ਸ਼ੋਅਲੇ ਫਿਲਮ ਤੋਂ ਬਰਫ਼ੀ ਤੱਕ: ਬਾਲੀਵੁੱਡ ਦੀਆਂ ਸੁਪਰਹਿੱਟ ਫ਼ਿਲਮਾਂ 'ਤੇ ਨਕਲ ਦਾ ਇਲਜ਼ਾਮ ਕਿਉਂ ਲਗਦਾ ਹੈ?
- ਲੇਖਕ, ਮਿਰਜ਼ਾ ਅਬੀ ਬੇਗ
- ਰੋਲ, ਬੀਬੀਸੀ ਉਰਦੂ
- ...ਤੋਂ ਨਵੀਂ ਦਿੱਲੀ
"ਇਹ ਦੋ ਜਣੇ ਉਹ ਹਨ ਜਿਨ੍ਹਾਂ ਨੂੰ ਸਾਰੀ ਦੁਨੀਆਂ ਸਲਾਮ ਕਰਦੀ ਹੈ ਲੇਕਿਨ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਨਕਲ ਤੋਂ ਇਲਾਵਾ ਕੁਝ ਨਹੀਂ ਕੀਤਾ। ਸਲੀਮ-ਜਾਵੇਦ ਕਾਪੀ ਰਾਈਟਰ ਹਨ, ਉਹ ਅਸਲੀ ਲੇਖਕ ਨਹੀਂ ਹਨ।"
ਇਹ ਸ਼ਬਦ ਲੇਖਕ ਅਮਿਤ ਆਰਿਅਨ ਦੇ ਹਨ, ਜਿਨ੍ਹਾਂ ਨੇ ਬਾਲੀਵੁੱਡ ਦੇ ਦੋ ਮਸ਼ਹੂਰ ਸਕਰਿਪਟ ਰਾਈਟਰ ਸਲੀਮ ਖ਼ਾਨ ਅਤੇ ਜਾਵੇਦ ਅਖ਼ਤਰ ਬਾਰੇ ਇਹ ਗੱਲਾਂ ਕਹੀਆਂ ਹਨ।
ਸਲੀਮ ਖ਼ਾਨ ਅਤੇ ਜਾਵੇਦ ਅਖ਼ਤਰ ਨੇ ਭਾਰਤੀ ਸਿਨੇਮਾ ਨੂੰ ‘ਜ਼ੰਜੀਰ’, ‘ਦੀਵਾਰ’, ‘ਤ੍ਰਿਸ਼ੂਲ’, ‘ਡਾਨ’, ‘ਕਰਾਂਤੀ’ ਅਤੇ ‘ਮਿਸਟਰ ਇੰਡੀਆ’ ਸਮੇਤ ਦਰਜਣਾਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ।
ਇਹ ਇਲਜ਼ਾਮ ਲਾਉਣ ਵਾਲੇ ਅਮਿਤ ਆਰਿਅਨ ਨੇ ‘ਐੱਫਆਈਆਰ’, ‘ਏਬੀਸੀਡੀ’, ‘ਯਹਿ ਉਨ ਦਿਨੋਂ ਕੀ ਬਾਤ ਹੈ’, ‘ਲਾਪਤਾਗੰਜ’ ਅਤੇ ‘ਡੂ ਨਾਟ ਡਿਸਟਰਬ’ ਵਰਗੀਆਂ ਫ਼ਿਲਮਾਂ ਲਿਖੀਆਂ ਹਨ।
ਅਮਿਤ ਆਰਿਅਨ ਨੇ ਦਾਅਵਾ ਕੀਤਾ ਕਿ ਸਲੀਮ-ਜਾਵੇਦ ਦੀ ਲਿਖੀ ਫ਼ਿਲਮ ‘ਸ਼ੋਅਲੇ’ ਰਾਜ ਖੋਸਲਾ ਦੀ ਫ਼ਿਲਮ ਮੇਰਾ ਗਾਂਵ,ਮੇਰਾ ਦੇਸ਼’ ਦੀ ਨਕਲ ਹੈ।
ਬਾਲੀਵੁੱਡ ਨਾਲ ਜੁੜੇ ਕਈ ਲੋਕ 1975 ਵਿੱਚ ਰਿਲੀਜ਼ ਹੋਈ ਫ਼ਿਲਮ ‘ਸ਼ੋਅਲੇ’ ਵਿੱਚ ਜੈਅ ਯਾਨੀ ਅਮਿਤਾਭ ਬੱਚਨ ਅਤੇ ਮੌਸੀ (ਲੀਲਾ ਮਿਸ਼ਰਾ) ਦੇ ਵਿਚਕਾਰ ਹੋਣ ਵਾਲੀ ਵਾਰਤਾਲਾਪ ਨੂੰ ਉਰਦੂ ਗਲਪ ਲੇਖਕ ਇਬਰੇ ਸਫ਼ੀ ਦੇ ਨਾਵਲ ‘ਖੌਫ਼ਨਾਕ ਇਮਾਰਤ’ ਤੋਂ ਲਿਆ ਗਿਆ ਸੰਵਾਦ ਦੱਸਦੇ ਹਨ।
ਇਸ ਫ਼ਿਲਮ ਦੇ ਗੀਤ ‘ਮਹਿਬੂਬਾ ਮਹਿਬੂਬਾ’ ਨੂੰ ਕਿਸੇ ਨੇ ਅਰਬੀ ਗਾਣੇ ਦੀ ਨਕਲ ਤਾਂ ਕਿਸੇ ਨੇ ਇਸ ਨੂੰ ਅੰਗਰੇਜ਼ੀ ਫ਼ਿਲਮ ‘ਸੇ ਯੂ ਲਵ ਮੀ’ ਦੀ ਨਕਲ ਦੱਸਿਆ ਹੈ।
ਜਾਵੇਦ ਅਖ਼ਤਰ ਨੇ ਇਲਜ਼ਾਮਾਂ ਬਾਰੇ ਕੀ ਕਿਹਾ?
