ਦੀਵਾਲੀ: ਪਟਾਕਾ ਬੀਮਾ ਕੀ ਹੈ, ਨੌਕਰੀ ਦਾ ਬੀਮਾ ਤੇ ਸਰੀਰ ਦੇ ਅੰਗਾਂ ਦਾ ਵੀ ਬੀਮਾ ਹੈ, ਜਾਣੋ ਥੋੜ੍ਹੇ ਵਕਤ ਦੀਆਂ ਬੀਮਾ ਯੋਜਨਾਵਾਂ ਬਾਰੇ

ਦੀਵਾਲੀ ਮੌਕੇ ਅਨਾਰ ਚਲਾਉਂਦੀ ਬੀਬੀ ਅਤੇ ਫੁਲਝੜੀ ਚਲਾ ਰਹੀ ਕੁੜੀ ਦਾ ਕੋਲਾਜ

ਤਸਵੀਰ ਸਰੋਤ, Getty Images

ਪਿਛਲੇ ਦਿਨਾਂ ਦੌਰਾਨ ਕਈ ਕਿਸਮ ਦੀਆਂ ਬੀਮਾ ਯੋਜਨਾਵਾਂ ਆ ਗਈਆਂ ਹਨ।

ਇਨ੍ਹਾਂ ਵਿੱਚੋਂ ਇੱਕ ਹੈ ਆਰਜ਼ੀ ਜਾਂ ਟੈਂਪੋਰੇਰੀ ਬੀਮਾ। ਇਨ੍ਹਾਂ ਨੂੰ ਛੋਟੀ ਮਿਆਦ ਦੀਆਂ ਬੀਮਾ ਯੋਜਨਾਵਾਂ ਵੀ ਕਿਹਾ ਜਾਂਦਾ ਹੈ। ਯਾਨੀ ਇਨ੍ਹਾਂ ਦੀ ਮਿਆਦ ਬਹੁਤ ਘੱਟ ਹੁੰਦੀ ਹੈ।

ਮਿਸਾਲ ਵਜੋਂ, ਦੀਵਾਲੀ ਲਈ ਫ਼ੋਨਪੇ ਐਪ ਨੇ 9 ਰੁਪਏ ਦੇ ਪ੍ਰੀਮੀਅਮ ਉੱਤੇ ਪਟਾਕਾ ਬੀਮਾ ਪੇਸ਼ ਕੀਤਾ ਹੈ।

ਇਹ ਬੀਮਾ ਦੀਵਾਲੀ 'ਤੇ ਪਟਾਕੇ ਚਲਾਉਣ ਦੌਰਾਨ ਸੱਟ ਲੱਗਣ 'ਤੇ 25,000 ਰੁਪਏ ਤੱਕ ਦਾ ਕਵਰ ਦਿੰਦਾ ਹੈ।

ਇਸ ਪਟਾਕਾ ਬੀਮੇ ਦੀ ਮਿਆਦ ਮਹਿਜ਼ 10 ਦਿਨ ਹੈ।

ਬੀਮੇ ਜੋ ਇੱਕ ਨਿਸ਼ਚਿਤ ਮਿਆਦ ਨੂੰ ਕਵਰ ਕਰਦੀਆਂ ਹਨ। ਉਨ੍ਹਾਂ ਨੂੰ ਛੋਟੀ ਮਿਆਦ ਦੇ ਬੀਮੇ ਕਿਹਾ ਜਾਂਦਾ ਹੈ।

ਫ਼ੋਨਪੇ ਵਲੋਂ ਪੇਸ਼ ਕੀਤੀ ਗਈ ਯੋਜਨਾ ਵਿੱਚ ਹਸਪਤਾਲ ਵਿੱਚ ਭਰਤੀ ਅਤੇ ਡੇ-ਕੇਅਰ ਇਲਾਜ ਦੀਆਂ ਸਹੂਲਤਾਂ ਦੇ ਨਾਲ-ਨਾਲ ਦੁਰਘਟਨਾ ਵਿੱਚ ਮੌਤ ਲਾਭ ਵੀ ਸ਼ਾਮਿਲ ਹੈ।

