ਪੰਜਾਬ ਦੇ ਉਹ ਗਾਇਕ ਜੋ ਪੈਸੇ ਲਈ ਨਹੀਂ ਬਲਕਿ ਲੋਕ ਅੰਦੋਲਨਾਂ ਲਈ ਗਾਉਂਦੇ ਹਨ
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਲੋਕ ਗੀਤ ਲੋਕਾਂ ਨੂੰ ਸੇਧ ਦੇਣ ਵਾਲਾ ਹੋਣਾ ਚਾਹੀਦਾ ਹੈ। ਇਸ ਦਾ ਉਦੇਸ਼ ਸਿਰਫ਼ ਮਨੋਰੰਜਨ ਨਹੀਂ ਹੋਣਾ ਚਾਹੀਦਾ। ਇਹ ਸਮਾਜ ਦੀਆਂ ਬੁਰਾਈਆਂ ਉੱਤੇ ਵਿਅੰਗ ਵੀ ਕਰੇ ਅਤੇ ਉਨ੍ਹਾਂ ਨੂੰ ਬੇਪਰਦ ਵੀ ਕਰੇ। ਅਜੋਕੇ ਗੀਤ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਜ਼ਰੂਰ ਕਰਦੇ ਹਨ ਪਰ ਲੋਕਾਂ ਨੂੰ ਕੋਈ ਸੇਧ ਨਹੀਂ ਦਿੰਦੇ।"
ਇਹ ਸ਼ਬਦ ਲੋਕ ਸੰਗੀਤ ਮੰਡਲੀ ਦੇ ਸੰਸਥਾਪਕ ਜਗਸੀਰ ਸਿੰਘ ਜੀਦਾ ਦੇ ਹਨ। ਉਹ ਪਿਛਲੇ 30 ਸਾਲਾਂ ਤੋਂ ਆਪਣੀਆਂ ਬੋਲੀਆਂ, ਟੱਪਿਆਂ ਅਤੇ ਗੀਤਾਂ ਰਾਹੀਂ ਸਮਾਜਕ ਕੁਰੀਤੀਆਂ ਅਤੇ ਸਿਆਸਤ ਉੱਤੇ ਵਿਅੰਗ ਕਰ ਰਹੇ ਹਨ।
ਜਗਸੀਰ ਜੀਦਾ ਲੋਕ ਸੰਗੀਤ ਮੰਡਲੀ ਜੀਦਾ ਦੇ ਸੰਚਾਲਕ ਹਨ ਅਤੇ ਸਮਾਜਿਕ ਅਤੇ ਆਰਥਿਕ ਮੁੱਦਿਆਂ ਹੋਣ ਵਾਲੇ ਅੰਦੋਲਨਾਂ ਵਿੱਚ ਆਪਣੀ ਗਾਇਕੀ ਰਾਹੀ ਲੋਕਾਂ ਨੂੰ ਪ੍ਰੇਰਣ ਦਾ ਕੰਮ ਕਰ ਰਹੇ ਹਨ।
ਉਨ੍ਹਾਂ ਦਾ ਇਹ ਕੰਮ ਪੂਰੀ ਤਰ੍ਹਾਂ ਨਿਸ਼ਕਾਮ ਹੈ ਅਤੇ ਉਨ੍ਹਾਂ ਦੀ ਕਲ਼ਾ ਦਾ ਮਕਸਦ ਲੋਕ ਸੰਘਰਸ਼ਾਂ ਅਤੇ ਦਬੇ-ਕੁਚਲੇ ਲੋਕਾਂ ਦੀ ਅਵਾਜ਼ ਬੁਲੰਦ ਕਰਨਾ ਹੈ।
ਲੋਕ ਸੰਗੀਤ ਮੰਡਲੀ ਵਾਂਗ ਹੀ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਸਵਰਨ ਸਿੰਘ ਦੀ ਅਗਵਾਈ ਵਿੱਚ ਇਹੋ ਕਾਰਜ ਕਰ ਰਿਹਾ ਹੈ। ਇਹ ਦੋਵੇਂ ਗਰੁੱਪ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਗਾਇਕੀ ਦੀ ਕਵੀਸ਼ਰੀ ਵੰਨਗੀ ਰਾਹੀ ਲੋਕ ਚੇਤਨਾ ਪੈਦਾ ਕਰ ਰਹੇ ਹਨ।
ਇਨ੍ਹਾਂ ਦੋਵਾਂ ਗਰੁੱਪਾਂ ਦੇ ਕਲਾਕਾਰ ਮੈਂਬਰਾਂ ਦਾ ਪਿਛੋਕੜ ਦਲਿਤ ਅਤੇ ਕਿਸਾਨ- ਮਜ਼ਦੂਰ ਪਰਿਵਾਰਾਂ ਨਾਲ ਹੈ।
