ਕੀ ਕੁਆਰੇ ਲੋਕ ਵਿਆਹੇ ਲੋਕਾਂ ਨਾਲੋਂ ਜ਼ਿਆਦਾ ਖੁਸ਼ ਹੁੰਦੇ ਹਨ, ਅਧਿਐਨ ਵਿੱਚ ਇਸ ਬਾਰੇ ਕਿਹੜੇ ਖੁਲਾਸੇ ਹੋਏ ਹਨ
- ਲੇਖਕ, ਰਾਫੇਲ ਅਬੂਚੈਬੇ
- ਰੋਲ, ਬੀਬੀਸੀ ਪੱਤਰਕਾਰ
ਡਾ. ਬੇਲਾ ਡੀਪੌਲੋ ਦਾ ਕਹਿਣਾ ਹੈ ਕਿ ਜਦੋਂ ਉਹ 20 ਸਾਲਾਂ ਦੇ ਸਨ ਤਾਂ ਉਹ ਕੁਆਰੇ ਰਹਿ ਕੇ ਖੁਸ਼ ਸੀ। ਪਰ ਉਹ ਕਹਿੰਦੇ ਹਨ ਕਿ ਉਹ ਹਮੇਸ਼ਾ ਇਹ ਸੋਚਦੇ ਸਨ ਕਿ ਇਹ ਭਾਵਨਾ ਬਦਲ ਜਾਵੇਗੀ ਅਤੇ ਉਨ੍ਹਾਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਵੀ ਇਹੀ ਕਹਿੰਦੇ ਸਨ।
ਡਾ. ਡੀਪੌਲੋ ਹੁਣ 71 ਸਾਲ ਦੇ ਹਨ ਅਤੇ ਉਹ ਕਹਿੰਦੇ ਹਨ ਕਿ ਇਹ ਭਾਵਨਾ ਕਦੇ ਨਹੀਂ ਬਦਲਦੀ, ਜਦਕਿ ਉਨ੍ਹਾਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਅਜੇ ਵੀ ਉਸੇ ਗੱਲ 'ਤੇ ਯਕੀਨ ਕਰਦੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਇਕੱਲੇ ਰਹਿਣ ਦੇ ਅਹਿਸਾਸ ਨੇ ਉਨ੍ਹਾਂ ਨੂੰ ਸੰਪੂਰਨ ਜ਼ਿੰਦਗੀ ਜਿਉਣ ਦੀ ਇਜ਼ਾਜਤ ਦਿੱਤੀ ਹੈ।
"ਸਮੇਂ ਦੇ ਨਾਲ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਲਈ ਇਕੱਲੇ ਰਹਿਣਾ ਹੀ ਠੀਕ ਹੈ। ਜਦੋਂ ਤੁਸੀਂ ਇਹ ਮੰਨ ਲੈਂਦੇ ਹੋ ਤਾਂ ਤੁਸੀਂ ਇਕੱਲੇ ਵਿਅਕਤੀ ਦੇ ਰੂਪ ਵਿੱਚ ਆਪਣੀ ਜ਼ਿੰਦਗੀ ਨਾਲ ਪੂਰੀ ਤਰ੍ਹਾਂ ਇਨਸਾਫ ਕਰ ਸਕਦੇ ਹੋ, ਘਰ ਖਰੀਦਦੇ ਹੋ, ਆਪਣਾ ਮਨਚਾਹਿਆ ਕੰਮ ਕਰਦੇ ਹੋ ਅਤੇ ਆਪਣੀ ਸੰਪੂਰਨ ਜ਼ਿੰਦਗੀ ਜਿਉਂਦੇ ਹੋ।"
ਡਾ. ਡੀਪੌਲੋ ਹਾਰਵਰਡ ਯੂਨੀਵਰਸਿਟੀ ਵਿੱਚ ਇੱਕ ਸਮਾਜਿਕ ਮਨੋਵਿਗਿਆਨੀ ਹਨ ਅਤੇ ਪੁਸਤਕ "ਨੈਚੁਰਲੀ ਸਿੰਗਲ" ਦੇ ਲੇਖਕ ਹਨ।