'ਇੰਸ਼ਿਓਰ ਪਲੱਸ ਫ਼ਿਨਸਰਵ' ਦੇ ਸੰਸਥਾਪਕ ਐੱਚ ਸਤੀਸ਼ ਕੁਮਾਰ ਬੀਮਾ ਸਲਾਹਕਾਰ ਵਜੋਂ ਕੰਮ ਕਰਦੇ ਹਨ।

ਉਹ ਦੱਸਦੇ ਹਨ, “9 ਰੁਪਏ ਵਿੱਚ, ਉਹ ਜੋ ਸਹੂਲਤਾਂ ਦਿੰਦੇ ਹਨ ਉਹ ਵਧੀਆ ਹਨ। ਲੇਕਿਨ, ਇਹ ਨਾ ਸੋਚੋ ਕਿ ਇਸ ਕਿਸਮ ਦੀਆਂ ਛੋਟੀਆਂ-ਮਿਆਦ ਦੇ ਬੀਮੇ ਸਾਡੀ ਸੁਰੱਖਿਆ ਲਈ ਕੋਈ ਬਹੁਤ ਵੱਡੀ ਢਾਲ ਹਨ।”

“ਜ਼ਿਆਦਾਤਰ ਲੋਕ ਸਿਹਤ ਬੀਮਾ, ਟਰਮ ਬੀਮਾ ਬਾਰੇ ਜਾਣਦੇ ਹਨ। ਛੋਟੀ ਮਿਆਦ ਦੇ ਬੀਮਿਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।”

ਸਤੀਸ਼ ਕਹਿੰਦੇ ਹਨ, “ਇਨ੍ਹਾਂ ਬਾਰੇ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਹੀ ਕੋਈ ਬੀਮਾ ਲੈਣਾ ਚਾਹੀਦਾ ਹੈ।”

ਛੋਟੀ ਮਿਆਦ ਦਾ ਬੀਮਾ ਕੀ ਹੈ?

ਵੰਦੇ ਭਾਰਤ ਰੇਲ ਦੀ ਤਸਵੀਰ

ਤਸਵੀਰ ਸਰੋਤ, @RailMinIndia/X

ਆਮ ਤੌਰ 'ਤੇ, ਇੱਕ ਹਫ਼ਤੇ ਤੋਂ ਲੈ ਕੇ ਇੱਕ ਸਾਲ ਤੋਂ ਘੱਟ ਸਮੇਂ ਲਈ ਦੀ ਬੀਮਾ ਯੋਜਨਾ ਨੂੰ 'ਥੋੜ੍ਹੇ ਸਮੇਂ ਦੀ ਬੀਮਾ' ਯੋਜਨਾ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਹੇਠ ਲਿਖੇ ਬੀਮਿਆਂ ਦੇ ਵਿਕਲਪ ਮੌਜੂਦ ਹਨ—

ਸਿਹਤ ਬੀਮਾ

ਆਮ ਤੌਰ 'ਤੇ ਸਿਹਤ ਬੀਮਾ ਇੱਕ ਸਾਲ ਲਈ ਲਿਆ ਜਾਂਦਾ ਹੈ।

ਹੁਣ, ਫ਼ੋਨਪੇ ਵਰਗੀਆਂ ਕੁਝ ਕੰਪਨੀਆਂ 3 ਮਹੀਨਿਆਂ ਅਤੇ 6 ਮਹੀਨਿਆਂ ਲਈ ਬੀਮਾ ਮੁਹੱਈਆ ਕਰਦੀਆਂ ਹਨ।

ਕੁਝ ਲੋਕ ਪ੍ਰੀਮੀਅਮ ਘੱਟ ਹੋਣ ਕਰਕੇ ਅਜਿਹੀਆਂ ਯੋਜਨਾਵਾਂ ਨੂੰ ਖ਼ਰੀਦਣਾ ਪਸੰਦ ਕਰਦੇ ਹਨ।

ਇਸ ਤੋਂ ਇਲਾਵਾ ਉਹ ਇੱਕ ਬੀਮੇ ਤੋਂ ਦੂਜੇ ਵਿੱਚ ਬਦਲਣ ਲਈ ਵੀ ਥੋੜ੍ਹੇ ਸਮੇਂ ਦੀਆਂ ਯੋਜਨਾਵਾਂ ਦਾ ਸਹਾਰਾ ਲੈਂਦੇ ਹਨ।