ਇਹ ਕਲਾਕਾਰ ਕਵੀਸ਼ਰੀ, ਬੋਲੀਆਂ ਅਤੇ ਗੀਤਾਂ ਰਾਹੀਂ ਲੋਕ ਹਿੱਤਾਂ, ਸਮਾਜਿਕ ਕੁਰੀਤੀਆਂ, ਦੱਬੇ-ਕੁਚਲੇ ਵਰਗ, ਮਿਹਨਤਕਸ਼ ਲੋਕਾਂ ਅਤੇ ਇਤਿਹਾਸ ਦੇ ਨਾਇਕਾਂ ਦੀ ਬਾਤ ਪਾਉਂਦੇ ਹਨ।
ਇਸ ਤੋਂ ਇਲਾਵਾ ਇਹ ਆਪਣੀ ਕਲਾ ਰਾਹੀਂ ਸਰਕਾਰਾਂ ਅਤੇ ਸਿਆਸਤ ਉੱਤੇ ਵਿਅੰਗ ਵੀ ਕਰਦੇ ਹਨ।
ਕਵੀਸ਼ਰੀ ਜਥਾ ਰਸੂਲਪੁਰ ਅਤੇ ਸੰਗੀਤ ਮੰਡਲੀ ਜੀਦਾ ਦੇ ਕਲਾਕਾਰਾਂ ਮੁਤਾਬਕ ਉਨ੍ਹਾਂ ਦੀ ਪੇਸ਼ਕਾਰੀ ਦਾ ਉਦੇਸ਼ ਸਮਾਜ ਨੂੰ ਜਾਗਰੂਕ ਕਰਨਾ ਹੈ।
ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ
ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਲਗਭਗ ਪਿਛਲੇ 40 ਸਾਲਾਂ ਤੋਂ ਲੋਕਾਂ ਦੀ ਆਵਾਜ਼ ਬਣਦਾ ਆ ਰਿਹਾ ਹੈ।
ਮਰਹੂਮ ਅਮਰਜੀਤ ਪ੍ਰਦੇਸੀ ਇਸ ਜਥੇ ਦੇ ਬਾਨੀ ਸਨ, ਜਿਨ੍ਹਾਂ ਦਾ ਮਾਰਚ 2024 ਵਿੱਚ ਦੇਹਾਂਤ ਹੋ ਗਿਆ ਸੀ।
ਇਸ ਜਥੇ ਦੇ ਮੈਂਬਰ ਰੁਪਿੰਦਰ ਸਿੰਘ ਦੱਸਦੇ ਹਨ ਕਿ 40 ਸਾਲ ਪਹਿਲਾਂ ਉਨ੍ਹਾਂ ਦੇ ਤਾਇਆ ਅਮਰਜੀਤ ਪ੍ਰਦੇਸੀ ਨੇ ਲੋਕ ਮੰਚਾਂ ਉੱਤੇ ਗਾਉਣਾ ਸ਼ੁਰੂ ਕੀਤਾ ਸੀ।
"ਪਹਿਲਾਂ ਉਨ੍ਹਾਂ (ਅਮਰਜੀਤ ਪ੍ਰਦੇਸੀ) ਨੇ ਇੱਕ ਸੰਗੀਤ ਮੰਡਲੀ ਬਣਾਈ। ਸਾਡੇ ਪਰਿਵਾਰਕ ਮੈਂਬਰ ਹੀ ਇਸ ਸੰਗੀਤ ਮੰਡਲੀ ਦੇ ਮੈਂਬਰ ਸਨ। ਉਦੋਂ ਉਹ ਢੋਲਕ ਅਤੇ ਵਾਜੇ ਨਾਲ ਗਾਉਂਦੇ ਸਨ। ਕਈ ਸਾਲ ਸਾਜ਼ਾਂ ਨਾਲ ਗਾਉਣ ਮਗਰੋਂ ਇਨ੍ਹਾਂ ਨੇ ਸਾਜ਼ਾਂ ਨਾਲ ਗਾਉਣਾ ਬੰਦ ਕਰਕੇ ਇਸ ਵਿਧਾ ਨੂੰ ਛੱਡ ਦਿੱਤਾ ਅਤੇ ਕਵੀਸ਼ਰੀ ਵਿਧਾ ਅਪਣਾਈ।"
"ਸਾਡੇ ਘਰਾਂ ਦੇ ਨੇੜੇ ਰਹਿਣ ਵਾਲੇ ਮਜ਼ਦੂਰ ਸਾਥੀ ਨਿਰਮਲ ਸਿੰਘ ਨਿੰਮਾ, ਅਮਰਜੀਤ ਮਸ਼ਾਲ ਅਤੇ ਮੇਰੇ ਪਿਤਾ ਸਵਰਨ ਧਾਲੀਵਾਲ ਗਾਉਂਦੇ ਹੁੰਦੇ ਸਨ। ਇਸ ਤੋਂ ਮਗਰੋਂ ਸਾਡੇ ਹੋਰ ਪਰਿਵਾਰ ਮੈਂਬਰ ਵੀ ਇਸ ਜਥੇ ਵਿੱਚ ਗਾਉਂਦੇ ਰਹੇ।"
