ਬੁੱਢਾ ਨਾਲਾ: ‘ਸਾਨੂੰ ਖ਼ਤਮ ਕਰਨ ਲਈ ਜ਼ਹਿਰਾਂ ਨੂੰ ਸਾਡੇ ਵੱਲ ਧੱਕਿਆ ਜਾ ਰਿਹਾ ਹੈ’, ਆਖ਼ਰਕਾਰ ਕਿਉਂ ਨਹੀਂ ਹੋ ਰਿਹਾ ਹੱਲ ਮਸਲਾ

ਬੁੱਢਾ ਨਾਲਾ
ਤਸਵੀਰ ਕੈਪਸ਼ਨ, ਬੁੱਢੇ ਨਾਲੇ ਦਾ ਪਾਣੀ ਸਤਲੁਜ ਦਰਿਆ ਤੇ ਬਿਆਸ ਦਰਿਆਵਾਂ ਦੇ ਪਾਣੀ ਨੂੰ ਪਲੀਤ ਕਰਦਾ ਹੈ
  • ਲੇਖਕ, ਸਰਬਜੀਤ ਸਿੰਘ ਧਾਲੀਵਾਲ ਅਤੇ ਹਰਮਨਦੀਪ ਸਿੰਘ
  • ਰੋਲ, ਬੀਬੀਸੀ ਪੱਤਰਕਾਰ

“ਸਾਨੂੰ ਖ਼ਤਮ ਕਰਨ ਦੇ ਲਈ ਜ਼ਹਿਰ ਸਾਡੇ ਵੱਲ ਧੱਕਿਆ ਜਾ ਰਿਹਾ ਹੈ, ਜਿਸ ਦਾ ਅਸਰ ਸਾਡੇ ਉੱਤੇ ਹੌਲੀ-ਹੌਲੀ ਹੋਣ ਵੀ ਲੱਗਾ ਹੈ।"

ਸਤਲੁਜ ਦਰਿਆ ਵਿੱਚ ਪੈ ਰਹੇ ਬੁੱਢੇ ਨਾਲੇ ਦੇ ਦੂਸ਼ਿਤ ਪਾਣੀ ਸਬੰਧੀ ਇਹ ਟਿੱਪਣੀ ਲੁਧਿਆਣਾ ਜ਼ਿਲ੍ਹੇ ਦੇ ਵਲੀਪੁਰ ਕਲਾਂ ਪਿੰਡ ਦੇ ਕਿਸਾਨ ਜਗਵਿੰਦਰ ਸਿੰਘ ਢੇਸੀ ਦੀ ਹੈ।

ਵਲੀਪੁਰ ਕਲਾਂ ਪਿੰਡ ਹੀ ਉਹ ਥਾਂ ਹੈ, ਜਿੱਥੇ ਬੁੱਢਾ ਨਾਲੇ ਦੇ ਕਾਲੇ ਪਾਣੀ ਦਾ ਸਤਲੁਜ ਦਰਿਆ ਵਿੱਚ ਸੁਮੇਲ ਹੁੰਦਾ ਹੈ।

ਬੁੱਢੇ ਨਾਲੇ ਦਾ ਦੂਸ਼ਿਤ ਪਾਣੀ ਕਈ ਕਿੱਲੋ ਮੀਟਰ ਤੱਕ ਕਾਲੇ ਰੰਗ ਦੀ ਧਾਰਾ ਦੇ ਰੂਪ ਵਿੱਚ ਸਤਲੁਜ ਦਰਿਆ ਦੇ ਨਾਲ-ਨਾਲ ਇੱਥੇ ਚੱਲਦਾ ਦਿਖਾਈ ਦਿੰਦਾ ਹੈ।

ਜਗਵਿੰਦਰ ਸਿੰਘ ਢੇਸੀ ਦੀ ਜ਼ਮੀਨ ਸਤਲੁਜ ਦਰਿਆ ਦੇ ਕਿਨਾਰੇ ਉੱਤੇ ਹੈ ਅਤੇ ਉਸ ਦੇ ਖੇਤ ਦੇ ਨੇੜੇ ਬੁੱਢਾ ਨਾਲਾ ਸਤਲੁਜ ਦਰਿਆ ਵਿੱਚ ਸ਼ਾਮਲ ਹੁੰਦਾ ਹੈ।

70 ਸਾਲਾ ਜਗਵਿੰਦਰ ਸਿੰਘ ਢੇਸੀ ਦੱਸਦੇ ਹਨ ਕਿ ਇੱਕ ਵਕਤ ਸੀ ਜਦੋਂ ਬੁੱਢੇ ਨਾਲੇ ਦਾ ਪਾਣੀ ਸਾਫ਼ ਹੁੰਦਾ ਸੀ ਅਤੇ ਉਹ ਇਹ ਪਾਣੀ ਖੇਤ ਦੀ ਸਿੰਚਾਈ ਦੇ ਨਾਲ-ਨਾਲ ਪੀਣ ਲਈ ਵੀ ਵਰਤਦੇ ਸਨ।

ਵੀਡੀਓ ਕੈਪਸ਼ਨ, ਲੁਧਿਆਣੇ ਦਾ ਬੁੱਢਾ ਦਰਿਆ ਸਤਲੁਜ ਲਈ ਕਿਵੇਂ ਕਹਿਰ ਬਣ ਰਿਹਾ

ਪਰ ਹੌਲੀ-ਹੌਲੀ ਇਸ ਵਿੱਚ ਲੁਧਿਆਣਾ ਦਾ ਦੂਸ਼ਿਤ ਪਾਣੀ ਆਉਣਾ ਸ਼ੁਰੂ ਹੋ ਗਿਆ ਅਤੇ ਹੁਣ ਸਥਿਤੀ ਇਹ ਹੈ ਕਿ ਇੱਥੇ ਖੜ੍ਹੇ ਹੋਣਾ ਵੀ ਮੁਸ਼ਕਿਲ ਹੋ ਗਿਆ ਹੈ।

ਹਾਲਾਂਕਿ ਖੇਤ ਦੀ ਸਿੰਚਾਈ ਦੇ ਲਈ ਜਗਵਿੰਦਰ ਸਿੰਘ ਢੇਸੀ ਨੇ ਟਿਊਬਵੈੱਲ ਲਗਵਾਇਆ ਹੋਇਆ ਹੈ ਪਰ ਉਹ ਦੱਸਦੇ ਹਨ ਕਿ ਬੁੱਢੇ ਨਾਲੇ ਕਰ ਕੇ ਉਨ੍ਹਾਂ ਦੇ ਟਿਊਬਵੈੱਲ ਦਾ ਪਾਣੀ ਵੀ ਖ਼ਰਾਬ ਹੋ ਗਿਆ।