ਯਾਤਰਾ ਬੀਮਾ

ਆਈਆਰਟੀਸੀ ਵਲੋਂ ਰੇਲ ਟਿਕਟ ਬੁੱਕ ਕਰਨ ਮੌਕੇ ਯਾਤਰਾ ਬੀਮਾ ਦਿੱਤਾ ਜਾਂਦਾ ਹੈ। ਯਾਤਰਾ ਦੌਰਾਨ ਹਾਦਸੇ ਵਿੱਚ ਮੌਤ ਜਾਂ ਸਥਾਈ ਅਪੰਗਤਾ ਦੀ ਸਥਿਤੀ ਵਿੱਚ 10 ਲੱਖ ਰੁਪਏ ਦਿੱਤੇ ਜਾਣਗੇ।

ਇਸੇ ਤਰ੍ਹਾਂ ਰੈਪੀਡੋ, ਊਬਰ, ਓਲਾ ਵਰਗੀਆਂ ਕੰਪਨੀਆਂ ਵੀ ਸਫ਼ਰ ਲਈ ਛੋਟੀ ਰਕਮ ਵਸੂਲੀ ਕਰਦੀਆਂ ਹਨ ਅਤੇ ਬੀਮਾ ਦਿੰਦੀਆਂ ਹਨ। ਲੇਕਿਨ ਅਜਿਹਾ ਬੀਮਾ ਲੈਣਾ ਲਾਜ਼ਮੀ ਨਹੀਂ ਹੈ।

ਸਤੀਸ਼ ਕਹਿੰਦੇ ਹਨ, “ਆਈਆਰਸੀਟੀਸੀ ਅਤੇ ਹੋਰ ਏਜੰਸੀਆਂ ਯਾਤਰਾ ਬੀਮੇ ਲਈ ਸਿਰਫ ਨਾ-ਮਾਤਰ ਫੀਸ ਲੈਂਦੀਆਂ ਹਨ।”

“ਜੋ ਵੱਡੀ ਮਾਤਰਾ ਵਿੱਚ ਟਰਮ ਇੰਸ਼ੋਰੈਂਸ ਅਤੇ ਸਿਹਤ ਬੀਮਾ ਵੱਖਰੇ ਤੌਰ 'ਤੇ ਖਰੀਦ ਰਹੇ ਹਨ, ਉਨ੍ਹਾਂ ਨੂੰ ਇਸ ਦਾ ਜ਼ਿਆਦਾ ਫ਼ਾਇਦਾ ਨਹੀਂ ਹੋਵੇਗਾ। ਹਾਲਾਂਕਿ, ਉਨ੍ਹਾਂ ਲਈ ਜਿਨ੍ਹਾਂ ਕੋਲ ਕੋਈ ਬੀਮਾ ਨਹੀਂ ਹੈ ਲਈ ਇਨ੍ਹਾਂ ਯੋਜਨਾਵਾਂ ਨੂੰ ਲੈਣਾ ਬਿਹਤਰ ਹੈ।”

ਹਾਦਸਾ ਵਿੱਚ ਨੁਕਸਾਨੀ ਗਈ ਕਾਰ

ਤਸਵੀਰ ਸਰੋਤ, Getty Images

ਦੁਰਘਟਨਾ ਬੀਮਾ ਜ਼ਰੂਰੀ ਹੈ

ਕਿਸੇ ਦੁਰਘਟਨਾ ਦੀ ਸਥਿਤੀ ਵਿੱਚ, ਤੁਸੀਂ ਦੁਰਘਟਨਾ ਬੀਮੇ ਜ਼ਰੀਏ ਡਾਕਟਰੀ ਖਰਚੇ, ਅਪੰਗਤਾ, ਮੌਤ ਆਦਿ ਤੋਂ ਸੁਰੱਖਿਆ ਪ੍ਰਾਪਤ ਕਰ ਸਕਦੇ ਹੋ। ਛੋਟੀ ਮਿਆਦ ਦਾ ਬੀਮਾ ਜ਼ਿਆਦਾਤਰ ਇਸੇ ਵਰਗ ਵਿੱਚ ਆਉਂਦਾ ਹੈ।