ਸਾਲਾਂ ਤੋਂ ਉਨ੍ਹਾਂ ਨੇ ਕੁਆਰੇ ਰਹਿ ਰਹੇ ਲੋਕਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਖੁਸ਼ ਰਹਿਣ ਬਾਰੇ ਅਧਿਐਨ ਕੀਤਾ ਹੈ। ਉਨ੍ਹਾਂ ਨੇ ਇਸ ਦਾ ਵੀ ਅਧਿਐਨ ਕੀਤਾ ਕਿ ਸਮਾਜ ਵਿੱਚ ਉਨ੍ਹਾਂ ਦੀ ਭੂਮਿਕਾ ਕਿਵੇਂ ਬਦਲ ਰਹੀ ਹੈ।
ਡੀਪੌਲੋ ਕਹਿੰਦੇ ਹਨ ਕਿ ਇਕੱਲੇ ਰਹਿਣ ਵਾਲੇ ਲੋਕਾਂ ਦੇ ਤਜ਼ਰਬਿਆਂ ਬਾਰੇ ਸਮਾਜ ਵਿੱਚ ਬਹੁਤ ਸਾਰੀਆਂ ਗੱਲਾਂ ਹਨ ।
ਉਹ ਕਹਿੰਦੇ ਹਨ ਕਿ ਇਨ੍ਹਾਂ ਵਿੱਚੋਂ ਕਈ ਵਿਚਾਰ ਪੂਰੀ ਤਰ੍ਹਾਂ ਹਟਾ ਦਿੱਤੇ ਗਏ ਹਨ,ਜੋ ਇੱਕ ਸਮਾਜਿਕ ਖੋਜਕਰਤਾ ਦੇ ਰੂਪ ਵਿੱਚ ਉਨ੍ਹਾਂ ਨੇ ਦੇਖੇ ।
ਉਹ ਕਹਿੰਦੇ ਹਨ, "ਮੈਂ ਆਪਣਾ ਜੀਵਨ ਇਕੱਲੇ ਰਹਿਣ ਵਾਲੇ ਲੋਕਾਂ ਦੀਆਂ ਅਸਲ ਕਹਾਣੀਆਂ ਨੂੰ ਲੱਭਣ ਲਈ ਸਮਰਪਿਤ ਕਰ ਦਿੱਤਾ।"
ਡੀਪੌਲੇ ਨੇ 2017 ਵਿੱਚ ਟੈੱਡ ਟਾਕ ਵਿੱਚ ਕਿਹਾ ਸੀ, "ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹਨ, ਜਿਨ੍ਹਾਂ ਬਾਰੇ ਸਾਨੂੰ ਕੋਈ ਦੱਸਦਾ ਨਹੀਂ।"
ਇਸ ਨੂੰ 1.7 ਮਿਲੀਅਨ ਤੋਂ ਵੱਧ ਦੇਖਿਆ ਗਿਆ ਹੈ।
'ਲੋਕਾਂ ਦਾ ਧਿਆਨ ਕੁਆਰਿਆਂ ਨਾਲੋਂ ਜੋੜਿਆਂ ਵੱਲ ਵੱਧ ਜਾਂਦਾ ਹੈ'
ਮੈਂ ਤੁਹਾਨੂੰ ਇੱਕ ਸਵਾਲ ਪੁੱਛ ਕੇ ਸ਼ੁਰੂਆਤ ਕਰਾਂਗਾ, ਜੋ ਮੇਰੇ ਨਿੱਜੀ ਤਜ਼ਰਬੇ ਤੋਂ ਆਉਂਦਾ ਹੈ। ਮੈਂ 38 ਸਾਲ ਦਾ ਹਾਂ, ਮੈਂ ਇਕੱਲਾ ਹਾਂ ਅਤੇ ਕਦੇ-ਕਦੇ ਮੈਨੂੰ ਅਜਿਹਾ ਲੱਗਦਾ ਹੈ ਕਿ ਦੁਨੀਆ ਉਨ੍ਹਾਂ ਲੋਕਾਂ ਦੇ ਪੱਖ ਵਿੱਚ ਹੈ, ਜੋ ਰਿਸ਼ਤੇ ਵਿੱਚ ਹਨ।
ਤੁਸੀਂ ਅਜਿਹਾ ਕਿਉਂ ਮਹਿਸੂਸ ਕਰਦੇ ਹੋ?
