'ਗੁਰੂ ਨਾਨਕ ਜਹਾਜ਼' ਫਿਲਮ ʼਚ ਤਰਸੇਮ ਜੱਸੜ ਜਿਸ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਅਦਾ ਕਰ ਰਹੇ ਹਨ ਜਾਣੋ ਉਹ ਕੌਣ ਹਨ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਦੀ ਨਵੀਂ ਆ ਰਹੀ ਫ਼ਿਲਮ 'ਗੁਰੂ ਨਾਨਕ ਜਹਾਜ਼' ਚਰਚਾ ਵਿੱਚ ਹੈ।
ਫ਼ਿਲਹਾਲ ਇਸ ਫ਼ਿਲਮ ਦਾ ਇੱਕ ਪੋਸਟਰ ਹੀ ਜਾਰੀ ਕੀਤਾ ਗਿਆ ਹੈ, ਪਰ ਪੋਸਟਰ ਵਿੱਚ ਤਰਸੇਮ ਜੱਸੜ ਦੀ ਦਿੱਖ ਨੇ ਦਰਸ਼ਕਾਂ ਨੂੰ ਫ਼ਿਲਮ ਦੇ ਮੁੱਖ ਕਿਰਦਾਰ ਬਾਰੇ ਜਾਨਣ ਲਈ ਉਤਸੁਕਤਾ ਪੈਦਾ ਕਰ ਦਿੱਤੀ ਹੈ।
ਇਸ ਲਈ ਅੱਜ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਖੁੱਲ੍ਹੀ ਦਾੜੀ, ਚਿੱਟੇ ਕੱਪੜੇ ਪਾਈ ਦਿੱਖ ਰਿਹਾ ਇਹ ਸਿੱਖ ਕਿਰਦਾਰ ਕੌਣ ਹੈ?
ਇਹ ਹਨ ਮੇਵਾ ਸਿੰਘ ਲੋਪੋਕੇ। ਜਿਨ੍ਹਾਂ ਦਾ ਕਿਰਦਾਰ ਤਰਸੇਮ ਜੱਸੜ ਨਿਭਾ ਰਹੇ ਹਨ।
"ਮੇਰਾ ਧਰਮ ਮੈਨੂੰ ਕਿਸੇ ਨਾਲ ਦੁਸ਼ਮਣੀ ਕਰਨਾ ਨਹੀਂ ਸਿਖਾਉਂਦਾ, ਨਾ ਹੀ ਮੇਰੀ ਮਿਸਟਰ ਹੌਪਕਿਨਸਨ ਨਾਲ ਕੋਈ ਦੁਸ਼ਮਣੀ ਸੀ। ਉਹ ਗਰੀਬਾਂ 'ਤੇ ਬਹੁਤ ਜ਼ੁਲਮ ਕਰ ਰਿਹਾ ਸੀ। ਮੈਂ ਉਸੇ ਖੁਸ਼ੀ ਨਾਲ ਫਾਂਸੀ ਵੱਲ ਵਧਾਂਗਾ ਜਿਵੇਂ ਇੱਕ ਭੁੱਖਾ ਬੱਚਾ ਆਪਣੀ ਮਾਂ ਕੋਲ ਜਾਂਦਾ ਹੈ।"
ਇਹ ਸ਼ਬਦ ਮੇਵਾ ਸਿੰਘ ਲੋਪੋਕੇ ਦਾ ਉਹ ਬਿਆਨ ਹੈ ਜੋ ਉਨ੍ਹਾਂ ਨੇ ਕੈਨੇਡਾ ਦੀ ਅਦਾਲਤ ਵਿੱਚ ਉਸ ਵੇਲੇ ਦਿੱਤਾ ਜਦੋਂ ਉਨ੍ਹਾਂ ਨੂੰ ਇੱਕ ਅੰਗਰੇਜ਼ ਅਫ਼ਸਰ ਨੂੰ ਕਤਲ ਕਰਨ ਦੇ ਇਲਜ਼ਾਮ ਹੇਠ ਫਾਂਸੀ ਦੀ ਸਜ਼ਾ ਸੁਣਾਈ ਜਾ ਰਹੀ ਸੀ।