ਬਿਜ਼ਨਸ ਐਨਾਲਿਸਟ ਨਾਗੇਂਦਰ ਸਾਈ ਕੁੰਦਵਰਮ ਕਹਿੰਦੇ ਹਨ, “ਕੀ ਦੁਰਘਟਨਾ ਬੀਮਾ ਸਿਰਫ ਰੇਲ ਗੱਡੀਆਂ, ਜਹਾਜ਼ਾਂ ਜਾਂ ਕਾਰਾਂ ਵਰਗੇ ਵਾਹਨਾਂ ਵਿੱਚ ਸਫ਼ਰ ਕਰਦੇ ਸਮੇਂ ਹੁੰਦੇ ਹਨ? ਇਹ ਕਿਤੇ ਵੀ, ਕਿਸੇ ਵੀ ਤਰ੍ਹਾਂ ਹੋ ਸਕਦਾ ਹੈ। ਇਸ ਲਈ ਥੋੜ੍ਹੇ ਸਮੇਂ ਦੇ ਬੀਮੇ ਦੀ ਤੁਲਨਾ ਵਿੱਚ, ਸਲਾਨਾ ਬੀਮਾ ਲੈਣਾ ਬਿਹਤਰ ਹੁੰਦਾ ਹੈ।”

ਉਹ ਦੱਸਦੇ ਹਨ, “ਐਕਸੀਡੈਂਟ ਬੀਮੇ 1,000 ਰੁਪਏ ਤੋਂ ਘੱਟ ਵਿੱਚ ਮਿਲ ਜਾਂਦੇ ਹਨ। ਭਾਵੇਂ ਹਾਦਸੇ ਦੇ ਸਿੱਟੇ ਵਜੋਂ ਵਿਕਲਾਂਗਤਾ ਹੋਵੇ, ਕਈ ਦਿਨਾਂ ਤੱਕ ਅਰਾਮ ਕਰਨਾ ਪਵੇ, ਇਸ ਨਾਲ ਹੋਣ ਵਾਲਾ ਵਿੱਤੀ ਨੁਕਸਾਨ ਬੀਮੇ ਦੇ ਅੰਦਰ ਕਵਰ ਹੁੰਦਾ ਹੈ। ਇਹ ਸਭ ਸਿਹਤ ਬੀਮੇ ਵੱਲੋਂ ਕਵਰ ਨਹੀਂ ਕੀਤੇ ਜਾਂਦੇ ਹਨ। ਇਸ ਲਈ ਵੱਖਰਾ ਦੁਰਘਟਨਾ ਬੀਮਾ ਲੈਣਾ ਚਾਹੀਦੀ ਹੈ।”

ਕੁੰਦਵਰਮ ਕਹਿੰਦੇ ਹਨ, “ਜੋ ਕਰਮਚਾਰੀ ਹੋਰ ਕੰਮਾਂ ਲਈ ਲਗਾਤਾਰ ਸੜਕਾਂ 'ਤੇ ਸਫ਼ਰ ਕਰਦੇ ਹਨ , ਉਨ੍ਹਾਂ ਨੂੰ ਇਹ ਬੀਮੇ ਲੈ ਲੈਣੇ ਚਾਹੀਦੇ ਹਨ।”

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਨਵਾਈਟ ਲਿੰਕ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅੰਗਾਂ ਲਈ ਵਿਸ਼ੇਸ਼ ਬੀਮਾ...!

ਮਸ਼ਹੂਰ ਹਸਤੀਆਂ ਆਪਣੀ ਖ਼ੂਬਸੂਰਤੀ ਅਤੇ ਆਵਾਜ਼ ਤੋਂ ਪਛਾਣੀਆਂ ਜਾਂਦੀਆਂ ਹਨ। ਖਿਡਾਰੀਆਂ ਵਿੱਚ ਵੀ, ਚਾਹੇ ਕੋਈ ਵੀ ਖੇਡ ਹੋਵੇ ਸਰੀਰ ਦਾ ਹਰੇਕ ਅੰਗ ਅਹਿਮ ਹੋ ਸਕਦਾ ਹੈ।

ਜੇਕਰ ਅਜਿਹੇ ਲੋਕਾਂ ਦੇ ਸਰੀਰ ਦਾ ਉਹ ਹਿੱਸਾ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਉਨ੍ਹਾਂ ਦੀ ਆਮਦਨ ਵੀ ਬੰਦ ਹੋ ਜਾਂਦੀ ਹੈ।

