਂਕਿ ਸ਼ੁਰੂ ਤੋਂ ਹੀ ਬੁੱਧੀਜੀਵੀ ਲੋਕ ਇਸਦੇ ਮੈਂਬਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