ਮੇਵਾ ਸਿੰਘ ਲੋਪੋਕੇ ਉਹ ਪਹਿਲੇ ਸਿੱਖ ਹਨ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਫਾਂਸੀ ਦਿੱਤੀ ਗਈ। ਮੇਵਾ ਸਿੰਘ ਲੋਪੋਕੇ ਨੂੰ 11 ਜਨਵਰੀ 1915 ਨੂੰ ਨਿਊ ਵੈਸਟਮਿਨਸਟਰ ਵਿੱਚ ਫਾਂਸੀ ਦਿੱਤੀ ਗਈ ਸੀ।
ਮੇਵਾ ਸਿੰਘ ਨੇ ਕੈਨੇਡਾ ਦੇ ਪਰਵਾਸ ਅਫ਼ਸਰ ਵਿਲੀਅਮ ਸੀ ਹੌਪਕਿਨਸਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਮੇਵਾ ਸਿੰਘ ਨੇ ਜੱਜਾਂ ਸਾਹਮਣੇ ਵਿਲੀਅਮ ਹੌਪਕਿਨਸਨ ਉੱਤੇ ਭਾਰਤੀਆਂ ਨਾਲ ਨਸਲੀ ਵਿਤਕਰਾ ਕਰਨ ਦੇ ਇਲਜ਼ਾਮ ਲਾਏ ਸਨ।
ਮੇਵਾ ਸਿੰਘ ਲੋਪੋਕੇ ਕੌਣ ਸਨ?
ਮੇਵਾ ਸਿੰਘ ਲੋਪੋਕੇ ਦਾ ਜਨਮ 1880 ਵਿੱਚ ਅੰਮ੍ਰਿਤਸਰ ਦੇ ਪਿੰਡ ਲੋਪੋਕੇ ਵਿੱਚ ਹੋਇਆ ਸੀ।
ਪਿਤਾ ਦਾ ਨਾਮ ਨੰਦ ਸਿੰਘ ਸੀ। ਉਹ 1906 ਵਿੱਚ ਕੰਮ ਕਾਰ ਦੀ ਭਾਲ ਵਿੱਚ ਕੈਨੇਡਾ ਪਹੁੰਚੇ ਸਨ। ਡਿਕਸ਼ਨਰੀ ਆਫ਼ ਕੈਨੇਡੀਅਨ ਬਾਇਓਗ੍ਰਾਫੀ ਮੁਤਾਬਕ ਇਸ ਸਮੇਂ ਦੌਰਾਨ ਕੈਨੇਡਾ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ 5000 ਦੇ ਕਰੀਬ ਸੀ।
ਕੈਨੇਡਾ ਪਹੁੰਚ ਕੇ ਮੇਵਾ ਸਿੰਘ ਲੋਪੋਕੇ ਨੇ ਨਿਊ ਵੈਸਟਮਿਨਸਟਰ ਵਿੱਚ ਇੱਕ ਫ਼ਰੇਜ਼ਰ ਮਿੱਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ।
ਕੰਮ ਤੋਂ ਵਹਿਲੇ ਹੋ ਕੇ ਉਹ ਵੈਨਕੂਵਰ ਗੁਰਦੁਆਰੇ ਵਿੱਚ ਗ੍ਰੰਥੀ ਵਜੋਂ ਵੀ ਕੰਮ ਕਰਦੇ ਸਨ। ਮੇਵਾ ਸਿੰਘ ਕੈਨੇਡਾ ਵਿੱਚ ਬ੍ਰਿਟਿਸ਼ ਸਰਕਾਰ ਖ਼ਿਲਾਫ਼ ਇੱਕਜੁਟ ਹੁੰਦੇ ਪੰਜਾਬੀਆਂ ਨਾਲ ਮਿਲਦੇ ਰਹਿੰਦੇ ਸਨ।
ਰਾਜਵਿੰਦਰ ਸਿੰਘ ਰਾਹੀ 'ਕਾਮਾਗਾਟਾ ਮਾਰੂ' ਕਿਤਾਬ ਦੇ ਲੇਖਕ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਕੈਨੇਡਾ ਵਿੱਚ ਜਦੋਂ ਸਿੱਖ ਸੰਗਤ ਵੈਨਕੂਵਰ ਵਿੱਚ ਕੈਨੇਡਾ ਦਾ ਪਹਿਲਾ ਗੁਰਦੁਆਰਾ ਬਣਾਉਣ ਲਈ ਕੰਮ ਕਰ ਰਹੀ ਸੀ ਤਾਂ ਮੇਵਾ ਸਿੰਘ ਨੇ ਵੀ ਆਪਣਾ ਯੋਗਦਾਨ ਪਾਇਆ।