ਇਸ ਲਈ ਸਰੀਰ ਦੇ ਅੰਗਾਂ ਦੀ ਅਪੰਗਤਾ ਲਈ ਬੀਮਾ ਲਿਆ ਜਾਂਦਾ ਹੈ।

ਸਤੀਸ਼ ਕੁਮਾਰ ਕਹਿੰਦੇ ਹਨ, “ਦੁਨੀਆ ਭਰ ਦੀਆਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨੇ ਆਪਣੇ ਸਰੀਰ ਦੇ ਅੰਗਾਂ ਦਾ ਬੀਮਾ ਕਰਵਾਇਆ ਹੈ।”

“ਅਮਿਤਾਭ ਬੱਚਨ ਨੇ ਆਪਣੀ ਆਵਾਜ਼ ਦਾ ਬੀਮਾ ਕਰਵਾਇਆ ਹੈ ਅਤੇ ਸਾਨੀਆ ਮਿਰਜ਼ਾ ਨੇ ਆਪਣੇ ਹੱਥਾਂ ਦਾ ਬੀਮਾ ਕਰਵਾਇਆ ਹੈ।”

ਹਾਲਾਂਕਿ ਬੀਬੀਸੀ ਸੁਤੰਤਰ ਤੌਰ 'ਤੇ ਇਸ ਤੱਥ ਦੀ ਪੁਸ਼ਟੀ ਨਹੀਂ ਕੀਤੀ ਹੈ।

ਸਤੀਸ਼ ਦੱਸਦੇ ਹਨ, “ਕੋਈ ਵੀ ਸੈਲੀਬ੍ਰਿਟੀ ਆਪਣੀ ਖ਼ਾਸੀਅਤ ਦਿਖਾਉਣ ਅਤੇ ਇਸ ਦਾ ਬੀਮਾ ਕਰਵਾਉਣ ਲਈ ਕੰਪਨੀਆਂ ਨਾਲ ਸੰਪਰਕ ਕਰ ਸਕਦਾ ਹੈ।”

“ਸਬੰਧਤ ਕੰਪਨੀਆਂ ਸੈਲੀਬ੍ਰਿਟੀ ਦੀ ਸਥਿਤੀ ਅਤੇ ਸਰੀਰ ਦੇ ਉਨ੍ਹਾਂ ਅੰਗਾਂ ਲਈ ਜੋਖਮ ਦੇ ਅਧਾਰ 'ਤੇ ਪ੍ਰੀਮੀਅਮ ਦੀ ਗਣਨਾ ਕਰਦੀਆਂ ਹਨ।”

ਅਮਿਤਾਭ ਬੱਚਨ

ਤਸਵੀਰ ਸਰੋਤ, @SrBachchan/X

ਇਹ ਬੀਮੇ ਕਿਵੇਂ ਕੰਮ ਕਰਦੇ ਹਨ?

ਨੌਕਰੀ ਬੀਮਾ: ਇਹ ਬੀਮਾ ਕਿਸੇ ਕੰਪਨੀ ਅਚਾਨਕ ਨੌਕਰੀਆਂ ਘਟਾਉਣ (ਛਾਂਟੀ) ਜਾਂ ਕੰਪਨੀ ਬੰਦ ਹੋਣ ਦੀ ਸੂਰਤ ਵਿੱਚ ਹੋਣ ਵਾਲੇ ਫ਼ਾਇਦੇਮੰਦ ਸਾਬਤ ਹੁੰਦਾ ਹੈ।

ਵਿਆਹ ਬੀਮਾ: ਜੇਕਰ ਕਿਸੇ ਕੁਦਰਤੀ ਆਫ਼ਤ ਜਾਂ ਅਣਕਿਆਸੀ ਮੌਤ ਕਾਰਨ ਵਿਆਹ ਰੱਦ ਹੋ ਜਾਂਦਾ ਹੈ, ਤਾਂ ਇਹ ਬੀਮਾ ਉਸ ਸਮੇਂ ਤੱਕ ਹੋਏ ਖਰਚਿਆਂ ਨੂੰ ਕਵਰ ਕਰ ਸਕਦਾ ਹੈ।

ਯਾਤਰਾ ਬੀਮਾ: ਇਸ ਬੀਮੇ ਨਾਲ, ਤੁਸੀਂ ਯਾਤਰਾ ਦੌਰਾਨ ਅਚਾਨਕ ਸਿਹਤ ਸਮੱਸਿਆ ਜਾਂ ਸਮਾਨ ਦੀ ਚੋਰੀ ਹੋਣ ਦੀ ਸਥਿਤੀ ਵਿੱਚ ਕਲੇਮ ਕਰ ਸਕਦੇ ਹੋ।