ਰੁਪਿੰਦਰ ਨੇ ਦੱਸਿਆ ਕਿ ਅਮਰਜੀਤ ਪ੍ਰਦੇਸੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਜਥੇ ਦੀ ਕਮਾਨ ਸੰਭਾਲੀ। ਮੌਜੂਦਾ ਸਮੇਂ ਰੁਪਿੰਦਰ ਅਤੇ ਉਸਦੇ ਦੋ ਭਰਾ ਆਪਣੇ ਪਿਤਾ ਨਾਲ ਲੋਕ ਮੰਚ ਉੱਤੇ ਕਵੀਸ਼ਰੀ ਗਾਉਂਦੇ ਹਨ।
"ਹੁਣ ਮੇਰੇ ਪਿਤਾ ਸਵਰਨ ਸਿੰਘ ਧਾਲੀਵਾਲ ਇਸ ਜਥੇ ਦੇ ਮੁਖੀ ਹਨ। ਉਹ ਹੀ ਕਵੀਸ਼ਰੀ ਲਿਖਦੇ ਹਨ ਅਤੇ ਉਨ੍ਹਾਂ ਨਾਲ ਮੈਂ ਅਤੇ ਮੇਰੇ ਦੋਵੇਂ ਛੋਟੇ ਭਰਾ ਹਰਵਿੰਦਰ ਸਿੰਘ ਅਤੇ ਰਜਿੰਦਰ ਸਿੰਘ ਗਾਉਂਦੇ ਹਨ।"
ਸਵਰਨ ਸਿੰਘ ਧਾਲੀਵਾਲ ਪਹਿਲਾਂ ਮਜ਼ਦੂਰੀ, ਫਿਰ ਪੰਜਾਬ ਸਰਕਾਰ ਦੇ ਵਾਟਰ ਸਪਲਾਈ ਵਿਭਾਗ ਵਿੱਚ ਦਿਹਾੜੀ ਉੱਤੇ ਪੰਪ ਉਪਰੇਟਰ ਰਹੇ ਅਤੇ ਹੁਣ ਉਹ ਵਿਭਾਗ ਦੇ ਰੈਗੂਲਰ ਮੁਲਾਜ਼ਮ ਹਨ।
ਲੋਕ ਸੰਗੀਤ ਮੰਡਲੀ ਜੀਦਾ
ਲੋਕ ਸੰਗੀਤ ਮੰਡਲੀ ਜੀਦਾ ਦੇ ਸੰਸਥਾਪਕ ਜਗਸੀਰ ਸਿੰਘ ਜੀਦਾ ਹਨ।
ਇਸ ਮੰਡਲੀ ਦੇ ਪੰਜ ਮੈਂਬਰ ਹਨ, ਜਿਨ੍ਹਾਂ ਵਿੱਚ ਜਗਸੀਰ ਸਿੰਘ ਜੀਦਾ ਖ਼ੁਦ, ਗੁਰਦਾਸ ਸਿੰਘ, ਕੁਲਵੰਤ ਕੋਟ ਭਾਈ, ਬਲਵਿੰਦਰ ਸਿੰਘ ਅਤੇ ਸੇਵਕ ਗਿੱਦੜਬਾਹਾ ਸ਼ਾਮਲ ਹਨ।
ਇਹ ਮੰਡਲੀ ਤੂੰਬੀ, ਢੋਲਕ, ਬੈਂਜੋ, ਹਰਮੋਨੀਅਮ, ਤਬਲਾ ਅਤੇ ਇਲੈਕਟ੍ਰਿਕ ਪੈਡ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਹੈ।
ਜਗਸੀਰ ਸਿੰਘ ਜੀਦਾ ਖ਼ੁਦ ਬੋਲੀਆਂ ਅਤੇ ਗੀਤ ਲਿਖਦੇ ਅਤੇ ਗਾਉਂਦੇ ਹਨ। ਮੰਚ ਉੱਤੇ ਗੁਰਦਾਸ ਸਿੰਘ ਵੀ ਗਾਉਣ ਵਿੱਚ ਉਨ੍ਹਾਂ ਦਾ ਸਾਥ ਦਿੰਦੇ ਹਨ।
ਇਸ ਤੋਂ ਇਲਾਵਾ ਗੁਰਦਾਸ ਸਿੰਘ ਤੂੰਬੀ ਵੀ ਵਜਾਉਂਦੇ ਹਨ। ਕੁਲਵੰਤ ਕੋਟ ਭਾਈ ਢੋਲਕੀ, ਬਲਵਿੰਦਰ ਸਿੰਘ ਬੈਂਜੋ ਅਤੇ ਸੇਵਕ ਗਿੱਦੜਬਾਹਾ ਇਲੈਕਟ੍ਰਿਕ ਪੈਡ ਅਤੇ ਤਬਲੇ ਰਾਹੀਂ ਜੀਦੇ ਅਤੇ ਗੁਰਦਾਸ ਦਾ ਸਾਥ ਦਿੰਦੇ ਹਨ।