"ਉਹ ਪੰਜਾਬ ਤੋਂ ਆਏ ਲੋਕਾਂ ਕੋਲੋਂ ਉਗਰਾਹੀ ਕਰ ਕੇ ਲੈ ਕੇ ਆਉਂਦੇ ਸਨ। ਉਨ੍ਹਾਂ ਨੇ 21 ਜੂਨ 1908 ਨੂੰ ਵੈਨਕੂਵਰ ਦੇ ਗੁਰਦੁਆਰੇ ਵਿੱਚ ਹੋਏ ਅੰਮ੍ਰਿਤ ਸੰਚਾਰ ਦੌਰਾਨ ਅੰਮ੍ਰਿਤ ਛਕ ਲਿਆ ਸੀ।"
ਕੈਨੇਡਾ ਵਿੱਚ ਘੱਟਦੀ ਸਿੱਖ ਅਬਾਦੀ ਬਾਰੇ ਚਿੰਤਾ
ਖਾਲਸਾ ਦੀਵਾਨ ਸੁਸਾਇਟੀ ਦੀ ਵੈੱਬਸਾਈਟ ਮੁਤਾਬਕ 1908 ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀ ਸਿੱਖ ਆਬਾਦੀ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਗਈ। ਜੋ ਆਬਾਦੀ 1908 ਵਿੱਚ ਲਗਭਗ 6000 ਤੱਕ ਪਹੁੰਚ ਗਈ ਸੀ, ਉਹ 1910 ਤੱਕ ਘੱਟ ਕੇ ਲਗਭਗ 2200 ਰਹਿ ਗਈ।
ਮੇਵਾ ਸਿੰਘ ਕੈਨੇਡਾ ਵਿੱਚ ਸਿੱਖਾਂ ਨਾਲ ਹੁੰਦੇ ਵਿਤਕਰੇ ਨੂੰ ਚੰਗੀ ਤਰ੍ਹਾਂ ਦੇਖ ਸਮਝ ਰਹੇ ਸਨ। ਪਰ ਬਾਵਜੂਦ ਇਸ ਦੇ ਉਨ੍ਹਾਂ ਨੇ ਕੈਨੇਡਾ ਵਿੱਚ ਰਹਿਣ ਦਾ ਫ਼ੈਸਲਾ ਕੀਤਾ।
ਮੇਵਾ ਸਿੰਘ ਉੱਤੇ ਕਾਮਾਗਾਟਾ ਮਾਰੂ ਘਟਨਾ ਦਾ ਡੂੰਘਾ ਪ੍ਰਭਾਵ
ਰਾਜਵਿੰਦਰ ਸਿੰਘ ਰਾਹੀ ਦੱਸਦੇ ਹਨ, "ਜਦੋਂ 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਗੁਰੂ ਨਾਨਕ ਜਹਾਜ਼ (ਕਾਮਾਗਾਟਾ ਮਾਰੂ ਜਹਾਜ਼) ਵਿੱਚ 376 ਯਾਤਰੀਆਂ ਨੂੰ ਲੈ ਕੇ ਵੈਨਕੂਵਰ ਦੇ ਕੰਢੇ ਪਹੁੰਚ ਗਏ ਤਾਂ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਕੈਨੇਡਾ ਵਿੱਚ ਉਤਰਨ ਨਹੀਂ ਦਿੱਤਾ।"
ਮੇਵਾ ਸਿੰਘ ਸਮੇਤ ਉੱਤਰੀ ਅਮਰੀਕਾ 'ਚ ਵਸਦੇ ਸਾਰੇ ਗ਼ਦਰ ਪਾਰਟੀ ਸਮਰਥਕਾਂ ਅੰਦਰ ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ।