ਇਸ ਦਾ ਅਸਰ ਖੇਤ ਦੀ ਉਪਜਾਊ ਸ਼ਕਤੀ ਉੱਤੇ ਕਾਫ਼ੀ ਪਿਆ ਹੈ, ਜਿਸ ਕਾਰਨ ਇੱਥੇ ਫ਼ਸਲ ਵੀ ਸਹੀ ਨਹੀਂ ਹੁੰਦੀ।

ਲੁਧਿਆਣਾ ਵਿਚੋਂ ਦੀ ਹੋ ਕੇ ਬੁੱਢਾ ਨਾਲਾ ਆਸਪਾਸ ਦੇ ਕਈ ਪਿੰਡਾਂ ਦੇ ਵਿੱਚ ਦੀ ਲੰਘਦਾ ਹੈ, ਇਨ੍ਹਾਂ ਵਿਚੋਂ ਇੱਕ ਪਿੰਡ ਹੈ ਗੌਂਸਪੁਰ।

ਗੌਂਸਪੁਰ ਪਿੰਡ ਦੇ ਜ਼ਿਆਦਾਤਰ ਲੋਕ ਖੇਤੀਬਾੜੀ ਕਰਦੇ ਹਨ। ਪਿੰਡ ਵਾਸੀਆਂ ਮੁਤਾਬਕ ਪਿਛਲੇ ਸਮੇਂ ਦੌਰਾਨ ਇੱਥੇ ਕਈ ਫ਼ੈਕਟਰੀਆਂ ਸਥਾਪਤ ਹੋਈਆਂ ਹਨ।

ਬੀਬੀਸੀ ਦੀ ਟੀਮ ਨੇ ਦੇਖਿਆ ਕਿ ਕੁਝ ਫ਼ੈਕਟਰੀਆਂ ਬਿਲਕੁਲ ਬੁੱਢੇ ਨਾਲੇ ਦੇ ਕਿਨਾਰੇ ਉੱਤੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਸੇ ਪਿੰਡ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੁੱਢੇ ਨਾਲੇ ਦੇ ਦੂਸ਼ਿਤ ਅਤੇ ਕਾਲੇ ਪਾਣੀ ਕਾਰਨ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਹ ਆਖਦੇ ਹਨ ਕਿ ਨਾਲੇ ਕਾਰਨ ਜ਼ਮੀਨਦੋਜ਼ ਪਾਣੀ ਵੀ ਦੂਸ਼ਿਤ ਹੋ ਗਿਆ ਹੈ, ਜਿਸ ਕਾਰਨ ਇੱਥੇ ਪੈਦਾ ਹੋਈਆਂ ਫ਼ਸਲਾਂ ਸਿਹਤ ਲਈ ਠੀਕ ਨਹੀਂ ਹਨ।

50 ਸਾਲਾ ਸੁਖਵਿੰਦਰ ਸਿੰਘ ਆਖਦੇ ਹਨ ਕਿ ਬੁੱਢੇ ਨਾਲੇ ਦੇ ਕਿਨਾਰੇ ਉੱਤੇ ਕਿਸੇ ਸਮੇਂ ਮੇਲਾ ਲੱਗਦਾ ਸੀ ਅਤੇ ਲੋਕ ਇਸ ਵਿੱਚ ਇਸ਼ਨਾਨ ਕਰਦੇ ਸਨ ਪਰ ਲੁਧਿਆਣੇ ਦੀਆਂ ਫ਼ੈਕਟਰੀਆਂ ਦੇ ਦੂਸ਼ਿਤ ਅਤੇ ਸੀਵਰੇਜ ਦੇ ਪਾਣੀ ਨੇ ਇਸ ਧਾਰਾ ਨੂੰ ਖ਼ਤਮ ਕਰ ਦਿੱਤਾ ਹੈ।

ਸੁਖਵਿੰਦਰ ਸਿੰਘ ਮੁਤਾਬਕ ਬੁੱਢੇ ਨਾਲੇ ਦੇ ਕਾਰਨ ਉਨ੍ਹਾਂ ਦਾ ਪਿੰਡ ਇਸ ਕਦਰ ਬਦਨਾਮ ਹੋ ਗਿਆ ਹੈ, ਲੋਕ ਬੱਚਿਆਂ ਦੇ ਰਿਸ਼ਤੇ ਕਰਨ ਤੋਂ ਝਿਜਕਦੇ ਹਨ।

ਗੌਂਸਪੁਰ ਪਿੰਡ ਦੇ ਦੌਰੇ ਦੌਰਾਨ ਬੀਬੀਸੀ ਦੀ ਟੀਮ ਨੇ ਦੇਖਿਆ ਕਿ ਨਾਲੇ ਵਿੱਚ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ ਅਤੇ ਇੱਥੇ ਜ਼ਿਆਦਾ ਦੇਰ ਖੜ੍ਹੇ ਹੋ ਸਕਣਾ ਵੀ ਮੁਸ਼ਕਿਲ ਸੀ।

ਸੁਖਵਿੰਦਰ ਸਿੰਘ ਦਾ ਖੇਤ ਬੁੱਢੇ ਨਾਲੇ ਤੋਂ ਕੁਝ ਹੀ ਦੂਰੀ ਉੱਤੇ ਹੈ। ਉਨ੍ਹਾਂ ਮੁਤਾਬਕ ਦੂਸ਼ਿਤ ਪਾਣੀ ਦੇ ਅਸਰ ਕਾਰਨ ਉਨ੍ਹਾਂ ਦਾ ਸਿੰਚਾਈ ਵਾਸਤੇ ਵਰਤਿਆ ਜਾਣ ਵਾਲਾ ਪਾਣੀ ਵੀ ਦੂਸ਼ਿਤ ਹੋ ਗਿਆ ਹੈ।

ਇਸੇ ਕਰਕੇ ਉਨ੍ਹਾਂ ਨੇ ਆਪਣੀ ਕੁਝ ਜ਼ਮੀਨ ਇੱਥੋਂ ਵੇਚ ਦਿੱਤੀ ਹੈ ਅਤੇ ਰਹਿੰਦੀ ਵੇਚਣ ਦੀ ਤਿਆਰੀ ਵਿੱਚ ਹਨ।

ਬੁੱਢਾ ਨਾਲਾ

ਬੁੱਢੇ ਨਾਲੇ ਦੀ ਉਲਝੀ ਤਾਣੀ

ਲੁਧਿਆਣਾ ਸ਼ਹਿਰ ਵਿੱਚੋਂ ਲੰਘਦਾ ਬੁੱਢਾ ਨਾਲਾ ਕਦੇ ਇਸ ਸ਼ਹਿਰ ਦੀ ਜੀਵਨ ਰੇਖਾ ਹੁੰਦਾ ਸੀ ਪਰ ਅੱਜ ਇਸ ਦਾ ਹਾਲ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੀਆਂ ਚੁਣੌਤੀਆਂ ਦੀ ਇੱਕ ਗੁੰਝਲਦਾਰ ਕਹਾਣੀ ਵਾਂਗ ਹੋ ਗਿਆ ਹੈ।