ਜਗਸੀਰ ਜੀਦਾ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵਿੱਚੋਂ ਵੈਟਰਨਰੀ ਇੰਸਪੈਕਟਰ ਵਜੋਂ ਸੇਵਾ ਮੁਕਤ ਹੋਏ ਹਨ। ਗੁਰਦਾਸ ਪੱਲੇਦਾਰ ਹਨ ਅਤੇ ਬਾਕੀ ਤਿੰਨ ਮੈਂਬਰ ਦਿਹਾੜੀਆਂ ਕਰ ਕੇ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਨ।
ਇਹ ਮੰਡਲੀ ਸਾਲ 1994 ਤੋਂ ਵੱਖ-ਵੱਖ ਲੋਕ ਮੰਚਾਂ ਅਤੇ ਲੋਕ ਸੰਘਰਸ਼ਾਂ ਵਿੱਚ ਗੀਤਾਂ, ਬੋਲੀਆਂ ਅਤੇ ਵਿਅੰਗਾਂ ਰਾਹੀ ਆਪਣਾ ਯੋਗਦਾਨ ਪਾ ਰਹੀ ਹੈ।
ਜਗਸੀਰ ਜੀਦਾ ਕਹਿੰਦੇ ਹਨ ਕਿ ਪੰਜਾਬ ਵਿੱਚ ਜਿੱਥੇ ਵੀ ਲੋਕ ਸੰਘਰਸ਼ ਕਰਦੇ ਹਨ, ਉਨ੍ਹਾਂ ਦੀਆਂ ਮੰਗਾਂ ਅਤੇ ਮਸਲਿਆਂ ਦਾ ਅਸੀਂ ਬੋਲੀਆਂ, ਟੱਪਿਆ ਅਤੇ ਗੀਤਾਂ ਰਾਹੀਂ ਤਰਜ਼ਮਾਨੀ ਕਰਦੇ ਹਾਂ।
ਸਾਲ 1994 ਤੋਂ ਲੈ ਕੇ ਅਸੀਂ ਤਰਕਸ਼ੀਲ ਮੇਲੇ, ਕਿਸਾਨ ਕਾਨਫਰੰਸਾਂ ਅਤੇ ਹਰ ਤਰ੍ਹਾਂ ਦੇ ਸੰਘਰਸ਼ ਵਿੱਚ ਆਪਣੀ ਸ਼ਮੂਲੀਅਤ ਕਰਦੇ ਹਾਂ।
ਕਵੀਸ਼ਰੀ ਵਿਧਾ ਕੀ ਹੈ?
ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਦੇ ਮੈਂਬਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਕਵੀਸ਼ਰੀ ਵਿਧਾ ਰਾਹੀਂ ਗਾਉਂਦੇ ਹਨ। ਇਹ ਵਿਧਾ ਪੰਜਾਬ ਦੀ ਬਹੁਤ ਪੁਰਾਤਨ ਕਲਾ ਹੈ।
ਇਸ ਵਿਧਾ ਵਿੱਚ ਦੋ ਜਾਂ ਦੋ ਤੋਂ ਵੱਧ ਕਲਾਕਾਰ ਗਾਉਂਦੇ ਹਨ। ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਸਾਜ਼ ਦੀ ਵਰਤੋਂ ਨਹੀਂ ਹੁੰਦੀ।
ਇਹ ਸ਼ਬਦ ਪ੍ਰਧਾਨ ਵਿਧਾ ਹੈ, ਜਿਸ ਵਿੱਚ ਕਿਸੇ ਕਿਸਮ ਦਾ ਸੰਗੀਤ ਨਹੀਂ ਹੁੰਦਾ। ਕਲਾਕਾਰਾਂ ਨੇ ਆਪਣੀ ਕਵਿਤਾ ਜਾਂ ਰਚਨਾ ਨੂੰ ਇੱਕ ਲੈਅਬੱਧ ਧੁਨ ਵਿੱਚ ਪੜ੍ਹਨਾ ਹੁੰਦਾ ਹੈ।
ਕਵੀਸ਼ਰੀ, ਗੀਤਾਂ ਅਤੇ ਬੋਲੀਆਂ ਦੇ ਵਿਸ਼ੇ ਕੀ ਹਨ?