ਵੈਨਕੂਵਰ ਦੇ ਸਿੱਖ ਭਾਈਚਾਰੇ ਵੱਲੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਅਗਵਾਈ ਅਧੀਨ ਇਨ੍ਹਾਂ ਮੁਸਾਫ਼ਰਾਂ ਨੂੰ ਕੈਨੇਡਾ ਵਿੱਚ ਉਤਾਰਨ ਲਈ ਸੰਘਰਸ਼ ਵਿੱਢਿਆ ਗਿਆ।
ਇਸ ਸੰਘਰਸ਼ ਵਿੱਚ ਮੇਵਾ ਸਿੰਘ ਨੇ ਭਾਗ ਸਿੰਘ ਤੇ ਬਲਵੰਤ ਸਿੰਘ ਦੇ ਸਾਥੀ ਬਣ ਕੇ ਮੋਹਰੀ ਰੋਲ ਨਿਭਾਇਆ।
ਜੁਲਾਈ 1914 ਵਿੱਚ ਭਾਗ ਸਿੰਘ, ਬਲਵੰਤ ਸਿੰਘ, ਬਾਬੂ ਹਰਨਾਮ ਸਿੰਘ ਸਾਹਰੀ ਤੇ ਮੇਵਾ ਸਿੰਘ, ਗੁਰੂ ਨਾਨਕ ਜਹਾਜ਼ ਦੇ ਸੰਘਰਸ਼ ਸਬੰਧੀ ਅਮਰੀਕਾ ਦੀ ਸਿੱਖ ਸੰਗਤ ਨਾਲ ਸਲਾਹ ਮਸ਼ਵਰਾ ਕਰਨ ਲਈ ਐਬਟਸਫੋਰਡ ਨੇੜਿਓਂ ਸਰਹੱਦ ਪਾਰ ਕਰ ਕੇ ਅਮਰੀਕਾ ਵਿੱਚ ਪਹੁੰਚੇ ਸਨ।
ਪਰ ਵਾਪਸੀ ਉੱਤੇ ਭਾਗ ਸਿੰਘ, ਬਲਵੰਤ ਸਿੰਘ ਤੇ ਬਾਬੂ ਹਰਨਾਮ ਸਿੰਘ ਸਾਹਰੀ ਨੂੰ ਅਮਰੀਕਾ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਸੂਮਾਸ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ।
ਜਦਕਿ ਮੇਵਾ ਸਿੰਘ ਸਰਹੱਦ ਪਾਰ ਕਰਕੇ ਕੈਨੇਡਾ ਵਿੱਚ ਦਾਖ਼ਲ ਹੋ ਗਏ ਸਨ। ਪਰ ਉਨ੍ਹਾਂ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਮੌਕੇ ਮੇਵਾ ਸਿੰਘ ਕੋਲੋਂ ਦੋ ਰਿਵਾਲਵਰ ਤੇ ਪੰਜ ਸੌ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਰਾਜਵਿੰਦਰ ਸਿੰਘ ਰਾਹੀ ਕਹਿੰਦੇ ਹਨ, "ਇਨ੍ਹਾਂ ਹਥਿਆਰਾਂ ਦੀ ਕਦੋਂ, ਕਿੱਥੇ ਤੇ ਕਿਵੇਂ ਵਰਤੋਂ ਕੀਤੀ ਜਾਣੀ ਸੀ, ਇਹ ਸਪੱਸ਼ਟ ਨਹੀਂ ਹੋ ਸਕਿਆ ਪਰ ਮੇਵਾ ਸਿੰਘ ਉੱਪਰ ਵਿਲੀਅਮ ਹੌਪਕਿਨਸਨ ਅਤੇ ਇਮੀਗ੍ਰੇਸ਼ਨ ਵਿਭਾਗ ਦੇ ਹੈੱਡ ਮੈਲਕਮ ਰੀਡ ਵਲੋਂ ਦਬਾਅ ਪਾਇਆ ਗਿਆ ਕਿ ਉਹ ਸਿੱਖ ਆਗੂਆਂ ਵਿਰੁੱਧ ਬਿਆਨ ਦੇਵੇ ਕਿ ਇਹ ਹਥਿਆਰ ਉਨ੍ਹਾਂ ਵੱਲੋਂ ਵਰਤੇ ਜਾਣੇ ਸਨ।"