ਇਹ ਨਾਲਾ ਲੁਧਿਆਣਾ ਵਿਚੋਂ ਲੰਘਦਾ ਹੋਇਆ ਆਪਣੇ ਨਾਲ ਸ਼ਹਿਰ ਦੀ ਉਦਯੋਗਿਕ ਅਤੇ ਘਰੇਲੂ ਗੰਦਗੀ ਲੈ ਕੇ ਲੁਧਿਆਣਾ ਜ਼ਿਲ੍ਹੇ ਦੇ ਵਲੀਪੁਰ ਕਲਾਂ ਪਿੰਡ ਨੇੜੇ ਸਤਲੁਜ ਦਰਿਆ ਵਿੱਚ ਸ਼ਾਮਲ ਹੋ ਜਾਂਦਾ ਹੈ।

ਸਤਲੁਜ ਦਾ ਪਾਣੀ ਅੱਗੇ ਜਾ ਕੇ ਕਈ ਖੇਤਰਾਂ ਵਿੱਚ ਸਿੰਚਾਈ ਅਤੇ ਪੀਣ ਲਈ ਵਰਤਿਆ ਜਾਂਦਾ ਹੈ।

ਬੁੱਢਾ ਨਾਲਾ ਲੁਧਿਆਣਾ ਦੇ ਕੂੰਮਕਲਾਂ ਪਿੰਡ ਤੋਂ ਸ਼ੁਰੂ ਹੁੰਦਾ ਹੈ ਅਤੇ ਲੁਧਿਆਣਾ ਸ਼ਹਿਰ ਵਿੱਚ ਦੀ ਇਸ ਦਾ ਸਫ਼ਰ ਸਿਰਫ਼ 14 ਕਿਲੋਮੀਟਰ ਹੈ।

ਮੂਲ ਰੂਪ ਵਿੱਚ, ਇਹ ਸਤਲੁਜ ਦਰਿਆ ਦੀ ਇੱਕ ਸਹਾਇਕ ਨਦੀ ਜਾਂ ਕੁਦਰਤੀ ਜਲ ਧਾਰਾ ਸੀ, ਜੋ ਇੱਥੋਂ ਦੇ ਵਾਸੀਆਂ ਨੂੰ ਕੁਦਰਤ ਨਾਲ ਜੁੜਨ ਦਾ ਇੱਕ ਸੋਮਾ ਸੀ।

ਸਮਾਂ ਬੀਤਣ ਦੇ ਨਾਲ ਸਾਫ਼ ਅਤੇ ਤਾਜੇ ਪਾਣੀ ਦੀ ਇਹ ਧਾਰਾ, ਪੰਜਾਬ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜਲ ਸਰੋਤਾਂ ਵਿੱਚੋਂ ਇੱਕ ਬਣ ਗਈ ਹੈ, ਜੋ ਬੇਰੋਕ ਅਤੇ ਗ਼ੈਰ ਯੋਜਨਾਬੱਧ ਉਦਯੋਗੀਕਰਨ ਅਤੇ ਸ਼ਹਿਰੀ ਵਿਕਾਸ ਦੀਆਂ ਵਾਤਾਵਰਣ ਪ੍ਰਤੀ ਲਾਗਤਾਂ ਦਾ ਪ੍ਰਤੀਕ ਹੈ।

ਟਰੈਕਟਰ
ਤਸਵੀਰ ਕੈਪਸ਼ਨ, ਦੂਸ਼ਿਤ ਪਾਣੀ ਕਾਰਨ ਖੇਤਾਂ ਦੀ ਉਪਜਾਊਪਨ ਵੀ ਘਟ ਗਿਆ ਹੈ

ਬੁੱਢਾ ਨਾਲਾ ਕਿਵੇਂ ਸਤਲੁਜ ਨੂੰ ਕਰ ਰਿਹਾ ਹੈ ਦੂਸ਼ਿਤ

ਵਾਤਾਵਰਨ ਪ੍ਰੇਮੀ ਕਰਨਲ ਜਸਜੀਤ ਸਿੰਘ ਗਿੱਲ (ਸੇਵਾਮੁਕਤ) ਦੱਸਦੇ ਹਨ ਕਿ ਲੁਧਿਆਣਾ ਦੇ ਇੱਕ ਉਦਯੋਗਿਕ ਕੇਂਦਰ ਵਜੋਂ ਵਿਕਸਤ ਹੋਣ ਦੇ ਨਾਲ, ਬੁੱਢੇ ਨਾਲੇ ਦੇ ਕਿਨਾਰੇ ਅਤੇ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿੱਚ ਕੱਪੜੇ ਰੰਗਣ ਵਾਲੀਆਂ ਅਤੇ ਕਈ ਹੋਰ ਫ਼ੈਕਟਰੀਆਂ ਖੱਬਲ (ਘਾਹ) ਵਾਂਗੂੰ ਵਧਦੀਆਂ ਗਈਆਂ।

ਜਸਜੀਤ ਸਿੰਘ ਗਿੱਲ ਮੁਤਾਬਕ ਇਸ ਦਾ ਨਤੀਜਾ ਇਹ ਹੋਇਆ ਕਿ ਉਦਯੋਗਿਕ ਇਕਾਈ ਦਾ ਦੂਸ਼ਿਤ ਪਾਣੀ, ਸ਼ਹਿਰ ਦੇ ਅਣਟਰੀਟਡ ਸੀਵਰੇਜ ਅਤੇ ਡੇਅਰੀਆਂ ਵਿੱਚ ਰੱਖੇ ਪਸ਼ੂਆਂ ਦੇ ਮਲ ਮੂਤਰ ਨੇ ਇਸ ਸਾਫ਼ ਧਾਰਾ ਨੂੰ ਬਹੁਤ ਹੀ ਜ਼ਹਿਰੀਲੇ ਜਲ ਮਾਰਗ ਵਿੱਚ ਬਦਲ ਦਿੱਤਾ ਹੈ।

ਉਹ ਕਹਿੰਦੇ ਹਨ ਕਿ ਭਾਰੀ ਧਾਤਾਂ, ਰਸਾਇਣਕ ਅਤੇ ਹੋਰ ਪ੍ਰਦੂਸ਼ਣ ਨੇ ਬੁੱਢੇ ਨਾਲੇ ਦੇ ਨੀਲੇ ਪਾਣੀ ਨੂੰ ਕਾਲਾ ਅਤੇ ਬਦਬੂਦਾਰ ਕਰ ਦਿੱਤਾ, ਜਿਸ ਕਾਰਨ ਹੁਣ ਇਸ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਨਾਲ-ਨਾਲ ਸਤਲੁਜ ਦਾ ਪਾਣੀ ਸਿੰਚਾਈ ਅਤੇ ਪੀਣ ਲਈ ਵਰਤਣ ਵਾਲਿਆਂ ਲਈ ਗੰਭੀਰ ਖ਼ਤਰੇ ਪੈਦਾ ਕਰ ਰਿਹਾ ਹੈ।