ਬੀਬੀਸੀ ਨੇ ਹਾਲ ਹੀ ਵਿੱਚ ਇਨ੍ਹਾਂ ਇਲਜ਼ਾਮਾਂ ਬਾਰੇ ਜਾਵੇਦ ਅਖ਼ਤਰ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਜਵਾਬ ਨਹੀਂ ਮਿਲ ਸਕਿਆ।
ਹਾਲਾਂਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਨਸਰੀਨ ਮੁੰਨੀ ਨਾਲ ਗੱਲਬਾਤ ਉੱਤੇ ਅਧਾਰਿਤ ਕਿਤਾਬ 'ਟਾਕਿੰਗ ਮਾਈਕ' ਵਿੱਚ ਇਸ ਤਰ੍ਹਾਂ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ।
ਲੇਕਿਨ, ਉਨ੍ਹਾਂ ਨੇ ਸਜੀਰਵ ਲਿਯੋਨ ਤੋਂ ਪ੍ਰਭਾਵਿਤ ਹੋਣ ਦੀ ਗੱਲ ਮੰਨੀ ਸੀ। ਇਕ ਮੀਡੀਆ ਹਾਊਸ ਨਾਲ ਗੱਲ ਕਰਦੇ ਹੋਏ ਜਾਵੇਦ ਅਖ਼ਤਰ ਇਹ ਵੀ ਕਹਿ ਚੁੱਕੇ ਹਨ ਕਿ ਉਹ ਇਬਰੇ ਸਫ਼ੀ ਦੇ ਨਾਵਲਾਂ ਨੂੰ ਸ਼ੌਂਕ ਨਾਲ ਪੜ੍ਹਿਆ ਕਰਦੇ ਸਨ।
ਉਨ੍ਹਾਂ ਨੇ ਕਿਹਾ ਸੀ ਕਿ ਕੁਝ ਵਰਗਾਂ ਵੱਲੋਂ ਉਨ੍ਹਾਂ ਦੀ ਫ਼ਿਲਮ ‘ਜ਼ੰਜੀਰ’ ਨੂੰ ਫ਼ਿਲਮ ‘ਡਰਟੀ ਹੈਰੀ’ ਦੀ ਨਕਲ ਕਿਹਾ ਗਿਆ ਜੋ ਕਿ ‘ਬਕਵਾਸ’ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਜ਼ੰਜੀਰ ਫ਼ਿਲਮ ਸਲੀਮ ਖ਼ਾਨ ਦੀ ਸੋਚ ਸੀ ਜਿਸ ਉੱਤੇ ਅਸੀਂ ਦੋਵਾਂ ਨੇ ਕੰਮ ਕੀਤਾ ਸੀ।
ਉਨ੍ਹਾਂ ਅਨੁਸਾਰ ‘ਡਰਟੀ ਹੈਰੀ’ ਉੱਤੇ ਇੱਕ ਫ਼ਿਲਮ ‘ਖ਼ੂਨ ਖ਼ੂਨ’ ਜ਼ਰੂਰ ਬਣੀ ਸੀ, ਲੇਕਿਨ ਉਹ ਕਿਸੇ ਹੋਰ ਦਾ ਕੰਮ ਸੀ।
ਉਨ੍ਹਾਂ ਨੇ ਇਸ ਤਰ੍ਹਾਂ ਦੇ ਸਾਰੇ ਇਲਜ਼ਾਮਾਂ ਨੂੰ ‘ਰਬਿਸ਼’ ਕਹਿ ਕੇ ਰੱਦ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਲਿਖੀ ਕੋਈ ਵੀ ਫ਼ਿਲਮ ਕਿਸੇ ਦੂਸਰੀ ਫ਼ਿਲਮ ਦੀ ਨਕਲ ਨਹੀਂ ਹੈ।
ਖੈਰ, ਭਾਰਤੀ ਸਿਨੇਮਾ ਖ਼ਾਸ ਤੌਰ ਉੱਤੇ ਬਾਲੀਵੁੱਡ ਜਾਂ ਹਿੰਦੀ ਸਿਨੇਮਾ ਵਿੱਚ ਨਕਲ ਦੇ ਇਲਜ਼ਾਮ ਨਵੇਂ ਨਹੀਂ ਹਨ। ਬਹੁਤ ਸਾਰੀਆਂ ਮਸ਼ਹੂਰ ਫ਼ਿਲਮਾਂ ਦੀ ਸਕਰਿਪਟ ਤੋਂ ਲੈ ਕੇ ਸੀਨ, ਸੰਵਾਦ, ਸੰਗੀਤ ਅਤੇ ਗੀਤ ਸਾਰਿਆਂ ਉੱਤੇ ਅਜਿਹੇ ਇਲਜ਼ਾਮ ਲੱਗੇ ਹਨ।
ਮਾਹਰ ਕੀ ਸੋਚਦੇ ਹਨ?