ਪਰ ਮੇਵਾ ਸਿੰਘ ਨੇ ਅਜਿਹਾ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਮੇਵਾ ਸਿੰਘ ਨੂੰ 50 ਡਾਲਰ ਦਾ ਜ਼ੁਰਮਾਨਾ ਲਗਾ ਕੇ 7 ਅਗਸਤ 1914 ਨੂੰ ਰਿਹਾਅ ਕਰ ਦਿੱਤਾ ਸੀ।
ਰਾਜਵਿੰਦਰ ਸਿੰਘ ਰਾਹੀ ਕਹਿੰਦੇ ਹਨ, "ਅਮਰੀਕਾ ਵਿੱਚ ਗਦਰ ਪਾਰਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਵੀ ਇਸਦਾ ਅਸਰ ਦਿਖਣ ਲੱਗ ਗਿਆ ਸੀ। ਲਹਿਰ ਕੈਨੇਡਾ ਵਿੱਚ ਵੀ ਲਗਾਤਾਰ ਵੱਧ ਰਹੀ ਸੀ।"
"ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਸਿੱਖ ਗਦਰ ਪਾਰਟੀ ਦੀਆਂ ਯੋਜਨਾਵਾਂ ਉਲੀਕਣ ਲਈ ਇਕੱਠੇ ਹੁੰਦੇ ਸਨ।"
ਕੈਨੇਡਾ ਦਾ ਪਰਵਾਸ ਇੰਸਪੈਕਟਰ ਵਿਲੀਅਮ ਹੌਪਕਿਨਸਨ ਇਸ ਲਹਿਰ ਨੂੰ ਖਤਮ ਕਰਨਾ ਚਾਹੁੰਦਾ ਸੀ।
5 ਸਤੰਬਰ, 1914 ਨੂੰ ਹੌਪਕਿਨਸਨ ਨੇ ਆਪਣੇ ਇੱਕ ਕਰੀਬੀ ਬੇਲਾ ਤੋਂ ਦੋ ਸਿੱਖਾਂ ਭਾਗ ਸਿੰਘ ਅਤੇ ਬਧਨ ਸਿੰਘ ਦਾ ਕਤਲ ਕਰਵਾ ਦਿੱਤਾ। ਮੇਵਾ ਸਿੰਘ ਸਮੇਤ ਕੈਨੇਡਾ ਵੱਸਦੇ ਸਾਰੇ ਸਿੱਖ ਇਸ ਘਟਨਾ ਤੋਂ ਦੁਖੀ ਸਨ।
ਥੋੜ੍ਹੇ ਸਮੇਂ ਅੰਦਰ ਮੇਵਾ ਸਿੰਘ ਜੀ ਨੂੰ ਵੀ ਇੰਸਪੈਕਟਰ ਹੌਪਕਿਨਸਨ ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਨ੍ਹਾਂ ਨੇ ਬੇਲਾ ਦੇ ਹੱਕ ਵਿੱਚ ਗਵਾਹੀ ਨਹੀਂ ਦਿੱਤੀ ਤਾਂ ਉਨ੍ਹਾਂ ਨੂੰ ਵੀ ਭਾਗ ਸਿੰਘ ਅਤੇ ਬਧਨ ਸਿੰਘ ਵਾਂਗ ਕਤਲ ਕਰ ਦਿੱਤਾ ਜਾਵੇਗਾ।
ਵਿਲੀਅਮ ਹੌਪਕਿਨਸਨ ਕੌਣ ਸੀ?