ਬੁੱਢਾ ਨਾਲਾ

ਕਰਨਲ ਗਿੱਲ ਮੁਤਾਬਕ ਉਹ ਲਗਾਤਾਰ ਬੁੱਢੇ ਨਾਲ ਦੀ ਸਫ਼ਾਈ ਲਈ ਜਿੱਥੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ, ਉੱਥੇ ਹੀ ਉਹ ਇਸ ਲਈ ਕਾਨੂੰਨੀ ਲੜਾਈ ਵੀ ਲੜ ਰਹੇ ਹਨ। ਬੁੱਢੇ ਨਾਲੇ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਨੇ ਕਾਲੇ ਪਾਣੀ ਦਾ ਮੋਰਚਾ ਵੀ ਸ਼ੁਰੂ ਕੀਤਾ ਹੋਇਆ ਹੈ।

ਪੰਜਾਬ ਸਰਕਾਰ ਦੀ ਸਤਲੁਜ ਦਰਿਆ ਨੂੰ ਸਾਫ਼ ਕਰਨ ਬਾਰੇ 2019 ਵਿੱਚ ਬਣਾਈ ਗਈ ਐਕਸ਼ਨ ਕਮੇਟੀ ਦੀ ਰਿਪੋਰਟ ਮੁਤਾਬਕ ਦਰਿਆ ਨੂੰ ਦੂਸ਼ਿਤ ਕਰਨ ਵਾਲੇ ਕਾਰਨਾਂ ਵਿੱਚੋਂ ਇੱਕ ਕਾਰਨ ਲੁਧਿਆਣਾ ਦਾ ਬੁੱਢਾ ਨਾਲੇ ਦਾ ਪਾਣੀ ਵੀ ਸੀ।

ਯਾਦ ਰਹੇ ਕਿ ਕੱਪੜੇ ਰੰਗਣ ਵਾਲੇ ਯੂਨਿਟਾਂ ਵਿੱਚ ਸਭ ਤੋਂ ਜ਼ਿਆਦਾ ਪਾਣੀ ਇਸਤੇਮਾਲ ਹੁੰਦਾ ਹੈ।

ਪਰ ਸਥਾਨਕ ਵਾਸੀਆਂ ਮੁਤਾਬਕ ਬਹੁਤ ਸਾਰੀਆਂ ਅਜਿਹੀਆਂ ਇਕਾਈਆਂ ਵੀ ਹਨ, ਜੋ ਰਜਿਸਟਰਡ ਹੀ ਨਹੀਂ ਹਨ ਅਤੇ ਉਹ ਪਾਣੀ ਸਿੱਧਾ ਸੀਵਰੇਜ ਵਿੱਚ ਪਾ ਰਹੇ ਹਨ।

ਸ਼ਹਿਰ ਵਾਸੀਆਂ ਮੁਤਾਬਕ ਹਰ ਰੋਜ਼ ਲੱਖਾਂ ਲਿਟਰ ਅਣਸੋਧਿਆ ਸੀਵਰੇਜ ਸਿੱਧਾ ਬੁੱਢਾ ਨਾਲੇ ਵਿੱਚ ਪਾਇਆ ਜਾ ਰਿਹਾ ਹੈ।

ਪਾਣੀ
ਤਸਵੀਰ ਕੈਪਸ਼ਨ, ਸਮਾਂ ਬੀਤਣ ਦੇ ਨਾਲ ਸਾਫ਼ ਅਤੇ ਤਾਜੇ ਪਾਣੀ ਦੀ ਇਹ ਧਾਰਾ, ਪੰਜਾਬ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜਲ ਸਰੋਤਾਂ ਵਿੱਚੋਂ ਇੱਕ ਬਣ ਗਈ ਹੈ

ਪਾਣੀ ਨੂੰ ਸਾਫ਼ ਕਰਨ ਲਈ ਕਿਹੜੇ ਕਦਮ ਚੁੱਕੇ ਗਏ

ਬੁੱਢੇ ਨਾਲੇ ਦਾ ਦੂਸ਼ਿਤ ਪਾਣੀ ਦਾ ਮਸਲਾ ਬਹੁਤ ਪੁਰਾਣਾ ਹੈ, ਕਈ ਸਰਕਾਰਾਂ ਆਈਆਂ ਉਨ੍ਹਾਂ ਨੇ ਨਾਲੇ ਦੀ ਸਫ਼ਾਈ ਲਈ ਫ਼ੰਡ ਜਾਰੀ ਕੀਤਾ, ਟਰੀਟਮੈਂਟ ਪਲਾਂਟ ਸਥਾਪਤ ਕੀਤੇ ਪਰ ਬੁੱਢਾ ਨਾਲਾ ਸਾਫ਼ ਨਹੀਂ ਹੋ ਸਕਿਆ।

ਇਸ ਕਰ ਕੇ ਵਾਤਾਵਰਨ ਅਤੇ ਜਨਤਕ ਸਿਹਤ ਸੰਕਟ ਨੂੰ ਪਛਾਣਦੇ ਹੋਏ, ਕਾਰਕੁਨਾਂ ਅਤੇ ਸਥਾਨਕ ਸੰਸਥਾਵਾਂ ਬੁੱਢੇ ਨਾਲੇ ਦੀ ਸਥਿਤੀ ਵੱਲ ਧਿਆਨ ਦਿਵਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ।

ਪਿਛਲੇ ਸਾਲਾਂ ਦੌਰਾਨ, ਸੂਬਾ ਸਰਕਾਰ ਨੇ ਨਾਲੇ ਦੀ ਸਫ਼ਾਈ ਲਈ ਕਈ ਪਹਿਲਕਦਮੀਆਂ ਕੀਤੀਆਂ।

ਇਨ੍ਹਾਂ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ, ਉਦਯੋਗਾਂ ਦੀ ਰਹਿੰਦ-ਖੂੰਹਦ ਜਾਂ ਗੰਧਲੇ ਪਾਣੀ ਦੇ ਇਲਾਜ ਵਾਸਤੇ ਸਾਂਝੇ ਟਰੀਟਮੈਂਟ (Common Effluent Treatment Plant) ਪਲਾਂਟ ਸਥਾਪਤ ਕੀਤੇ ਗਏ। ਫਿਰ ਵੀ ਨਤੀਜੇ ਸਰਾਥਕ ਨਹੀਂ ਰਹੇ।