ਰੁਪਿੰਦਰ ਨੇ ਦੱਸਿਆ ਕਿ ਉਨ੍ਹਾਂ ਦੀ ਕਵੀਸ਼ਰੀ ਦੱਬੇ ਕੁਚਲੇ, ਲਤਾੜੇ ਹੋਏ, ਹੇਠਲੇ ਵਰਗ ਅਤੇ ਗਰੀਬ ਲੋਕਾਂ ਦੀ ਗੱਲ ਕਰਦੀ ਹੈ। ਉਨ੍ਹਾਂ ਦੀ ਕਲਾ ਅਤੇ ਲਿਖਤਾਂ ਦੇ ਵਿਸ਼ੇ ਵੀ ਇਹੀ ਲੋਕ ਹਨ।
ਉਨ੍ਹਾਂ ਕਿਹਾ, "ਸਾਡੀ ਪੇਸ਼ਕਾਰੀ ਦੇ ਸਥਾਨ ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼, ਜਨਤਕ ਸੰਘਰਸ਼ ਜਾਂ ਸਾਡੇ ਇਤਿਹਾਸ ਦੇ ਨਾਇਕਾਂ ਦੇ ਯਾਦਗਾਰੀ ਸਮਾਗਮ ਹਨ। ਇਸ ਤੋਂ ਇਲਾਵਾ ਇਨਕਲਾਬੀ ਕਵੀਸ਼ਰੀ ਜਥਾ ਹੋਰ ਕਿਸੇ ਵੀ ਮੰਚ ਉੱਤੇ ਪੇਸ਼ਕਾਰੀ ਨਹੀਂ ਕਰਦਾ।"
ਉਨ੍ਹਾਂ ਮੁਤਾਬਕ, "ਸਾਨੂੰ ਆਰਥਿਕ ਮੁਨਾਫ਼ੇ ਦੀ ਲੋੜ ਤਾਂ ਹੈ ਪਰ ਅਸੀਂ ਇਸ ਕਲਾ ਨੂੰ ਮੰਡੀ ਦਾ ਹਿੱਸਾ ਨਹੀਂ ਬਣਾਉਣਾ। ਸ਼ੁਰੂ ਤੋਂ ਸਾਡੀ ਵਿਚਾਰਧਾਰਾ ਹੈ ਕਿ ਅਸੀਂ ਇਸ ਕਲਾ ਨੂੰ ਲੋਕਾਂ ਦੇ ਲੇਖੇ ਲਾਉਣ ਹੈ। ਸਾਡਾ ਉਦੇਸ਼ ਹੈ ਕਿ ਲੋਕਾਂ ਦੀ ਜ਼ਿੰਦਗੀ ਬਦਲਣ ਵਾਸਤੇ ਜਿਹੜੀ ਜੰਗ ਚੱਲ ਰਹੀ ਹੈ, ਅਸੀਂ ਉਸ ਜੰਗ ਵਿੱਚ ਹਿੱਸਾ ਪਾਉਣਾ ਹੈ।"
ਸਵਰਨ ਸਿੰਘ ਧਾਲੀਵਾਲ ਕਹਿੰਦੇ ਹਨ, "ਸਾਡੇ ਗੀਤਾਂ ਦੇ ਵਿਸ਼ੇ ਲੋਕਾਂ ਦੇ ਵਿਸ਼ੇ ਹਨ। ਕਿਸਾਨਾਂ-ਮਜ਼ਦੂਰਾਂ ਦੇ ਵਿਸ਼ੇ ਹਨ। ਅਸੀਂ ਉਹ ਵਿਸ਼ੇ ਹੀ ਚੁਣਦੇ ਹਾਂ, ਜਿਸ ਨਾਲ ਮਜ਼ਦੂਰ ਵਰਗ, ਜਿਨਾਂ ਦੇ ਹੱਕ ਮਾਰੇ ਜਾ ਰਹੇ ਹਨ, ਉਹਨਾਂ ਨੂੰ ਅਸੀਂ ਚੇਤਨ ਕਰ ਸਕੀਏ।"
ਧਾਲੀਵਾਲ ਨੇ ਕਿਹਾ, "ਅਸੀਂ ਆਪਣੀ ਕਲਾ ਲੋਕਾਂ ਵਾਸਤੇ ਹੀ ਵਰਤਦੇ ਹਾਂ। ਅਸੀਂ ਇਸ ਕਲਾ ਰਾਹੀਂ ਕਮਾ ਵੀ ਸਕਦੇ ਹਾਂ। ਪਰ ਅਸੀਂ ਜਿਹੜੇ ਲੋਕ ਦੱਬੇ ਜਾ ਰਹੇ ਹਨ, ਜਿੰਨਾ ਦੇ ਹੱਕ ਖੋਹੇ ਜਾ ਰਹੇ ਹਨ, ਉਨ੍ਹਾਂ ਨੂੰ ਸੁਚੇਤ ਕਰਨਾ ਅਸੀਂ ਆਪਣਾ ਫਰਜ਼ ਸਮਝਦੇ ਹਾਂ। ਇਸ ਲਈ ਜਿਹੜੀ ਵੀ ਕਲਾ ਸਾਨੂੰ ਰੱਬ ਨੇ ਦਿੱਤੀ ਹੈ ਅਸੀਂ ਉਹ ਲੋਕਾਂ ਦੇ ਲੇਖੇ ਲਾਉਣੀ ਹੈ।"