ਯੂਨੀਵਰਸਿਟੀ ਆਫ਼ ਵਿਕਟੋਰੀਆ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇੱਕ ਰਿਪੋਰਟ ਮੁਤਾਬਕ ਹੌਪਕਿਨਸਨ ਦਾ ਨਾਮ ਚਾਰਲਸ ਵਿਲੀਅਮ ਹੌਪਕਿਨਸਨ ਸੀ। ਉਨ੍ਹਾਂ ਦੀ ਮਾਂ ਭਾਰਤੀ ਮੂਲ ਦੀ ਸੀ। ਉਹ 1908 ਵਿੱਚ ਕੈਨੇਡਾ ਪਹੁੰਚੇ ਸਨ।
ਉਹ ਕੈਨੇਡਾ ਵਿੱਚ ਪਰਵਾਸ ਇੰਸਪੈਕਟਰ ਸੀ ਅਤੇ ਸਰਕਾਰ ਦੇ ਇੰਟੈਲੀਜੈਂਸ ਅਫਸਰ ਵੱਜੋਂ ਕੰਮ ਕਰਦਾ ਸੀ।
ਰਾਜਵਿੰਦਰ ਸਿੰਘ ਰਾਹੀ ਨੇ ਬੀਬੀਸੀ ਨੂੰ ਦੱਸਿਆ, "ਵੈਨਕੂਵਰ ਦੀ ਅਦਾਲਤ ਵਿੱਚ ਬੇਲਾ ਸਿੰਘ ਵਿਰੁੱਧ ਭਾਗ ਸਿੰਘ ਅਤੇ ਬਧਨ ਸਿੰਘ ਦੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ। ਮੇਵਾ ਸਿੰਘ ਵੀ ਹਰ ਪੇਸ਼ੀ 'ਤੇ ਜਾਂਦੇ ਸਨ। 21 ਅਕਤੂਬਰ 1914 ਨੂੰ ਵੀ ਮੇਵਾ ਸਿੰਘ ਆਮ ਵਾਂਗ ਹੀ ਪੇਸ਼ੀ `ਤੇ ਅਦਾਲਤ ਵਿੱਚ ਗਏ ਸਨ।"
"ਸਵੇਰ ਦੇ ਦਸ ਵੱਜ ਕੇ ਬਾਰਾਂ ਮਿੰਟ ਹੋਏ ਸਨ, ਵਿਲੀਅਮ ਹੌਪਕਿਨਸਨ ਕੋਰਟ ਵਿੱਚ ਦਾਖ਼ਲ ਹੋਣ ਵਾਲੇ ਦਰਵਾਜ਼ੇ ਅੱਗੇ ਖੜ੍ਹਾ ਸੀ। ਮੇਵਾ ਸਿੰਘ ਬਿਲਕੁਲ ਹੀ ਸ਼ਾਂਤ ਚਿੱਤ ਉਸ ਕੋਲ ਪਹੁੰਚੇ। ਆਪਣੀ ਪੈਂਟ ਵਿੱਚੋਂ ਹੱਥ ਬਾਹਰ ਕੱਢਦਿਆਂ ਆਪਣਾ ਪਿਸਤੌਲ ਕੱਢਿਆ ਤੇ ਹੌਪਕਿਨਸਨ ਦੇ ਗੋਲੀਆਂ ਮਾਰ ਦਿੱਤੀਆਂ।
ਅਦਾਲਤ ਵਿੱਚ ਹਫੜਾ ਤਫੜੀ ਮੱਚ ਗਈ। ਰਾਜਵਿੰਦਰ ਸਿੰਘ ਕਹਿੰਦੇ ਹਨ,"ਪੁਲਿਸ ਕੋਲ ਦਿੱਤੇ ਬਿਆਨ ਵਿੱਚ ਮੇਵਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਹੌਪਕਿਨਸਨ ਦੇ ਨਾਲ ਮੈਲਕਮ ਰੀਡ ਨੂੰ ਵੀ ਮਾਰਨਾ ਸੀ ਪਰ ਅੱਜ ਨਾ ਆਉਣ ਕਰਕੇ ਉਹ ਬਚ ਗਿਆ ਹੈ।"
ਮੇਵਾ ਸਿੰਘ ਲੋਪੋਕੇ ਨੂੰ ਫਾਂਸੀ ਦੀ ਸਜ਼ਾ