ਬੁੱਢੇ ਨਾਲੇ ਦੀ ਸਫ਼ਾਈ ਵਾਸਤੇ ਸੰਘਰਸ਼ ਕਰ ਰਹੇ ਸਥਾਨਕ ਵਾਸੀਆਂ ਮੁਤਾਬਕ ਇਸ ਦਾ ਕਾਰਨ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਢਿੱਲ ਮੱਠ, ਜਨਤਕ ਜਾਗਰੂਕਤਾ ਦੀ ਘਾਟ ਅਤੇ ਗੁੰਝਲਦਾਰ ਰੈਗੂਲੇਟਰੀ ਚੁਣੌਤੀਆਂ ਹਨ।

ਬੁੱਢਾ ਨਾਲਾ

ਲੁਧਿਆਣਾ ਨਗਰ ਨਿਗਮ ਵੱਲੋਂ ਘਰੇਲੂ ਗੰਦਗੀ ਅਤੇ ਗੰਦਲੇ ਪਾਣੀ ਦੀ ਸਫ਼ਾਈ ਲਈ ਤਿੰਨ ਸੀਵਰੇਜ ਟਰੀਟਮੈਂਟ ਪਲਾਂਟ ਲਗਾਏ ਗਏ ਹਨ।

ਇਹ ਪਲਾਂਟ ਜਮਾਲਪੁਰ, ਬੱਲੋਕੇ ਅਤੇ ਪੱਟੀਆਂ ਇਲਾਕੇ ਵਿੱਚ ਸਥਿਤ ਹਨ। ਬੁੱਢੇ ਨਾਲ ਦੀ ਸਫ਼ਾਈ ਦੀ ਜ਼ਿੰਮੇਵਾਰੀ ਲੁਧਿਆਣਾ ਨਗਰ ਨਿਗਮ ਉੱਤੇ ਹੈ।

ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਵਾਲ ਨੇ ਬੀਬੀਸੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਕਈ ਦਿੱਕਤਾਂ ਹਨ ਪਰ ਇਸ ਦੇ ਬਾਵਜੂਦ ਵੀ ਉਹ ਇਸ ਸਮੱਸਿਆ ਦੇ ਲਈ ਯਤਨ ਕਰ ਰਹੇ ਹਨ।

ਉਨ੍ਹਾਂ ਆਖਿਆ, "ਨਗਰ ਨਿਗਮ ਲਗਾਤਾਰ ਕੋਸ਼ਿਸ਼ ਕਰ ਰਹੀ ਕਿ ਬੁੱਢੇ ਨਾਲੇ ਦੀ ਸਫ਼ਾਈ ਕੀਤੀ ਜਾਵੇ ਅਤੇ ਇਸ ਦੇ ਸਰਕਾਰ ਵੱਲੋਂ ਫ਼ੰਡ ਵੀ ਜਾਰੀ ਕੀਤੇ ਗਏ ਹਨ ਅਤੇ ਪਹਿਲਾਂ ਦੇ ਮੁਕਾਬਲੇ ਇਸ ਦਾ ਪਾਣੀ ਸਾਫ਼ ਹੋ ਵੀ ਰਿਹਾ ਹੈ।"

"ਇਹ ਗੱਲ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫ਼ੈਕਟਰੀਆਂ ਦਾ ਪਾਣੀ ਟਰੀਟਮੈਂਟ ਪਲਾਂਟ ਵਿੱਚ ਦੀ ਹੋ ਕੇ ਅੱਗੇ ਭੇਜਿਆ ਜਾਵੇ।"

ਬੁੱਢਾ ਨਾਲਾ
ਤਸਵੀਰ ਕੈਪਸ਼ਨ, ਸ਼ਹਿਰ ਵਾਸੀਆਂ ਮੁਤਾਬਕ ਹਰ ਰੋਜ਼ ਲੱਖਾਂ ਲਿਟਰ ਅਣਸੋਧਿਆ ਸੀਵਰੇਜ ਸਿੱਧਾ ਬੁੱਢਾ ਨਾਲੇ ਵਿੱਚ ਪਾਇਆ ਜਾ ਰਿਹਾ ਹੈ
ਇਹ ਵੀ ਪੜ੍ਹੋ-

ਉਦਯੋਗਪਤੀਆਂ ਦੇ ਤਰਕ ਤੇ ਹਕੀਕਤ

ਲੁਧਿਆਣਾ ਕੱਪੜੇ ਰੰਗਣ ਵਾਲੀਆਂ ਉਦਯੋਗ ਇਕਾਈ ਐਸੋਸੀਏਸ਼ਨ ਦੇ ਸਕੱਤਰ ਬੌਬੀ ਜਿੰਦਲ ਨੇ ਦੱਸਿਆ ਕਿ ਡਾਇੰਗ ਉਦਯੋਗਾਂ ਦੀ ਰਹਿੰਦ-ਖੂੰਹਦ ਦੇ ਇਲਾਜ ਵਾਸਤੇ 105 ਐੱਮਐੱਲਡੀ ਦੀ ਸਮਰੱਥਾ ਵਾਲੇ ਤਿੰਨ “ਸਾਂਝੇ ਰਹਿੰਦ-ਖੂੰਹਦ ਟਰੀਟਮੈਂਟ ਪਲਾਂਟ” ਲਗਾਏ ਹੋਏ ਹਨ।

ਇਨ੍ਹਾਂ ਤਿੰਨਾਂ ਵਿੱਚੋਂ ਇੱਕ ਕੇਂਦਰੀ ਜੇਲ੍ਹ ਨੇੜੇ ਤਾਜਪੁਰ ਰੋਡ ਉੱਤੇ ਸਥਿਤ ਹੈ, ਜਿਸ ਦੀ ਸਮਰੱਥਾ 40 ਐੱਮਐੱਲਡੀ ਹੈ।

ਦੂਜਾ 50 ਐੱਮਐੱਲਡੀ ਦੀ ਸਮਰੱਥਾ ਵਾਲਾ ਸੀਈਟੀਪੀ ਤਾਜਪੁਰ-ਰਾਹੋਂ ਰੋਡ ਉੱਤੇ ਸਥਿਤ ਹੈ ਜਦਕਿ ਤੀਜੇ ਸੀਈਟੀਪੀ ਦੀ ਸਮਰੱਥਾ 15 ਐੱਮਐੱਲਡੀ ਹੈ। ਇਹ ਸੀਈਟੀਪੀ ਬਹਾਦਰਕੇ ਰੋਡ ਉੱਤੇ ਸਥਿਤ ਹੈ।