ਜਦੋਂ ਬੀਬੀਸੀ ਨੇ ਡੀਵਾਈ ਪਾਟਿਲ ਇੰਟਰਨੈਸ਼ਨਲ ਯੂਨੀਵਰਸਿਟੀ, ਪੁਣੇ ਦੇ ਸਕੂਲ ਆਫ਼ ਮੀਡੀਆ ਐਂਡ ਜਰਨਲਿਜ਼ਮ ਦੇ ਡਾਇਰੈਕਟਰ ਪ੍ਰੋਫ਼ੈਸਰ ਅਰਵਿੰਦ ਦਾਸ ਨੂੰ ਪੁੱਛਿਆ ਕਿ ਨਕਲ ਨੇ ਬਾਲੀਵੁਡ ਵਿੱਚ ਆਪਣੀ ਥਾਂ ਕਿਸ ਹੱਦ ਤੱਕ ਬਣਾਈ ਹੈ, ਤਾਂ ਉਨ੍ਹਾਂ ਨੇ ਜਵਾਬ ਦਿੱਤਾ, “ਬਕੌਲ ਗ਼ਾਲਿਬ, ਆਗੇ ਆਤੀ ਥੀ ਹਾਲ-ਏ-ਦਿਲ ਪੈ ਹੰਸੀ, ਅਬ ਕਿਸੀ ਬਾਤ ਪਰ ਨਹੀਂ ਆਤੀ। "
ਉਨ੍ਹਾਂ ਕਿਹਾ ਕਿ ਭਾਰਤੀ ਫ਼ਿਲਮ ਇੰਡਸਟਰੀ ਵਿੱਚ ਨਕਲ ਬੇਸ਼ਰਮੀ ਦੀ ਹੱਦ ਤੱਕ ਪਹੁੰਚ ਚੁੱਕੀ ਹੈ ਅਤੇ ਇਸ ਹੱਦ ਤੱਕ ਇਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਉਨ੍ਹਾਂ ਕਿਹਾ, "ਅਜਿਹੀਆਂ ਚੀਜ਼ਾਂ ਨੂੰ 'ਪ੍ਰੇਰਿਤ' ਕਹਿ ਕੇ ਸਵੀਕਾਰ ਕੀਤਾ ਜਾਂਦਾ ਹੈ।"
ਪ੍ਰੋਫ਼ੈਸਰ ਦਾਸ ਨੇ ਕਿਹਾ ਕਿ ਜੇਕਰ ਪੱਛਮ ਵਿੱਚ ਝਾਤ ਮਾਰੀਏ ਤਾਂ ਨਕਲ ਕਾਰਨ ਲੋਕਾਂ ਨੇ ਆਪਣਾ ਰੁਤਬਾ ਅਤੇ ਨੌਕਰੀਆਂ ਗੁਆ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ।
ਉਹ ਕਹਿੰਦੇ ਹਨ, "ਤੁਸੀਂ ਫਰੀਦ ਜ਼ਕਰੀਆ ਦੀ ਮਿਸਾਲ ਲੈ ਸਕਦੇ ਹੋ, ਜਿਨ੍ਹਾਂ ਨੂੰ ਨਿਊਜ਼ ਵੀਕ ਦੇ ਸੰਪਾਦਕੀ ਬੋਰਡ ਤੋਂ ਅਸਤੀਫਾ ਦੇਣਾ ਪਿਆ ਸੀ।"
ਪ੍ਰੋਫ਼ੈਸਰ ਦਾਸ ਨੇ ਦਾਅਵਾ ਕੀਤਾ ਕਿ ਫ਼ਿਲਮ ‘ਸ਼ੋਅਲੇ’ ਦਾ ਮਸ਼ਹੂਰ ਸਿੱਕਾ ਉਛਾਲਣ ਵਾਲਾ ਸੀਨ ਵੀ ‘ਗਾਰਡਨ ਆਫ਼ ਇਵੀਲ’ ਦੀ ਨਕਲ ਸੀ।
ਉਨ੍ਹਾਂ ਅਨੁਸਾਰ ਇਹ ਵੱਡੀ ਸਮੱਸਿਆ ਹੈ ਪਰ ਹੁਣ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ।
ਉਨ੍ਹਾਂ ਮੁਤਾਬਕ ਸ਼ਾਹਰੁਖ ਖਾਨ ਦੀਆਂ 'ਬਾਜ਼ੀਗਰ' ਜਾਂ 'ਅਗਨੀ ਸਾਕਸ਼ੀ' ਵਰਗੀਆਂ ਫ਼ਿਲਮਾਂ 'ਤੇ ਵੀ 'ਸਲੀਪਿੰਗ ਵਿਦ ਦ ਐਨਮੀ' ਦੀਆਂ ਨਕਲਾਂ ਹੋਣ ਦਾ ਇਲਜ਼ਾਮ ਹੈ।
ਇਸੇ ਤਰ੍ਹਾਂ ਫ਼ਿਲਮ 'ਬਰੇਲੀ ਕੀ ਬਰਫੀ' ਵੀ 'ਫ੍ਰੈਂਚ ਕਿਸ' 'ਤੇ ਆਧਾਰਿਤ ਹੈ।