ਜਗਸੀਰ ਜੀਦਾ ਕਹਿੰਦੇ ਹਨ, "ਆਮ ਤੌਰ ਉੱਤੇ ਸਾਡੇ ਗਾਇਕ ਰਿਸ਼ਤੇ ਨਾਤਿਆਂ ਦੀ ਗੱਲ ਕਰਦੇ ਹਨ। ਭਰਾ-ਭਰਜਾਈ ਦੇ ਪਿਆਰ ਦੀਆਂ ਗੱਲਾਂ ਕਰਦੇ ਹਨ। ਮੁੰਡੇ-ਕੁੜੀ ਦੇ ਰਿਸ਼ਤੇ ਦੀਆਂ ਗੱਲਾਂ ਕਰਦੇ ਹਨ। ਪਰ ਅਸੀਂ ਸਮਝਦੇ ਹਾਂ ਕਿ ਗਾਉਣ ਵਾਸਤੇ ਇੰਨਾਂ ਤੋਂ ਵੀ ਵੱਡੇ ਵਿਸ਼ੇ ਹਨ।"
"ਹਰ ਪੱਧਰ ਉੱਤੇ ਸਮਾਜਿਕ ਵਿਤਕਰਾ ਹੋ ਰਿਹਾ ਹੈ। ਇਸ ਵਿਤਕਰੇ ਨੂੰ ਦੂਰ ਕਰਨ ਵਾਸਤੇ ਆਪਣੇ ਗੀਤਾਂ, ਬੋਲੀਆਂ ਅਤੇ ਟੱਪਿਆਂ ਰਾਹੀਂ ਯੋਗਦਾਨ ਦਿੰਦੇ ਹਾਂ।"
ਉਨ੍ਹਾਂ ਕਿਹਾ ਕਿ ਲੋਕ ਗੀਤ ਲੋਕਾਂ ਨੂੰ ਸੇਧ ਦੇਣ ਵਾਲਾ ਹੋਣਾ ਚਾਹੀਦਾ ਹੈ। ਇਸਦਾ ਉਦੇਸ਼ ਸਿਰਫ਼ ਮਨੋਰੰਜਨ ਨਹੀਂ ਹੋਣਾ ਚਾਹੀਦਾ। ਇਹ ਸਮਾਜ ਦੀਆਂ ਬੁਰਾਈਆਂ ਉੱਤੇ ਵਿਅੰਗ ਵੀ ਕਰੇ ਅਤੇ ਉਨ੍ਹਾਂ ਨੂੰ ਬੇਪਰਦ ਵੀ ਕਰੇ।
ਅਜੋਕੇ ਗੀਤ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਜ਼ਰੂਰ ਕਰਦੇ ਹਨ ਪਰ ਲੋਕਾਂ ਨੂੰ ਕੋਈ ਸੇਧ ਨਹੀਂ ਦਿੰਦੇ।
ਮੁੱਖਧਾਰਾ ਦੇ ਕਿਹੜੇ ਕਲਾਕਾਰਾਂ ਨੇ ਕਵੀਸ਼ਰੀ ਗਾਉਣ ਦੀ ਇੱਛਾ ਜਤਾਈ
ਰੁਪਿੰਦਰ ਨੇ ਕਿਹਾ, "ਮੁੱਖਧਾਰਾ ਦੇ ਅਜਿਹੇ ਕਈ ਕਲਾਕਾਰ ਹਨ, ਜਿਹੜੇ ਅੱਜ-ਕੱਲ੍ਹ ਫ਼ਿਲਮ ਉਦਯੋਗ ਵਿੱਚ ਸਰਗਰਮ ਹਨ ਅਤੇ ਕਵੀਸ਼ਰੀ ਜਥੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ। ਇਹ ਕਲਾਕਾਰ ਪਿੰਡਾਂ ਵਿੱਚ ਥੀਏਟਰ ਕਰਨ ਜਾਂਦੇ ਹੁੰਦੇ ਸੀ ਅਤੇ ਕਵੀਸ਼ਰੀ ਜਥਾ ਵੀ ਉੱਥੇ ਪੇਸ਼ਕਾਰੀ ਕਰਨ ਜਾਂਦਾ ਹੁੰਦਾ ਸੀ।
ਰੁਪਿੰਦਰ ਦਾਅਵਾ ਕਰਦੇ ਹਨ, "ਪਿਛਲੇ ਦਿਨੀਂ ਪ੍ਰਸਿੱਧ ਕਲਾਕਾਰ ਜਸਬੀਰ ਜੱਸੀ ਨੇ ਸਾਡੇ ਤੱਕ ਪਹੁੰਚ ਕੀਤੀ ਹੈ ਅਤੇ ਪੰਜਾਬੀ ਗਾਇਕ ਵੀਰ ਸਿੰਘ ਨੇ ਵੀ ਸਾਡੀ ਕਿਤਾਬ ਵਿੱਚੋਂ ਕੁਝ ਰਚਨਾਵਾਂ ਗਾਉਣ ਦੀ ਇੱਛਾ ਜਤਾਈ ਹੈ।"