ਉਨ੍ਹਾਂ ਮੁਤਾਬਕ ਫ਼ੈਕਟਰੀ ਇਨ੍ਹਾਂ ਸੀਈਟੀਪਜ਼ ਨਾਲ ਸਿੱਧੇ ਤੌਰ ਵੱਖਰੀਆਂ ਜ਼ਮੀਨਦੋਜ਼ ਪਾਈਪਾਂ ਰਾਹੀਂ ਜੁੜੀਆਂ ਹੋਈਆਂ ਹਨ।

ਡਾਇੰਗ ਉਦਯੋਗਾਂ ਵਿੱਚ ਨਿਕਲ ਕੇ ਗੰਧਲਾ ਪਾਣੀ ਇਨ੍ਹਾਂ ਪਲਾਂਟਾਂ ਵਿੱਚ ਪਹੁੰਚਦਾ ਹੈ, ਜਿੱਥੇ ਗੰਧਲੇ ਪਾਣੀ ਨੂੰ ਸਾਫ਼ ਕਰ ਕੇ ਇਸ ਨੂੰ ਬੁੱਢੇ ਨਾਲੇ ਵਿੱਚ ਛੱਡ ਦਿੱਤਾ ਜਾਂਦਾ ਹੈ।

ਬੁੱਢਾ ਨਾਲਾ
ਤਸਵੀਰ ਕੈਪਸ਼ਨ, ਲੁਧਿਆਣਾ ਨਗਰ ਨਿਗਮ ਵੱਲੋਂ ਘਰੇਲੂ ਗੰਦਗੀ ਅਤੇ ਗੰਦਲੇ ਪਾਣੀ ਦੀ ਸਫ਼ਾਈ ਲਈ ਤਿੰਨ ਸੀਵਰੇਜ ਟਰੀਟਮੈਂਟ ਪਲਾਂਟ ਲਗਾਏ ਗਏ ਹਨ

ਬੁੱਢੇ ਨਾਲੇ ਨੂੰ ਦੂਸ਼ਿਤ ਕਰਨ ਲਈ ਕੌਣ ਜ਼ਿੰਮੇਵਾਰ

ਕਿਸੇ ਵੀ ਤਰਾਂ ਦੇ ਪ੍ਰਦੂਸ਼ਣ ਨੂੰ ਕਾਬੂ ਕਰਨ ਦੀ ਜ਼ਿੰਮੇਵਾਰ ਪ੍ਰਦਸ਼ੂਣ ਕੰਟਰੋਲ ਬੋਰਡ ਦੀ ਹੁੰਦੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਵਾਤਾਵਰਨ ਇੰਜੀਨੀਅਰ ਆਰ ਕੇ ਰੱਤੜਾ ਮੁਤਾਬਕ ਸਥਿਤੀ ਵਿੱਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਆਇਆ ਹੈ।

ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਐੱਨਜੀਟੀ ਵਿੱਚ ਦਾਖ਼ਲ ਕੀਤੇ ਗਏ ਇੱਕ ਜਵਾਬ ਮੁਤਾਬਕ ਜ਼ਿਲ੍ਹੇ ਵਿੱਚ ਲਗਭਗ 315 ਡਾਇੰਗ ਯੂਨਿਟ ਹਨ ਅਤੇ ਇਨ੍ਹਾਂ ਵਿੱਚੋਂ 265 ਬੁੱਢੇ ਦਰਿਆ ਦੇ ਕਿਨਾਰੇ ਲੱਗੇ ਹੋਏ ਹਨ।

ਇਨ੍ਹਾਂ 265 ਯੂਨਿਟਾਂ ਵਿੱਚ 211 ਤਿੰਨ ਸੀਈਟੀਪਜ਼ ਨਾਲ ਜੁੜੇ ਹੋਏ ਹਨ ਜਦਕਿ 54 ਉਦਯੋਗ ਭੂਗੋਲਿਕ ਕਾਰਨਾਂ ਕਰ ਕੇ ਸੀਈਟੀਪਜ਼ ਨਾਲ ਨਹੀਂ ਜੁੜੇ ਹੋਏ।

ਹਾਲਾਂਕਿ ਬੋਰਡ ਨੇ ਦਾਅਵਾ ਕੀਤਾ ਕਿ ਇਨ੍ਹਾਂ 54 ਯੂਨਿਟਾਂ ਨੇ ਆਪਣੇ ਉਦਯੋਗਾਂ ਦੇ ਵਿਹੜੇ ਵਿੱਚ ਕੈਪੀਟਵ ਇੰਫੂਲੈਂਟ ਟਰੀਟਮੈਂਟ ਪਲਾਂਟ ਸਥਾਪਿਤ ਕੀਤੇ ਹੋਏ ਹਨ ਅਤੇ ਗੰਦਲੇ ਪਾਣੀ ਨੂੰ ਟਰੀਟ ਕਰਨ ਮਗਰੋਂ ਸੀਵਰੇਜ ਵਿੱਚ ਛੱਡਦੇ ਹਨ।

ਇਲੈਕਟਰੋਪਲੇਟਿੰਗ ਉਦਯੋਗਾਂ ਨੇ ਵੀ ਇੱਕ 500 ਕੇਐੱਲਡੀ ਦੀ ਸਮਰੱਥਾ ਵਾਲਾ ਇੱਕ ਸੀਈਟੀਪੀ ਵੀ ਫੋਕਲ ਪੁਆਇੰਟ ਦੇ ਫ਼ੇਜ਼- 8 ਵਿੱਚ ਲਾਇਆ ਹੋਇਆ ਹੈ।

ਬੋਰਡ ਦਾ ਕਹਿਣਾ ਹੈ ਕਿ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਈ ਅਜਿਹੇ ਕਾਰਨ ਹਨ, ਜਿੰਨ੍ਹਾਂ ਕਰਕੇ ਨਾਲੇ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਇੰਨਾ ਉੱਤੇ ਕਾਬੂ ਪਾਉਣਾ ਕਾਫ਼ੀ ਮੁਸ਼ਕਿਲ ਹੈ।

ਬੁੱਢਾ ਨਾਲਾ
ਤਸਵੀਰ ਕੈਪਸ਼ਨ, ਬੁੱਡੇ ਨਾਲੇ ਦਾ ਪਾਣੀ ਇੰਨਾ ਦੂਸ਼ਿਤ ਹੈ ਕਿ ਇੱਥੇ ਖੜ੍ਹੇ ਹੋਣਾ ਵੀ ਮੁਸ਼ਕਲ ਹੈ

ਬੁੱਢੇ ਨਾਲੇ ਦੇ ਦੂਸ਼ਿਤ ਪਾਣੀ ਦੇ ਪ੍ਰਭਾਵ

ਬੁੱਢੇ ਨਾਲੇ ਦੇ ਦੂਸ਼ਿਤ ਪਾਣੀ ਦੇ ਜ਼ਮੀਨੀ ਪਾਣੀ ਅਤੇ ਇਸ ਦੇ ਆਸ-ਪਾਸ ਵੱਸਦੇ ਲੋਕਾਂ ਉੱਤੇ ਪ੍ਰਭਾਵ ਬਾਰੇ ਪਿਛਲੇ ਲੰਮੇ ਸਮੇਂ ਤੋਂ ਕੋਈ ਸਟੱਡੀ ਨਹੀਂ ਕੀਤੀ ਗਈ।

ਹਾਲਾਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਭਗ 12 ਵਰ੍ਹੇ ਪਹਿਲਾਂ ਇਸ ਦੂਸ਼ਿਤ ਪਾਣੀ ਦੀ ਜ਼ਮੀਨੀ ਦੀ ਸਿਹਤ ਅਤੇ ਸਾਲ 2022 ਦੌਰਾਨ ਬੁੱਢੇ ਨਾਲੇ ਦੇ ਪਾਣੀ ਵਿੱਚ ਬੈਕਟੀਰੀਆ ਦੀ ਮੌਜੂਦਗੀ ਬਾਰੇ ਅਧਿਐਨ ਕੀਤਾ ਗਿਆ।

ਇਹ ਦੋਵੇਂ ਅਧਿਐਨ ਦੂਸ਼ਿਤ ਪਾਣੀ ਦੇ ਲੋਕਾਂ ਉੱਤੇ ਪੈਣ ਵਾਲੇ ਪ੍ਰਭਾਵ ਦੇ ਪੱਖ ਨੂੰ ਨਹੀਂ ਛੂੰਹਦੇ।

ਪਰ ਲੋਕਾਂ ਦੀ ਜ਼ਿੰਦਗੀ ਉੱਤੇ ਦੂਸ਼ਿਤ ਪਾਣੀ ਦੇ ਪ੍ਰਭਾਵ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 36 ਸਾਲ ਪਹਿਲਾਂ ਕੀਤਾ ਗਏ ਇੱਕ ਅਧਿਐਨ ਮਿਲਦਾ ਹੈ।

ਸਾਲ 1989 ਵਿੱਚ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਜਤਿੰਦਰ ਪਾਲ ਸਿੰਘ ਵੱਲੋਂ “ਬੁੱਢੇ ਨਾਲੇ ਦੇ ਪ੍ਰਦੂਸ਼ਣ ਦਾ ਸਥਾਨਕ ਵਾਸੀਆਂ ਵੱਲੋਂ ਖ਼ਪਤ ਕੀਤੇ ਜ਼ਮੀਨੀ ਪਾਣੀ ਉੱਤੇ ਪ੍ਰਭਾਵ” ਵਿਸ਼ੇ ਉੱਤੇ ਇਹ ਅਧਿਐਨ ਕੀਤਾ ਗਿਆ ਸੀ।

ਇਸ ਮੁਤਾਬਕ ਪਿਛਲੇ 20 ਸਾਲਾਂ ਤੋਂ ਲਗਾਤਾਰ ਸੀਵਰੇਜ ਅਤੇ ਹੋਰ ਗੰਧਲਾ ਪਾਣੀ ਬੁੱਢੇ ਨਾਲੇ ਵਿੱਚ ਪਾਉਣ ਨਾਲ ਵਹਾਅ ਦੇ ਸੱਜੇ ਪਾਸੇ ਜ਼ਮੀਨੀ ਪਾਣੀ 1200 ਮੀਟਰ ਤੱਕ ਦੂਸ਼ਿਤ ਹੋ ਚੁੱਕਾ ਹੈ ਜਦਕਿ ਖੱਬੇ ਪਾਸਿਉਂ 250-300 ਮੀਟਰ ਤੱਕ ਦੂਸ਼ਿਤ ਹੋ ਚੁੱਕਾ ਹੈ।

ਇਸ ਅਧਿਐਨ ਵਿੱਚ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਜੇਕਰ ਤੁਰੰਤ ਰੋਕਥਾਮ ਲਈ ਉਪਰਾਲੇ ਨਾ ਕੀਤੇ ਗਏ ਤਾਂ ਨਾਲੇ ਦੇ ਦੁਆਲੇ ਦੂਸ਼ਿਤ ਜ਼ਮੀਨ ਪਾਣੀ ਦੇ ਇਲਾਕੇ ਵਿੱਚ ਵਾਧਾ ਹੋ ਜਾਵੇਗਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਾਈਕ੍ਰੋਬਾਇਆਲੋਜਿਸਟ ਵਿਭਾਗ ਦੀ ਪ੍ਰੋਫੈਸਰ ਡਾਕਟਰ ਪ੍ਰਿਆ ਕਤਿਆਲ ਮੁਤਾਬਕ ਅਧਿਐਨ ਦੌਰਾਨ ਬੁੱਢੇ ਨਾਲ ਦੇ ਪਾਣੀ ਵਿੱਚ ਜੋ ਬੈਕਟੀਰੀਆ ਮਿਲੇ, ਉਹ ਮਨੁੱਖੀ ਸਿਹਤ ਲਈ ਕਾਫ਼ੀ ਖ਼ਤਰਨਾਕ ਸਨ।

ਉਹ 2022 ਵਿੱਚ ਬੁੱਢੇ ਨਾਲੇ ਵਿੱਚ ਬੈਕਟੀਰੀਆ ਦੀ ਮੌਜੂਦਗੀ ਬਾਰੇ ਕੀਤੇ ਗਏ ਅਧਿਐਨ ਦਾ ਹਿੱਸਾ ਸਨ।

ਬੁੱਢਾ ਨਾਲਾ
ਤਸਵੀਰ ਕੈਪਸ਼ਨ, ਪਿਛਲੇ ਸਾਲਾਂ ਦੌਰਾਨ, ਸੂਬਾ ਸਰਕਾਰ ਨੇ ਨਾਲੇ ਦੀ ਸਫ਼ਾਈ ਲਈ ਕਈ ਪਹਿਲਕਦਮੀਆਂ ਕੀਤੀਆਂ

ਬੁੱਢਾ ਨਾਲਾ ਜਾਂ ਬੁੱਢਾ ਦਰਿਆ

ਸਥਾਨਕ ਅਤੇ ਸੂਬੇ ਦੇ ਲੋਕਾਂ ਵੱਲੋਂ ਕਈ ਵਾਰੀ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਵੀ ਆਖਿਆ ਜਾਂਦਾ ਹੈ। ਸਰਕਾਰੀ ਦਸਤਾਵੇਜ਼ਾਂ ਵੀ ਇਸ ਨੂੰ ਕਈ ਵਾਰ ਬੁੱਢਾ ਦਰਿਆ ਲਿਖਿਆ ਜਾਂਦਾ ਹੈ।