ਉਨ੍ਹਾਂ ਕਿਹਾ, ''ਹੁਣ ਇੰਟਰਨੈੱਟ ਦਾ ਯੁੱਗ ਹੈ। ਜੇਕਰ ਤੁਸੀਂ ਖੋਜ ਕਰਦੇ ਹੋ, ਤਾਂ ਤੁਹਾਨੂੰ ਕਾਪੀ ਕੀਤੀ ਗਈ ਫ਼ਿਲਮ ਅਤੇ ਇਸਦੀ ਅਸਲ ਦੋਵਾਂ ਦੇ ਲਿੰਕ ਮਿਲ ਜਾਣਗੇ ਅਤੇ ਤੁਸੀਂ ਖੁਦ ਫੈਸਲਾ ਕਰ ਸਕਦੇ ਹੋ ਕਿ 'ਚੋਰੀ' ਨੇ ਭਾਰਤੀ ਸਿਨੇਮਾ ਵਿੱਚ ਕਿਸ ਹੱਦ ਤੱਕ ਆਪਣੀ ਜਗ੍ਹਾ ਬਣਾਈ ਹੈ।
ਦਿੱਲੀ ਸਥਿਤ ਸੈਂਟਰ ਫਾਰ ਦ ਸਟੱਡੀ ਆਫ ਡਿਵੈਲਪਿੰਗ ਸੋਸਾਇਟੀਜ਼ (ਸੀਐਸਡੀਐਸ) ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰੋਗਰਾਮ ਵਿੱਚ ਐਸੋਸੀਏਟ ਪ੍ਰੋਫੈਸਰ ਰਵੀਕਾਂਤ ਦਾ ਕਹਿਣਾ ਹੈ, "ਨਕਲ ਕਰਨਾ ਮਨੁੱਖੀ ਸੁਭਾਅ ਵਿੱਚ ਹੈ ਅਤੇ ਇਹ ਕਿਸੇ ਵੀ ਚੀਜ਼ ਦੀ ਤਰੱਕੀ ਅਤੇ ਉਸਨੂੰ ਵੱਧਾਵਾ ਦੇਣ ਲਈ ਜ਼ਰੂਰੀ ਹੈ।"
ਉਨ੍ਹਾਂ ਕਿਹਾ, "ਪ੍ਰਸਿੱਧ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਨਕਲ ਜ਼ਰੂਰੀ ਹੈ।"
ਉਨ੍ਹਾਂ ਸਵਾਲ ਕੀਤਾ ਕਿ ਜਿਹੜੇ ਲੋਕ ਸਲੀਮ-ਜਾਵੇਦ 'ਤੇ ਨਕਲ ਜਾਂ ਚੋਰੀ ਦਾ ਇਲਜ਼ਾਮ ਲਗਾਉਂਦੇ ਹਨ, ਕੀ ਉਹ ਅਜਿਹਾ ਕੁਝ ਪੇਸ਼ ਕਰ ਸਕਦੇ ਹਨ ਜਾਂ ਉਹ ਲਿਖ ਸਕਦੇ ਹਨ?
ਪਰ ਜਦੋਂ ਕਿਸੇ ਦਾ ਸਿਰਜਣਾਤਮਕ ਕੰਮ ਕਿਸੇ ਹੋਰ ਦੇ ਹੱਥ ਲੱਗ ਜਾਂਦਾ ਹੈ, ਤਾਂ ਇਸ ਨੂੰ ਚੋਰੀ ਕਿਹਾ ਜਾਂਦਾ ਹੈ ਅਤੇ ਇਹ ਬਹੁਤ ਲੰਬੇ ਸਮੇਂ ਤੋਂ ਦੁਨੀਆਂ ਭਰ ਵਿੱਚ ਚੱਲ ਰਿਹਾ ਹੈ।
ਅਸੀਂ ਕਿਸ ਨੂੰ ਨਕਲ ਕੀ ਕਹਿ ਸਕਦੇ ਹਾਂ?
ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਦੀ ਡਿਕਸ਼ਨਰੀ 'ਪਲੈਜਾਰਿਸਮ' ਜਾਂ ਨਕਲ ਦੀ ਪਰਿਭਾਸ਼ਾ ਮੁਤਾਬਿਕ ਕਿਸੇ ਹੋਰ ਦੇ ਕੰਮ ਜਾਂ ਵਿਚਾਰ ਨੂੰ ਆਪਣੇ ਕੰਮ ਜਾਂ ਵਿਚਾਰ ਵਜੋਂ ਪੇਸ਼ ਕਰਨਾ ਨਕਲ ਕਰਨਾ ਹੈ।
ਫਿਰ ਭਾਵੇ ਇਹ ਮੂਲ ਲੇਖਕ ਦੀ ਸਹਿਮਤੀ ਨਾਲ ਜਾਂ ਬਿਨਾਂ ਪੁੱਛੇ ਕੀਤਾ ਗਿਆ ਹੋਵੇ।
ਭਾਵੇਂ ਨਕਲ ਕਰਨਾ ਆਪਣੇ ਆਪ ਵਿੱਚ ਕੋਈ ਜੁਰਮ ਨਹੀਂ ਹੈ, ਪਰ ਨਕਲ, ਇਕ ਕਿਸਮ ਦੀ ਧੋਖਾਧੜੀ ਨੂੰ ਕਾਪੀਰਾਈਟ ਅਤੇ ਨੈਤਿਕ ਅਧਿਕਾਰਾਂ ਦੀ ਉਲੰਘਣਾ ਵਜੋਂ ਅਦਾਲਤ ਵਿੱਚ ਸਜ਼ਾ ਦਿੱਤੀ ਜਾ ਸਕਦੀ ਹੈ।