ਡੀਪੌਲੋ ਜਵਾਬ ਦਿੰਦੇ ਹਨ ਕਿ, "ਇਹ ਸੱਚ ਹੈ ਕਿ ਲੋਕਾਂ ਦਾ ਧਿਆਨ ਜੋੜਿਆਂ ਵੱਲ ਜ਼ਿਆਦਾ ਜਾਂਦਾ ਹੈ, ਉਨ੍ਹਾਂ ਨੂੰ ਤੋਹਫ਼ੇ, ਸਤਿਕਾਰ, ਇੱਥੋਂ ਤੱਕ ਕਿ ਫਿਲਮਾਂ ਅਤੇ ਸੀਰੀਜ਼ ਵਿੱਚ ਮੁੱਖ ਭੂਮਿਕਾ ਮਿਲਦੀ ਹੈ। ਸਾਰਾ ਕੁਝ ਉਨ੍ਹਾਂ ਲੋਕਾਂ ਦੇ ਆਲੇ-ਦੁਆਲੇ ਹੀ ਘੁੰਮਦਾ ਜਾਪਦਾ ਹੈ, ਜੋ ਲੋਕ ਰਿਸ਼ਤੇ ਵਿੱਚ ਹੁੰਦੇ ਹਨ।"
"ਹਾਲਾਂਕਿ ਹੁਣ ਇਹ ਸਭ ਬਦਲ ਰਿਹਾ ਹੈ ਕਿਉਂਕਿ ਦੁਨੀਆ ਭਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕ ਇਕੱਲਾ ਰਹਿਣਾ ਪਸੰਦ ਕਰ ਰਹੇ ਹਨ। ਇੱਥੇ ਸਾਡੇ ਵਰਗੇ ਹੋਰ ਵੀ ਲੋਕ ਹਨ। ਅਸੀਂ ਇਸ ਬਿਰਤਾਂਤ ਨੂੰ ਬਦਲ ਸਕਦੇ ਹਨ ਕਿ ਇਕੱਲੇ ਰਹਿਣ ਦਾ ਕੀ ਮਤਲਬ ਹੁੰਦਾ ਹੈ ਅਤੇ ਅਸੀਂ ਸਾਰੇ ਇਸ ਬਾਰੇ ਵਧੀਆ ਮਹਿਸੂਸ ਕਰਾਂਗੇ।"
ਉਹ ਇਹ ਵੀ ਕਹਿੰਦੇ ਹਨ ਕਿ ਪਰ ਇਸ ਗੱਲ ਦਾ ਮਾਣ ਕਰਨਾ ਕਈ ਵਾਰ ਔਖਾ ਹੋ ਜਾਂਦਾ ਹੈ, ਉਦੋਂ ਜਦੋਂ ਤੁਸੀਂ ਕਿਸੇ ਵਿਗਿਆਨਕ ਅਧਿਐਨ ਨੂੰ ਇਹ ਤਰਕ ਦਿੰਦੇ ਹੋਏ ਸੁਣਦੇ ਹੋ ਕਿ ਵਿਆਹੇ ਹੋਏ ਲੋਕ ਬੁਢਾਪੇ ਵਿੱਚ ਖੁਸ਼ ਰਹਿੰਦੇ ਹਨ।
ਸਮੱਸਿਆ ਇਹ ਹੈ ਕਿ ਇਹ ਅਧਿਐਨ ਹੁਣ ਪੁਰਾਣੇ ਹੋ ਚੁੱਕੇ ਹਨ।
ਹਾਲ ਹੀ ਵਿੱਚ ਇਕੱਲੇ ਰਹਿਣ ਵਾਲੇ ਲੋਕਾਂ ਉੱਤੇ ਕੀਤੇ ਗਏ ਅਧਿਐਨ ਇਹ ਦੱਸਦੇ ਹਨ ਕਿ ਜਦੋਂ ਇਕੱਲਾ ਰਹਿਣ ਵਾਲਾ ਵਿਅਕਤੀ ਆਪਣੀ ਮੱਧ ਉਮਰ ਯਾਨੀ ਕਿ 40 ਸਾਲ ਦੀ ਉਮਰ ਵਿੱਚ ਆਉਂਦਾ ਹੈ ਤਾਂ ਉਹ ਹੋਰ ਵੀ ਜ਼ਿਆਦਾ ਖੁਸ਼ ਨਜ਼ਰ ਆਉਂਦਾ ਹੈ।
ਇਹ ਅਧਿਐਨ ਉਸ ਰੂੜ੍ਹੀਵਾਦੀ ਧਾਰਨਾ ਨੂੰ ਤੋੜਦਾ ਹੈ ਕਿ ਆਈਸਕ੍ਰੀਮ ਖਾਂਦਾ ਹੋਇਆ ਇਕੱਲਾ ਦੁਖੀ ਵਿਅਕਤੀ ਘਰ ਵਿੱਚ ਰੋ ਰਿਹਾ ਹੈ। ਅਸਲ ਸੱਚਾਈ ਇਹ ਹੈ ਕਿ ਇਕੱਲੇ ਰਹਿਣ ਵਾਲੇ ਲੋਕ ਪਹਿਲਾਂ ਹੀ ਖੁਸ਼ ਹਨ ਅਤੇ ਸਮੇਂ ਦੇ ਨਾਲ ਉਹ ਹੋਰ ਵੀ ਜ਼ਿਆਦਾ ਖੁਸ਼ ਹੁੰਦੇ ਜਾਂਦੇ ਹਨ।