ਕਲਾ ਦਾ ਲੋਕਾਂ ਉੱਤੇ ਪ੍ਰਭਾਵ
ਲੋਕ ਸੰਗੀਤ ਮੰਡਲੀ ਜੀਦਾ ਦੇ ਗੁਰਦਾਸ ਕਹਿੰਦੇ ਹਨ ਕਿ ਸੰਗੀਤ ਨੂੰ ਬੰਦੂਕ ਵਾਂਗ ਵਰਤਿਆ ਜਾ ਸਕਦਾ ਹੈ। ਭਾਸ਼ਣ ਰਾਹੀਂ ਗੱਲ ਸਮਝਾਉਣ ਵਿੱਚ ਘੰਟੇ ਲੱਗਦੇ ਹਨ ਪਰ ਸੰਗੀਤ ਰਾਹੀਂ ਮਿੰਟਾਂ ਵਿੱਚ ਹੀ ਗੱਲ ਸਮਝ ਆ ਜਾਂਦੀ ਹੈ।
ਰੁਪਿੰਦਰ ਨੇ ਕਿਹਾ, "ਕਲਾ ਰਾਹੀਂ ਆਖੀ ਗੱਲ ਦਾ ਆਮ ਬੋਲਚਾਲ ਦੀ ਭਾਸ਼ਾ ਦੇ ਮੁਕਾਬਲੇ ਦੱਸੀ ਗਈ ਗੱਲ ਦਾ ਵੱਧ ਪ੍ਰਭਾਵ ਪੈਂਦਾ ਹੈ, ਚਾਹੇ ਉਹ ਕਲਾ ਦੀ ਕੋਈ ਵੀ ਵੰਨਗੀ ਹੋਵੇਗੀ। ਇਸ ਦਾ ਪ੍ਰਭਾਵ ਮੰਚ ਉੱਤੇ ਪੇਸ਼ਕਾਰੀ ਕਰਨ ਤੋਂ ਤੁਰੰਤ ਬਾਅਦ ਨਜ਼ਰ ਆਉਂਦਾ ਹੈ।"
ਧਾਲੀਵਾਲ ਨੇ ਕਿਹਾ ਜਦੋਂ ਲੋਕਾਂ ਨੂੰ ਸੁਚੇਤ ਕਰਨ ਲਈ ਨਾਟਕਾਂ, ਕਵੀਸ਼ਰੀ ਜਾਂ ਗੀਤਾਂ ਰਾਹੀਂ ਸੰਬੋਧਨ ਕੀਤਾ ਜਾਂਦਾ ਹੈ ਤਾਂ ਉਹ ਵਧੇਰੇ ਗੌਰ ਨਾਲ ਸੁਣਦੇ ਹਨ।
ਜਗਸੀਰ ਜੀਦਾ ਦਾ ਕਹਿਣਾ ਹੈ, "ਕਲਾ ਦੀਆਂ ਸਾਰੀਆਂ ਵੰਨਗੀਆਂ ਵਿੱਚ ਗੀਤ ਲੋਕਾਂ ਦੇ ਸਭ ਤੋਂ ਵੱਧ ਨੇੜੇ ਹੈ। ਗੀਤ ਲੋਕਾਂ ਦੀਆਂ ਭਾਵਨਾਵਾਂ ਦਾ ਤਰਜ਼ਮਾਨੀ ਕਰਦਾ ਹੈ। ਲੋਕਾਂ ਦਾ ਮਨਾਂ ਦੇ ਵਲਵਲਿਆਂ ਦੀ ਗੱਲ ਕਰਦਾ ਹੈ। ਬੋਲੀ ਗੀਤਾਂ ਤੋਂ ਵੀ ਵੱਧ ਲੋਕਾਂ ਦੇ ਨੇੜੇ ਹੈ। ਬੋਲੀ ਲੋਕਾਂ ਉੱਤੇ ਸਿੱਧਾ ਅਸਰ ਪਾਉਂਦੀ ਹੈ।"
ਉਨ੍ਹਾਂ ਮੁਤਾਬਕ ਵਿਅੰਗ ਵਿਧੀ ਸਮਾਜ ਦੀਆਂ ਕੁਰੀਤੀਆਂ ਨੂੰ ਸੱਟ ਮਾਰਦੀ ਹੈ ਅਤੇ ਲੋਕਾਂ ਵਿੱਚ ਨੰਗਾ ਕਰਦੀ ਹੈ। ਵਿਅੰਗ ਵਿਧੀ ਦਾ ਅਰਥ ਹੈ ਕਿ ਕੁਰੀਤੀਆਂ ਨੂੰ ਲੋਕਾਂ ਸਾਹਮਣੇ ਹਾਸੇ-ਠੱਠੇ ਦੀ ਵਿਧੀ ਰਾਹੀਂ ਰੱਖਣਾ। ਇਹ ਵਿਧੀ ਵਿਅਕਤੀਗਤ ਮਨ ਨੂੰ ਆਸਾਨੀ ਨਾਲ ਟੁੰਬਦੀ ਹੈ।