ਇਸ ਨੂੰ ਅਕਾਦਮਿਕ ਅਤੇ ਉਦਯੋਗ ਵਿੱਚ ਇੱਕ ਗੰਭੀਰ ਨੈਤਿਕ ਅਪਰਾਧ ਮੰਨਿਆ ਜਾਂਦਾ ਹੈ।
ਦਿੱਲੀ ਦੀ ਅੰਬੇਡਕਰ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਪ੍ਰੋਫੈਸਰ ਅਤੇ ਕਾਪੀਰਾਈਟਸ ਦੇ ਮਾਹਿਰ ਪ੍ਰੋਫੈਸਰ ਲਾਰੈਂਸ ਲਿਆਂਗ ਕਹਿੰਦੇ ਹਨ, "ਸਿਨੇਮਾ ਦਾ ਇੱਕ ਲੰਮਾ ਇਤਿਹਾਸ ਹੈ ਜਿਸ ਵਿੱਚ ਵਿਅਕਤੀਗਤ ਅਤੇ ਸਮੂਹਿਕ ਤੌਰ 'ਤੇ ਕੰਮ ਕੀਤਾ ਜਾਂਦਾ ਹੈ।"
ਉਹ ਕਹਿੰਦੇ ਹਨ, "ਭਾਵ, ਤੁਸੀਂ ਬਹੁਤ ਸਪੱਸ਼ਟਤਾ ਨਾਲ ਫ਼ਰਕ ਨਹੀਂ ਕਰ ਸਕਦੇ ਕਿ ਕਿਸੇ ਨੇ ਕੀ ਕੰਮ ਕੀਤਾ ਅਤੇ ਫ਼ਿਲਮ ਦੇ ਨਿਰਮਾਣ ਵਿੱਚ ਉਸਨੇ ਕੀ ਇਨਪੁਟ ਦਿੱਤਾ। ਇਸ ਲਈ ਇਹ ਖੇਤਰ ਬਹੁਤ ਖਾਸ ਅਤੇ ਬਹੁਤ ਅਜੀਬ ਹੈ।"
ਉਨ੍ਹਾਂ ਕਿਹਾ, "ਇਸ ਲਈ, ਕਾਪੀਰਾਈਟ ਕਾਨੂੰਨ ਇਸ ਵਿੱਚ ਜ਼ਿਆਦਾ ਦਖਲ ਨਹੀਂ ਦਿੰਦਾ ਅਤੇ ਫ਼ਿਲਮ ਵਿੱਚ ਮੌਲਿਕਤਾ ਦੀ ਬਹੁਤੀ ਜ਼ਰੂਰਤ ਨਹੀਂ ਹੈ।"
ਪ੍ਰੋਫ਼ੈਸਰ ਲਿਆਂਗ ਨੇ ਕਿਹਾ, “ਭਾਰਤ ਵਿੱਚ ਸ਼ਾਇਦ ਹੀ ਕੋਈ ਅਜਿਹੀ ਫ਼ਿਲਮ ਹੋਵੇ ਜੋ ਬਾਊਂਡ ਸਕ੍ਰਿਪਟਾਂ ਨਾਲ ਬਣੀ ਹੋਵੇ। ਉਂਜ, ਸ਼ਾਇਦ ਪਹਿਲੀ ਵਾਰ ਆਮਿਰ ਖ਼ਾਨ ਦੀ ਫ਼ਿਲਮ ‘ਲਗਾਨ’ ਇੱਕ ਬੰਨ੍ਹੇ ਸਕ੍ਰਿਪਟ ਨਾਲ ਬਣੀ ਫ਼ਿਲਮ ਸੀ।
ਉਨ੍ਹਾਂ ਨੇ ਕਿਹਾ, ''ਨਹੀਂ ਤਾਂ ਆਮ ਤੌਰ 'ਤੇ ਇਕ ਆਈਡੀਆ ਹੁੰਦਾ ਹੈ ਜਿਸ 'ਤੇ ਕੰਮ ਕੀਤਾ ਜਾਂਦਾ ਹੈ ਅਤੇ ਸ਼ੂਟਿੰਗ ਦੌਰਾਨ ਬਹੁਤ ਸਾਰੇ ਪ੍ਰਯੋਗ ਕੀਤੇ ਜਾਂਦੇ ਹਨ। ਅਜਿਹੇ 'ਚ ਜੋ ਵੀ ਸਾਹਮਣੇ ਆਉਂਦਾ ਹੈ ਉਹ ਨਵੀਂ ਗੱਲ ਹੈ।''
ਪ੍ਰੋਫੈਸਰ ਲਿਆਂਗ ਨੇ ਕਿਹਾ, "ਕੁਝ ਅਜਿਹੀਆਂ ਫ਼ਿਲਮਾਂ ਆਈਆਂ ਹਨ, ਜਿਨ੍ਹਾਂ ਦੇ ਕਈ ਸੰਸਕਰਣ ਸਾਹਮਣੇ ਆਏ ਹਨ ਅਤੇ ਉਹ ਸਾਰੀਆਂ ਆਪਣੇ ਆਪ ਵਿੱਚ ਇੱਕ ਵੱਖਰਾ ਰੁਤਬਾ ਰੱਖਦੀਆਂ ਹਨ।"