ਭਾਰਤ ਸਰਕਾਰ ਦੀ ਵੈਬਸਾਈਟ 'ਆਜ਼ਾਦੀ ਕਾ ਮਹਾਂਉਤਸਵ' ਮੁਤਾਬਕ ਕੈਨੇਡਾ ਦੇ ਅਧਿਕਾਰੀਆਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਵਾ ਸਿੰਘ ਪਾਗਲ ਸੀ ਅਤੇ ਉਨ੍ਹਾਂ ਨੇ ਗ਼ਦਰ ਪਾਰਟੀ ਦੇ ਮੈਂਬਰਾਂ ਦੇ ਪ੍ਰਭਾਵ ਹੇਠ ਹੌਪਕਿਨਸਨ ਦਾ ਕਤਲ ਕੀਤਾ ਸੀ। ਪਰ ਮੇਵਾ ਸਿੰਘ ਨੇ ਕਤਲ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣ ਦੀ ਗੱਲ ਖੁਦ ਕਬੂਲ ਕੀਤੀ।
ਅਦਾਲਤੀ ਕਾਰਵਾਈ 30 ਅਕਤੂਬਰ, 1914 ਨੂੰ ਸ਼ੁਰੂ ਹੋਈ ਅਤੇ 11 ਜਨਵਰੀ, 1915 ਨੂੰ ਸਮਾਪਤ ਹੋਈ।
ਮੇਵਾ ਸਿੰਘ ਨੇ ਜੱਜਾਂ ਸਾਹਮਣੇ ਆਪਣੇ ਬਿਆਨ ਵਿੱਚ ਕੈਨੇਡਾ ਵਿੱਚ ਹੁੰਦੇ ਨਸਲੀ ਪੱਖਪਾਤ, ਬ੍ਰਿਟਿਸ਼ ਗੁਲਾਮੀ ਅਤੇ ਕੈਨੇਡੀਅਨ ਪਰਵਾਸ ਅਧਿਕਾਰੀਆਂ ਦੁਆਰਾ ਪ੍ਰਵਾਸੀਆਂ ਨਾਲ ਕੀਤੇ ਜਾਂਦੇ ਮਾੜੇ ਵਿਵਹਾਰ ਬਾਰੇ ਸਪੱਸ਼ਟ ਟਿੱਪਣੀਆਂ ਕੀਤੀਆਂ।
ਜਿਸ ਤੋਂ ਬਾਅਦ 30 ਅਕਤੂਬਰ 1914 ਨੂੰ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਮੇਵਾ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ।
11 ਜਨਵਰੀ 1915 ਨੂੰ ਨਿਊ ਵੈਸਟਮਿਨਸਟਰ ਵਿੱਚ ਸਵੇਰੇ 7:15 ਮਿੰਟ ਉੱਤੇ ਮੇਵਾ ਸਿੰਘ ਲੋਪੋਕੇ ਨੂੰ ਫਾਂਸੀ ਦੇ ਦਿੱਤੀ ਗਈ। ਖਾਲਸਾ ਦੀਵਾਨ ਸੁਸਾਇਟੀ ਮੁਤਾਬਕ ਮੇਵਾ ਸਿੰਘ ਦੀ ਮ੍ਰਿਤਕ ਦੇਹ ਨੂੰ ਪ੍ਰਾਪਤ ਕਰਨ ਲਈ ਚਾਰ ਸੌ ਸਿੱਖ ਬਾਹਰ ਖੜ੍ਹੇ ਰਹੇ।
ਉਨ੍ਹਾਂ ਨੇ ਸ਼ਹਿਰ ਵਿੱਚੋਂ ਇੱਕ ਵੱਡਾ ਮਾਰਚ ਕੱਢਿਆ ਅਤੇ ਮੇਵਾ ਸਿੰਘ ਦੇ ਸਰੀਰ ਦਾ ਸਸਕਾਰ ਫਰੇਜ਼ਰ ਮਿੱਲਜ਼ ਵਿਖੇ ਕੀਤਾ ਗਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