"ਅਸੀ ਮੌਜੂਦਾ ਸਿਆਸਤ ਅਤੇ ਸਮਾਜਿਕ ਕੁਰੀਤੀਆਂ ਉੱਤੇ ਆਪਣੀਆਂ ਬੋਲੀਆਂ, ਗੀਤਾਂ ਅਤੇ ਟੱਪਿਆਂ ਰਾਹੀਂ ਵਿਅੰਗ ਕਰਦੇ ਹਾਂ ਤਾਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਸਮਾਜ ਵਿੱਚ ਹੋਣਾ ਕੀ ਚਾਹੀਦਾ ਸੀ, ਹੋ ਕੀ ਰਿਹਾ ਹੈ ਅਤੇ ਅਸੀਂ ਕੀ ਕਰ ਰਹੇ ਹਾਂ।"
ਸੰਤ ਰਾਮ ਉਦਾਸੀ ਅਤੇ ਸਾਹਿਤ ਦਾ ਪ੍ਰਭਾਵ
ਧਾਲੀਵਾਲ ਆਪਣੇ ਵਿਚਾਰਾਂ ਦਾ ਸਿਹਰਾ ਸਾਹਿਤ ਅਤੇ ਚੰਗੇ ਲੀਡਰਾਂ ਦੀ ਸੰਗਤ ਨੂੰ ਦਿੰਦੇ ਹਨ।
ਨਿੱਕੀ ਉਮਰੇ ਹੀ ਸਾਹਿਤ ਪੜ੍ਹਨ ਦੀ ਲੱਗੀ ਚੇਟਕ, ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਅਤੇ ਹੋਰ ਲੇਖਕਾਂ ਦੀਆਂ ਰਚਨਾਵਾਂ ਨੇ ਉਨ੍ਹਾਂ ਉੱਤੇ ਡੂੰਘਾ ਪ੍ਰਭਾਵ ਛੱਡਿਆ। ਇਸ ਤੋਂ ਪ੍ਰਭਾਵਿਤ ਹੋ ਕੇ ਹੀ ਉਨ੍ਹਾਂ ਇਨ੍ਹਾਂ ਲੇਖਕਾਂ ਦੇ ਨਕਸ਼ੇ ਕਦਮਾਂ ਉੱਤੇ ਚੱਲਣ ਦਾ ਫ਼ੈਸਲਾ ਕੀਤਾ।
ਉਹ ਕਹਿੰਦੇ ਹਨ, "ਬਚਪਨ ਵਿੱਚ ਹੀ ਸੰਤ ਰਾਮ ਉਦਾਸੀ, ਜੈਮਲ ਪੱਡਾ, ਦਰਸ਼ਨ ਖੱਟਕੜ ਅਤੇ ਕਈ ਹੋਰ ਇਨਕਲਾਬੀ ਕਵੀ, ਜਿਹੜੇ ਲੋਕਾਂ ਨੂੰ ਸਮਾਜ ਦੇ ਸਹੀ ਰਾਹ ਪਾਉਣ ਲਈ ਤੁਰੇ ਹੋਏ ਲੇਖਕ ਸੀ, ਉਨ੍ਹਾਂ ਨੂੰ ਪੜ੍ਹਨ ਦਾ ਅਤੇ ਗਾਉਣ ਦਾ ਮੌਕਾ ਮਿਲਿਆ।ਉਨ੍ਹਾਂ ਦਾ ਪ੍ਰਭਾਵ ਹੀ ਮੇਰੇ ਉੱਤੇ ਪਿਆ ਅਤੇ ਉਨ੍ਹਾਂ ਤੋਂ ਹੀ ਪ੍ਰੇਰਣਾਂ ਮਿਲੀ।
ਜਗਸੀਰ ਜੀਦਾ ਕਹਿੰਦੇ ਹਨ ਕਿ ਚੇਤਨ ਮਨੁੱਖ ਵਾਸਤੇ ਸਾਹਿਤ ਬਹੁਤ ਜ਼ਰੂਰੀ ਹੈ। ਉਹ ਦੱਸਦੇ ਹਨ ਕਿਤਾਬਾਂ ਪੜ੍ਹਨ ਦੇ ਸ਼ੌਕ ਨੇ ਹੀ ਉਨ੍ਹਾਂ ਨੂੰ ਇਸ ਰਾਹ ਵੱਲ ਤੋਰਿਆ।
"ਜੇਕਰ ਮਨੁੱਖ ਨੇ ਚੇਤਨ ਰਹਿਣਾ ਹੈ ਅਤੇ ਸਮੇਂ ਦੇ ਹਾਣ ਦਾ ਬਣਨਾ ਹੈ ਤਾਂ ਸਮੇਂ ਦਾ ਸਾਹਿਤ, ਆਪਣਾ ਇਤਿਹਾਸ, ਪਿਛੋਕੜ ਅਤੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਮੇਰੇ ਇਸ ਰਾਹ ਉੱਤੇ ਤੁਰਨ ਪਿੱਛੇ ਵੀ ਸਾਹਿਤ ਦਾ ਬਹੁਤ ਵੱਡਾ ਯੋਗਦਾਨ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