ਇੱਕ ਉਦਾਹਰਣ ਦਿੰਦੇ ਹੋਏ, ਉਨ੍ਹਾਂ ਕਿਹਾ, “ਅਕੀਰਾ ਕੁਰੋਸਾਵਾ ਦੀ 1954 ਵਿੱਚ ਆਈ ਫ਼ਿਲਮ 'ਸੈਵਨ ਸਮੁਰਾਈ' ਤੋਂ ਪ੍ਰਭਾਵਿਤ ਹੋ ਕੇ, ਭਾਰਤ ਵਿੱਚ ਫ਼ਿਲਮ 'ਸਾਤ ਹਿੰਦੁਸਤਾਨੀ' ਬਣਾਈ ਗਈ ਸੀ, ਜਿਸ ਨੂੰ ਖਵਾਜਾ ਅਹਿਮਦ ਅੱਬਾਸ ਦੁਆਰਾ ਲਿਖਿਆ ਗਿਆ ਸੀ।"
ਉਨ੍ਹਾਂ ਨੇ ਦੱਸਿਆ, ''ਹਾਲੀਵੁੱਡ ਨੇ ਇਸ ਆਧਾਰ 'ਤੇ 'ਦਿ ਮੈਗਨੀਫਿਸ਼ੇਂਟ ਸੇਵਨ' ਬਣਾਈ ਹੈ, ਜਦਕਿ ਹਾਲੀਵੁੱਡ ਫ਼ਿਲਮ 'ਬੀਟਲ ਬਾਇਓਂਡ ਸਟਾਰਸ' ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਸਾਇੰਸ ਫਿਕਸ਼ਨ ਫਿਲਮ 'ਸੈਵਨ ਸਮੁਰਾਈ' ਤੋਂ ਲਈ ਹੈ।
ਪ੍ਰੋਫੈਸਰ ਲਾਰੈਂਸ ਲਿਆਂਗ ਦੇ ਅਨੁਸਾਰ, "ਕਾਪੀਰਾਈਟ ਦਾ ਮੁੱਦਾ ਉਦੋਂ ਸਾਹਮਣੇ ਆਇਆ ਜਦੋਂ ਫ਼ਿਲਮਾਂ ਦੀਆਂ ਸੀਡੀ ਅਤੇ ਡੀਵੀਡੀ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਅਤੇ ਵੇਚੀਆਂ ਗਈਆਂ।"
ਉਨ੍ਹਾਂ ਨੇ ਕਿਹਾ, "ਅੱਜ ਇਹ ਵੀ ਛੋਟ ਹੈ ਕਿ ਜੇਕਰ ਤੁਸੀਂ ਥੀਏਟਰ ਵਿੱਚ ਫ਼ਿਲਮ ਨਹੀਂ ਦੇਖ ਸਕਦੇ ਹੋ, ਤਾਂ ਤੁਸੀਂ ਪੈਸੇ ਦੇ ਕੇ ਇਸ ਨੂੰ ਆਨਲਾਈਨ ਦੇਖ ਸਕਦੇ ਹੋ, ਯਾਨੀ ਬਹੁਤ ਸਾਰੇ ਆਊਟਲੈੱਟ ਉਪਲਬਧ ਹਨ।"
ਇੱਕ ਮਸ਼ਹੂਰ ਕਹਾਵਤ ਦੀ ਵਿਆਖਿਆ ਕਰਦੇ ਹੋਏ, ਉਨ੍ਹਾਂ ਕਿਹਾ, "ਫ਼ਿਲਮਾਂ ਵਿੱਚ, ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕਿੱਥੋਂ ਆਈਡੀਆ ਪ੍ਰਾਪਤ ਕਰਦੇ ਹੋ, ਪਰ ਜ਼ਰੂਰੀ ਇਹ ਹੈ ਕਿ ਤੁਸੀਂ ਇਸਨੂੰ ਕਿੱਥੇ ਪਹੁੰਚਾਉਂਦੇ ਹੋ।"
ਇੱਕ ਕਹਾਣੀ 'ਤੇ ਆਧਾਰਿਤ ਤਿੰਨ ਵੱਖ-ਵੱਖ ਫ਼ਿਲਮਾਂ
ਪ੍ਰੋਫੈਸਰ ਲਿਆਂਗ ਨੇ ਕਿਹਾ ਕਿ ਜੇਕਰ ਤੁਸੀਂ ਸਾਲ 1936 'ਚ ਰਿਲੀਜ਼ ਹੋਈ ਫ਼ਿਲਮ 'ਇਟ ਹੈਪਨਡ ਵਨ ਨਾਈਟ' ਨੂੰ ਲੈ ਲਓ ਤਾਂ ਤੁਹਾਨੂੰ ਪਤਾ ਹੈ ਕਿ ਰਾਜ ਕਪੂਰ ਨੇ ਇਸ 'ਤੇ 'ਚੋਰੀ ਚੋਰੀ' ਫ਼ਿਲਮ ਬਣਾਈ ਅਤੇ ਫਿਰ ਮਹੇਸ਼ ਭੱਟ ਨੇ ਇਸ 'ਤੇ 'ਦਿਲ ਹੈ ਕੀ ਮਾਨਤਾ ਨਹੀਂ' ਫ਼ਿਲਮ ਬਣਾਈ।
ਜੇਕਰ ਤੁਸੀਂ ਧਿਆਨ ਦੇਓ, ਤਾਂ ਤੁਸੀਂ ਦੇਖੋਗੇ ਕਿ ਤਿੰਨੋਂ ਫ਼ਿਲਮਾਂ ਆਪਣੇ-ਆਪ 'ਚ ਵੱਖ-ਵੱਖ ਹਨ।