ਅਧਿਐਨ ਇਸ ਬਾਰੇ ਕੀ ਦੱਸਦੇ ਹਨ ਕਿ ਇਕੱਲੇ ਲੋਕ ਖੁਸ਼ ਕਿਉਂ ਹੁੰਦੇ ਹਨ
ਅਧਿਐਨ ਸਾਨੂੰ ਕੀ ਦੱਸਦੇ ਹਨ ਕਿ ਇਕੱਲੇ ਲੋਕ ਖੁਸ਼ ਕਿਉਂ ਰਹਿੰਦੇ ਹਨ?
ਅਧਿਐਨ ਦੱਸਦੇ ਹਨ ਕਿ ਜਦੋਂ ਲੋਕ ਵਿਆਹੇ ਜਾਂਦੇ ਹਨ ਤਾਂ ਹੋਰ ਵੀ ਜ਼ਿਆਦਾ ਇਕੱਲੇਪਣ ਮਹਿਸੂਸ ਕਰ ਸਕਦੇ ਹਨ। ਉਹ ਆਪਣੇ ਦੋਸਤਾਂ ਤੋਂ ਦੂਰ ਹੋ ਜਾਂਦੇ ਹਨ, ਆਪਣੇ ਮਾਪਿਆਂ ਨਾਲ ਘੱਟ ਸਮਾਂ ਬਿਤਾਉਂਦੇ ਹਨ ਅਤੇ ਆਪਣੇ ਅੰਦਰ ਇੱਕ ਬੁਲਬੁਲਾ ਪੈਦਾ ਕਰ ਲੈਂਦੇ ਹਨ।
ਦੂਜੇ ਪਾਸੇ ਕੁਆਰੇ ਲੋਕ ਆਪਣੇ ਦੋਸਤਾਂ, ਪਰਿਵਾਰ ਅਤੇ ਆਪਣੀ ਜ਼ਿੰਦਗੀ ਦੇ ਹੋਰ ਅਹਿਮ ਲੋਕਾਂ ਨਾਲ ਮਿਲਦੇ-ਵਰਤਦੇ ਰਹਿੰਦੇ ਹਨ।
ਇਹ ਇੱਕ ਮੁੱਖ ਕਾਰਨ ਹੈ ਕਿ ਇਕੱਲੇ ਰਹਿਣ ਵਾਲੇ ਲੋਕ ਸਮੇਂ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਜ਼ਿਆਦਾ ਖੁਸ਼ ਰਹਿਣ ਲੱਗਦੇ ਹਨ।
ਨਾਲ ਹੀ ਉਹ ਜਾਣਦੇ ਹਨ ਇਕੱਲੇ ਜੀਵਨ ਕਿਵੇਂ ਬਤੀਤ ਕਰਨਾ ਹੈ, ਉਹ ਆਪਣਾ ਘਰ ਬਣਾਉਂਦੇ ਹਨ, ਆਪਣੇ ਰਿਸ਼ਤਿਆਂ ਨੂੰ ਸੰਭਾਲਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣ ਦੀ ਆਜ਼ਾਦੀ ਹੁੰਦੀ ਹੈ।
ਮੈਂ ਇਨ੍ਹਾਂ ਨੂੰ 'ਇਕੱਲੇ ਦਿਲ ਵਾਲਾ' ਕਹਿੰਦਾ ਹਾਂ। ਉਹ ਆਪਣੇ ਇਕੱਲੇਪਣ ਦੇ ਬਾਵਜੂਦ ਵੱਧਦੇ-ਫੁੱਲਦੇ ਹਨ ਅਤੇ ਖੁਸ਼ ਰਹਿੰਦੇ ਹਨ।
'ਦਿਲੋਂ ਇਕੱਲੇ' ਲੋਕਾਂ ਦਾ ਕਿਵੇਂ ਪਤਾ ਲੱਗਦਾ ਹੈ
ਤੁਸੀਂ ਉਨ੍ਹਾਂ ਲੋਕਾਂ ਬਾਰੇ ਗੱਲ ਕਰਦੇ ਹੋ, ਜੋ 'ਦਿਲ ਤੋਂ ਇਕੱਲੇ' ਹਨ, ਇੱਕ ਇਕੱਲੇ ਰਹਿਣ ਵਾਲੇ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ?