ਆਮ ਪ੍ਰਚਲਿਤ ਧਾਰਨਾ ਹੈ ਕਿ ਬੀਤੇ ਸਮੇਂ ਵਿੱਚ ਇਸ ਨੂੰ ਬੁੱਢਾ ਦਰਿਆ ਆਖਿਆ ਜਾਂਦਾ ਸੀ ਪਰ ਜਿਵੇਂ-ਜਿਵੇਂ ਇਹ ਪ੍ਰਦੂਸ਼ਤ ਹੁੰਦਾ ਗਿਆ, ਇਸ ਦਾ ਨਾਮ ਬੁੱਢਾ ਨਾਲਾ ਪੈ ਗਿਆ।

ਪਰ ਬ੍ਰਿਟਿਸ਼ ਰਾਜ ਦੇ ਸਮੇਂ ਦਸਤਾਵੇਜ਼ਾਂ ਉੱਤੇ ਝਾਤ ਮਾਰਨ ਉੱਤੇ ਸਪੱਸ਼ਟ ਹੁੰਦਾ ਹੈ ਕਿ ਜਦੋਂ ਇਸ ਦਾ ਪਾਣੀ ਸਾਫ਼ ਸੀ, ਉਸ ਸਮੇਂ ਵੀ ਇਸ ਨੂੰ “ਬੁੱਢਾ ਨਾਲਾ” ਹੀ ਕਿਹਾ ਜਾਂਦਾ ਸੀ।

ਬ੍ਰਿਟਿਸ਼ ਰਾਜ ਸਮੇਂ 1904 ਦੇ ਲੁਧਿਆਣਾ ਜ਼ਿਲ੍ਹੇ ਦੇ ਗੈਜ਼ੀਟਿਅਰ ਵਿੱਚ ਵੀ ਇਸ ਨੂੰ ਬੁੱਢਾ ਦਰਿਆ ਕਿਹਾ ਗਿਆ ਹੈ।

ਇਸ ਗੈਜ਼ਟੀਅਰ ਵਿੱਚ ਇਹ ਵੀ ਕਿਹਾ ਗਿਆ ਹੈ ਇਸ ਨਾਲੇ ਦੇ ਪਾਣੀ ਪੂਰਨ ਤੌਰ ਉੱਤੇ ਸਾਫ਼ ਹੈ ਅਤੇ ਹੜ੍ਹਾਂ ਦੇ ਸਮੇਂ ਤੋਂ ਇਲਾਵਾ ਇਸ ਦੀ ਵਰਤੋਂ ਪੀਣ ਲਈ ਵੀ ਕੀਤੀ ਜਾਂਦੀ ਹੈ।

ਖੇਤ
ਤਸਵੀਰ ਕੈਪਸ਼ਨ, ਬ੍ਰਿਟਿਸ਼ ਰਾਜ ਸਮੇਂ 1904 ਦੇ ਲੁਧਿਆਣਾ ਜ਼ਿਲ੍ਹੇ ਦੇ ਗੈਜ਼ੀਟਿਅਰ ਵਿੱਚ ਵੀ ਇਸ ਨੂੰ ਬੁੱਢਾ ਦਰਿਆ ਕਿਹਾ ਗਿਆ ਹੈ

ਕਿੰਨੇ ਪੁਰਾਣੇ ਵਾਅਦੇ ਫੇਲ੍ਹ ਹੋਏ ਅਤੇ ਹੁਣ ਨਵਾਂ ਕੀ

ਅਪ੍ਰੈਲ 2015 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੁੱਢੇ ਨਾਲੇ ਦੀ ਸਫਾਈ ਲਈ 15 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ।

ਮੀਡੀਆ ਰਿਪੋਰਟ ਮੁਤਾਬਕਾ ਦਿੱਲੀ ਸਥਿਤ ਇਕ ਕੰਪਨੀ ਨੂੰ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਕਰੋੜਾਂ ਦਾ ਭੁਗਤਾਨ ਵੀ ਕੀਤਾ ਗਿਆ ਪਰ ਪ੍ਰੋਜੈਕਟ ਕਦੇ ਵੀ ਪੂਰਾ ਨਹੀਂ ਹੋਇਆ।

ਕਾਂਗਰਸ ਦੀ ਸਰਕਾਰ ਸਮੇਂ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਲੇ ਦੀ ਸਫ਼ਾਈ ਲਈ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਉਦੈ ਸਿੰਘ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦਾ ਗਠਨ ਕੀਤਾ ਸੀ ਇਹ ਕੋਸ਼ਿਸ ਵੀ ਨਕਾਮ ਰਹੀ।

ਗੌਂਸਪੁਰ ਪਿੰਡ ਦੇ ਲੋਕਾਂ ਮੁਤਾਬਕ ਮੌਜੂਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਤਾਂ ਸਮਾਜਿਕ ਜੱਥੇਬੰਦੀਆਂ ਦੇ ਮੰਚ ਤੋਂ ਲਗਾਤਾਰ ਆ ਕੇ ਬੁੱਢੇ ਨਾਲੇ ਦੇ ਖ਼ਿਲਾਫ਼ ਬੋਲਦੇ ਅਤੇ ਸੰਘਰਸ਼ ਕਰਦੇ ਰਹੇ ਹਨ ਪਰ ਹੁਣ ਸਰਕਾਰ ’ਚ ਹੋਣ ਦੇ ਬਾਵਜੂਦ ਉਨ੍ਹਾਂ ਇਸ ਮਸਲੇ ਉਤੇ ਗੌਰ ਕਰਨੀ ਹੀ ਛੱਡ ਦਿੱਤੀ।

ਮੌਜੂਦਾ ਭਗਵੰਤ ਮਾਨ ਸਰਕਾਰ ਨੇ ਬੁੱਢੇ ਨਾਲ ਦੀ ਸਫਾਈ ਲਈ ਇੱਕ ਨਿੱਜੀ ਕੰਪਨੀ ਨਾਲ ਕਰਾਰ ਕੀਤਾ ਹੈ, ਜੋ ਨਾਲੇ ਦੀ ਸਫਾਈ ਨੂੰ 3 ਫੇਜ਼ 'ਚ ਮੁਕੰਮਲ ਕਰੇਗੀ।

ਭਗਵੰਤ ਮਾਨ ਨੇ ਐਕਸ ਉਤੇ ਲਿਖਿਆ ਹੈ, “ਜਲਦ ਇਸ ਮਸਲੇ 'ਤੇ ਅਗਲੀ ਰਣਨੀਤੀ ਤਿਆਰ ਕਰਾਂਗੇ...ਬੁੱਢੇ ਨਾਲੇ ਨੂੰ ਇੱਕ ਮਿਸ਼ਨ ਤਹਿਤ ਸਾਫ਼ ਕਰਨ ਲਈ ਅਸੀਂ ਵਚਨਬੱਧ ਹਾਂ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)