ਸੀਐਸਡੀਐਸ ਦੇ ਪ੍ਰੋਫੈਸਰ ਰਵੀਕਾਂਤ ਦਾ ਵੀ ਕਹਿਣਾ ਹੈ ਕਿ ਭਾਰਤ ਦੀ ਕਹਾਣੀ ਸੁਣਾਉਣ ਦੀ ਆਪਣੀ ਸ਼ੈਲੀ ਹੈ ਅਤੇ ਤੁਸੀਂ ਇਸਨੂੰ 'ਮਹਾਭਾਰਤ' ਅਤੇ 'ਰਾਮਾਇਣ' ਵਿੱਚ ਦੇਖ ਸਕਦੇ ਹਾਂ।
ਉਨ੍ਹਾਂ ਨੇ ਕਿਹਾ, "ਤੁਹਾਨੂੰ 'ਰਾਮਾਇਣ' ਦੇ ਜਿੰਨੇ ਸੰਸਕਰਣ ਉਨੇ ਹੀ 'ਮਹਾਭਾਰਤ' ਦੇ ਮਿਲਣਗੇ ਪਰ ਤੁਸੀਂ ਉਨ੍ਹਾਂ ਨੂੰ ਚੋਰੀ ਜਾਂ ਨਕਲ ਨਹੀਂ ਕਹਿ ਸਕਦੇ।"
ਪ੍ਰੋਫੈਸਰ ਲਿਆਂਗ ਦਾ ਕਹਿਣਾ ਹੈ ਕਿ ਅਨੁਰਾਗ ਕਸ਼ਯਪ ਅਤੇ ਸਲੀਮ-ਜਾਵੇਦ ਵਰਗੇ 'ਏ' ਲਿਸਟਰ ਸਕ੍ਰਿਪਟ ਰਾਈਟਰਾਂ ਨੂੰ ਛੱਡ ਕੇ ਸਕ੍ਰਿਪਟ ਰਾਈਟਰਾਂ ਦਾ ਸ਼ੋਸ਼ਣ ਹੁੰਦਾ ਹੈ।
ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਤਨਖਾਹ ਨਹੀਂ ਮਿਲਦੀ ਅਤੇ ਇਸ ਰਾਜਨੀਤਿਕ ਆਰਥਿਕਤਾ ਵਿੱਚ ਅਜਿਹਾ ਸ਼ੋਸ਼ਣ ਕਾਪੀਰਾਈਟ ਦੀ ਉਲੰਘਣਾ ਹੈ।
ਉਨ੍ਹਾਂ ਕਿਹਾ ਕਿ ਫ਼ਿਲਮਾਂ ਦੀ ਕਹਾਣੀ ਨਾਲੋਂ ਫ਼ਿਲਮਾਂ ਦੇ ਗੀਤ-ਸੰਗੀਤ ਵਿੱਚ ਨਕਲ ਜ਼ਿਆਦਾ ਹੁੰਦੀ ਹੈ ਅਤੇ ਸੰਗੀਤਕਾਰ ਬੱਪੀ ਲਹਿਰੀ ਅਤੇ ਅਨੂ ਮਲਿਕ ਇਸ ਮਾਮਲੇ ਵਿੱਚ ਬਹੁਤ ‘ਬਦਨਾਮ’ ਹਨ।
ਉਨ੍ਹਾਂ ਕਿਹਾ, "ਇਹ ਬਹੁਤ ਆਮ ਹੈ। ਇਹ ਰੀਮਿਕਸ ਵਿੱਚ ਹੋਰ ਵੀ ਆਮ ਹੈ।
ਪ੍ਰੋਫੈਸਰ ਲਿਆਂਗ ਨੇ ਕਿਹਾ, "ਫ਼ਿਲਮ 'ਮਧੂਮਤੀ' ਦਾ ਗੀਤ 'ਦਿਲ ਤਡਪ ਤਡਪ ਕਰ ਕਹ ਰਹਾ' ਪੋਲਿਸ਼ ਲੋਕ ਗੀਤ ਤੋਂ ਲਿਆ ਗਿਆ ਹੈ ਅਤੇ ਇਹ ਇੱਕ ਸੱਭਿਆਚਾਰਕ ਅਨੁਵਾਦ ਹੈ।"
ਉਨ੍ਹਾਂ ਕਿਹਾ, ''ਹੁਣ ਇੰਟਰਨੈੱਟ ਕਾਰਨ ਦੁਨੀਆ ਭਰ ਦੇ ਗੀਤ ਤੁਹਾਡੇ ਸਾਹਮਣੇ ਹਨ, ਇਸ ਲਈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਲਿਲ ਚੌਧਰੀ ਤੋਂ ਲੈ ਕੇ ਆਰਡੀ ਬਰਮਨ ਤੱਕ ਕਈ ਸੰਗੀਤਕਾਰਾਂ 'ਤੇ ਗੀਤ ਦੀ ਟਿਊਨ ਦੀ ਨਕਲ ਕਰਨ ਦਾ ਇਲਜ਼ਾਮ ਲੱਗਦਾ ਦੇਖਿਆ ਜਾ ਸਕਦਾ ਹੈ।"
ਨਕਲ ਤੇ ਲਿਖਿਆ ਗਿਆ ਲੇਖ