ਦਿਲ ਤੋਂ ਇਕੱਲੇ ਰਹਿਣ ਵਾਲੇ ਲੋਕ ਆਪਣੀ ਆਜ਼ਾਦੀ ਦਾ ਲੁਤਫ਼ ਲੈਂਦੇ ਹਨ ਅਤੇ ਉਹ ਆਪਣੇ ਇਕੱਲੇ ਰਹਿਣ ਦੇ ਸਮੇਂ ਦੀ ਵਰਤੋਂ ਚਿੰਤਤ ਕਰਨ, ਆਰਾਮ ਕਰਨ, ਰਚਨਾਤਮਕ ਬਣਨ ਅਤੇ ਆਪਣੀ ਅਧਿਆਤਮਕਤਾ ਵਿਕਸਤ ਕਰਨ ਲਈ ਕਰਦੇ ਹਨ।
ਉਹ ਇਕੱਲੇ ਰਹਿਣ ਤੋਂ ਡਰਦੇ ਨਹੀਂ ਹਨ ਅਤੇ ਇਹੀ ਉਨ੍ਹਾਂ ਨੂੰ ਇਕੱਲੇਪਣ ਮਹਿਸੂਸ ਕਰਨ ਤੋਂ ਬਚਾਉਂਦਾ ਹੈ।
ਇਹ ਉਸ ਰੂੜ੍ਹੀਵਾਦੀ ਵਿਚਾਰ ਦੇ ਵਿਰੁੱਧ ਹਨ ਕਿ ਇਕੱਲੇ ਲੋਕ ਇਕੱਲੇਪਣ ਦਾ ਸ਼ਿਕਾਰ ਹੁੰਦੇ ਹਨ। ਯਕੀਨਨ ਕੁਝ ਕੁਆਰੇ ਲੋਕ ਇਕੱਲਪਣ ਮਹਿਸੂਸ ਕਰਦੇ ਹਨ, ਜਿਵੇਂ ਕਿ ਬਹੁਤ ਸਾਰੇ ਵਿਆਹੇ ਹੋਏ ਲੋਕ ਕਰਦੇ ਹਨ ਪਰ ਜਿਹੜੇ ਲੋਕ ਦਿਲੋਂ ਕੁਆਰੇ ਹਨ, ਉਹ ਇਕੱਲੇਪਣ ਨੂੰ ਸਾਕਾਰਤਮਕ ਵਜੋਂ ਲੈਂਦੇ ਹਨ।
ਅੰਗਰੇਜ਼ੀ ਵਿੱਚ ਦੋ ਵੱਖ-ਵੱਖ ਸ਼ਬਦ ਹਨ ,ਇਕਾਂਤ ਅਤੇ ਇਕੱਲਾਪਣ। ਕੀ ਇਹ ਅੰਤਰ ਸਾਨੂੰ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਕੁਝ ਕੁਆਰੇ ਲੋਕ ਖੁਸ਼ ਕਿਉਂ ਮਹਿਸੂਸ ਕਰਦੇ ਹਨ ਅਤੇ ਹੋਰ ਵਿਆਹੇ ਹੋਏ ਇਕੱਲਾ ਮਹਿਸੂਸ ਕਰਦੇ ਹਨ?