ਇਸ ਤੋਂ ਇਲਾਵਾ, ਸਾਰੀਆਂ ਯਾਤਰਾ ਬੁਕਿੰਗਾਂ ਹੋਣ ਤੋਂ ਬਾਅਦ ਆਖਰੀ ਸਮੇਂ 'ਤੇ ਅਣਕਿਆਸੇ ਕਾਰਨਾਂ ਕਰਕੇ ਯਾਤਰਾ ਰੱਦ ਹੋਣ ਦੀ ਸਥਿਤੀ ਵਿੱਚ ਵੀ ਯਾਤਰਾ ਬੁੱਕ ਕਰਨ ਸਮੇਂ ਹੋਏ ਖ਼ਰਚੇ ਦੀ ਪੂਰਤੀ ਕੀਤੀ ਜਾ ਸਕਦੀ ਹੈ।

ਜੇ ਆਪਰੇਟਰ ਵੀ ਯਾਤਰਾ ਰੱਦ ਕਰ ਦਿੰਦਾ ਹੈ ਤਾਂ ਵੀ ਤੁਸੀਂ ਮੁਆਵਜ਼ੇ ਦੀ ਮੰਗ ਵੀ ਕਰ ਸਕਦੇ ਹੋ।

ਪਾਲਤੂ ਜਾਨਵਰਾਂ ਲਈ ਬੀਮਾ: ਪਾਲਤੂ ਜਾਨਵਰਾਂ ਦਾ ਵੀ ਬੀਮਾ ਕਰਵਾਇਆ ਜਾ ਸਕਦਾ ਹੈ।

ਬੀਮਾਰੀ ਜਾਂ ਹਾਦਸੇ ਦਾ ਸ਼ਿਕਾਰ ਹੋਣ ਦੀ ਸੂਰਤ ਵਿੱਚ,ਉਨ੍ਹਾਂ ਨੂੰ ਬੀਮਾ ਜ਼ਰੀਏ ਸੁਰੱਖਿਆ ਪ੍ਰਾਪਤ ਹੋ ਸਕਦੀ ਹੈ।

ਸਤੀਸ਼ ਕਹਿੰਦੇ ਹਨ ਕਿ, “ਇੰਟਰਨੈੱਟ ਦੇ ਯੁੱਗ ਵਿੱਚ, ਕੋਈ ਵੀ ਇੱਕ ਕਲਿੱਕ ਨਾਲ ਪਾਲਿਸੀ ਲੈ ਸਕਦਾ ਹੈ। ਲੇਕਿਨ, ਨਿਯਮ ਅਤੇ ਸ਼ਰਤਾਂ ਨੂੰ ਪੜ੍ਹ ਕੇ ਹੀ ਪਾਲਿਸੀ ਵਿੱਚ ਨਿਵੇਸ਼ ਕਰਨਾ ਬਿਹਤਰ ਹੈ। ਹੁਣ ਕਿਉਂਕਿ ਸਾਈਬਰ ਠੱਗੀ ਵੀ ਵੱਡੇ ਪੱਧਰ 'ਤੇ ਹੁੰਦੀ ਹੈ, ਇਸ ਲਈ ਭੁਗਤਾਨ ਅਧਿਕਾਰਤ ਐਪਲੀਕੇਸ਼ਨ ਅਤੇ ਵੈੱਬਸਾਈਟਾਂ ਰਾਹੀਂ ਹੀ ਕੀਤੇ ਜਾਣੇ ਚਾਹੀਦੇ ਹਨ।

ਸਤੀਸ਼ ਕਹਿੰਦੇ ਹਨ, "ਜੇ ਤੁਸੀਂ ਕਿਸੇ ਲਿੰਕ 'ਤੇ ਕਲਿੱਕ ਕਰਦੇ ਹੋ ਜੋ ਕਹਿੰਦਾ ਹੈ ਕਿ ਬੀਮਾ ਘੱਟ ਹੋਵੇਗਾ ਤਾਂ ਬੈਂਕ ਖਾਤਿਆਂ ਵਿੱਚ ਪੈਸਾ ਗੁਆਉਣ ਦਾ ਖ਼ਤਰਾ ਹੈ।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)