ਪੱਤਰਕਾਰ ਮੋਨੋਜੀਤ ਲਹਿਰੀ ਨੇ 'ਚੋਰੀ ਮੇਰਾ ਕੰਮ' ਦੇ ਸਿਰਲੇਖ ਨਾਲ ਬਾਲੀਵੁੱਡ ਵਿੱਚ ਨਕਲ ਦੇ ਵਿਸ਼ੇ 'ਤੇ ਇੱਕ ਲੇਖ ਲਿਖਿਆ ਹੈ, ਜਿਸ ਵਿੱਚ 'ਚੋਰੀ ਚੋਰੀ' ਤੋਂ ਲੈ ਕੇ ਫ਼ਿਲਮ 'ਫਰੇਬ' ਤੱਕ ਹਰ ਚੀਜ਼ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਇਹ ' ਅਨ ਲਾਅਫੁੱਲ ਐਂਟਰੀ' ਦੀ ਨਕਲ ਹੈ।
ਜੇਕਰ ਤੁਸੀਂ ਫ਼ਿਲਮ ਸਾਈਟ 'ਆਈਐੱਮਡੀਬੀ' 'ਤੇ ਜਾਓ ਤਾਂ ਤੁਹਾਨੂੰ ਦਰਜਨਾਂ ਹਿੰਦੀ ਫ਼ਿਲਮਾਂ ਦਾ ਜ਼ਿਕਰ ਮਿਲੇਗਾ ਜੋ ਹਾਲੀਵੁੱਡ ਫ਼ਿਲਮਾਂ ਦੇ ਰੀਮੇਕ ਹਨ ਜਾਂ ਉਨ੍ਹਾਂ 'ਤੇ ਆਧਾਰਿਤ ਹਨ।
ਪ੍ਰੋਫ਼ੈਸਰ ਰਵੀਕਾਂਤ ਦਾ ਕਹਿਣਾ ਹੈ ਕਿ ਅਸਲ ਵਿਚ ਸਿਰਫ਼ ਉਹੀ ਚੀਜ਼ ਨਕਲ ਕੀਤੀ ਜਾਂਦੀ ਹੈ ਜੋ ਸਫ਼ਲ ਹੁੰਦੀ ਹੈ ਜਾਂ ਜਿਹੜੀ ਚੀਜ਼ ਸਫ਼ਲ ਹੁੰਦੀ ਹੈ, ਉਸ 'ਤੇ ਨਕਲ ਦਾ ਇਲਜ਼ਾਮ ਲਗਾਇਆ ਜਾਂਦਾ ਹੈ।
ਉਨ੍ਹਾਂ ਨੇ ਇੱਕ ਫ਼ਿਲਮ ਬਾਰੇ ਚਰਚਾ ਕੀਤੀ ਜਿਸ ਵਿੱਚ ਫਿਰਾਕ ਗੋਰਖਪੁਰੀ ਦਾ ਸ਼ੇਰ ਵਰਤਿਆ ਗਿਆ ਸੀ ਅਤੇ ਫਿਰਾਕ ਗੋਰਖਪੁਰੀ ਨੇ ਕਿਸੇ ਨੂੰ ਕਿਹਾ ਸੀ ਕਿ ਉਸਨੂੰ ਇਸਦੇ ਲਈ ਪੈਸੇ ਮਿਲਣੇ ਚਾਹੀਦੇ ਹਨ।
ਇਸ 'ਤੇ ਫ਼ਿਲਮ ਮੈਗਜ਼ੀਨ 'ਸ਼ਾਮਾ' ਦੇ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸ਼ੇਰ ਦੋਗਾਣਾ ਹਰਮਨ ਪਿਆਰਾ ਹੈ। ਪਰ ਪਤਾ ਨਹੀਂ ਤੁਹਾਡੇ ਸ਼ੇਰ ਕਾਰਨ ਇਹ ਫ਼ਿਲਮ ਹਿੱਟ ਹੋਈ ਜਾਂ ਨਹੀਂ। ਇਸ ਲਈ ਪੈਸੇ ਮੰਗਣਾ ਜਿਆਦਾ ਨਹੀਂ ਸੀ ?
ਰਵੀਕਾਂਤ ਅਨੁਸਾਰ ਕਈ ਗਾਇਕ ਮੁਹੰਮਦ ਰਫ਼ੀ ਦੀ ਨਕਲ ਕਰਕੇ ਰੋਜ਼ੀ-ਰੋਟੀ ਕਮਾ ਰਹੇ ਹਨ।
ਇਸੇ ਤਰ੍ਹਾਂ ਪ੍ਰੋਫੈਸਰ ਲਿਆਂਗ ਨੇ ਕੁਮਾਰ ਸਾਨੂ ਬਾਰੇ ਇਕ ਗੱਲ ਦੱਸੀ ਕਿ ਜਦੋਂ ਉਨ੍ਹਾਂ ਨੂੰ ਕਿਸੇ ਨੇ ਪੁੱਛਿਆ ਕਿ ਉਹ ਸਿਰਫ ਕਿਸ਼ੋਰ ਕੁਮਾਰ ਦੇ ਗੀਤ ਕਿਉਂ ਗਾਉਂਦੇ ਹਨ ਤਾਂ ਉਨ੍ਹਾਂ ਨੇ ਸੰਗੀਤ ਨੂੰ ਆਪਣਾ ਧਰਮ ਅਤੇ ਕਿਸ਼ੋਰ ਕੁਮਾਰ ਨੂੰ ਆਪਣਾ ਭਗਵਾਨ ਕਿਹਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