ਇਕੱਲਤਾ ਉਦੋਂ ਵਾਪਰਦੀ ਹੈ ਜਦੋਂ ਤੁਸੀਂ ਸਮਾਜ ਵਿੱਚ ਜਿਸ ਗੁਣਵਤਾ ਦਾ ਮੇਲ-ਜੋਲ ਚਾਹੁੰਦੇ ਹੋ ਉਹ ਨਹੀਂ ਮਿਲਦਾ ਤਾਂ ਤੁਸੀਂ ਇਸ ਬਾਰੇ ਨਾਖੁਸ਼ ਮਹਿਸੂਸ ਕਰਦੇ ਹੋ।
ਜਦਕਿ ਦੂਜੇ ਪਾਸੇ,ਇਕਾਂਤ ਇੱਕ ਚੁਣੇ ਹੋਏ ਬਦਲ ਜਾਂ ਫਿਰ ਇਕੱਲੇ ਬਿਤਾਏ ਜਾਣ ਵਾਲੇ ਸਮੇਂ ਵਜੋਂ ਦਰਸਾਇਆ ਜਾਂਦਾ ਹੈ। ਜੋ ਬਹੁਤ ਬੇਹਤਰ ਹੋ ਸਕਦਾ ਹੈ। ਬਹੁਤ ਸਾਰੇ ਲੋਕ , ਖ਼ਾਸ ਕਰਕੇ ਇਕੱਲੇ ਰਹਿਣ ਵਾਲੇ ਲੋਕ ਇਸ ਸਮੇਂ ਦੀ ਕਦਰ ਕਰਦੇ ਹਨ , ਇਸ ਸਮੇਂ ਦੀ ਵਰਤੋ ਉਹ ਆਪਣੇ ਆਪ ਨੂੰ ਜਾਂਚਦੇ ਹੋਏ ਉਹ ਕੰਮ ਕਰਨ ਵਿੱਚ ਕਰਦੇ ਹਨ ਜੋ ਉਨ੍ਹਾਂ ਨੂੰ ਪਸੰਦ ਹੈ,ਕਿਸੇ ਵੱਲੋਂ ਪਰਖੇ ਜਾਣ ਦੀ ਪਰਵਾਹ ਤੋਂ ਬਿਨ੍ਹਾਂ।
ਇੱਥੇ ਮੈਂ ਉਨ੍ਹਾਂ ਲੋਕਾਂ ਬਾਰੇ ਪੁੱਛਦਾ ਜੋ ਭਾਵੇਂ ਰੋਮਾਂਟਿਕ ਰਿਸ਼ਤਿਆਂ ਵਿੱਚ ਹਨ, ਫਿਰ ਵੀ ਆਪਣੇ ਆਪ ਨੂੰ "ਦਿਲ ਵਿੱਚ ਇਕੱਲਾ" ਪਾਉਂਦਾ ਹਾਂ। ਇਓਂ ਕਿਵੇਂ ਚੱਲਦਾ ਹੈ?
ਆਮ ਤੌਰ 'ਤੇ ਇਹ ਲੋਕ ਘੱਟ ਰਿਵਾਇਤੀ ਸਬੰਧਾਂ ਨੂੰ ਤਰਜੀਹ ਦਿੰਦੇ ਹਨ,ਸ਼ਾਇਦ ਉਹ ਵੱਖਰੇ ਘਰਾਂ ਵਿੱਚ ਰਹਿੰਦੇ ਹਨ ਜਾਂ ਇੱਕੋ ਘਰ ਦੇ ਅੰਦਰ ਸੁਤੰਤਰ ਥਾਵਾਂ ਉੱਤੇ ਰਹਿੰਦੇ ਹਨ।
ਉਹ ਖ਼ਰਚਿਆਂ ਨੂੰ ਵੀ ਜ਼ਿਆਦਾ ਸਾਂਝਾ ਨਹੀਂ ਕਰਦੇ ਹਨ ਅਤੇ ਇੱਕ ਜੋੜੇ ਦੇ ਰੂਪ ਵਿੱਚ ਅਤੇ ਆਪਣੇ ਦੋਸਤਾਂ ਜਾਂ ਆਪਣੇ ਲਈ ਸਮੇਂ ਵਿਚਕਾਰ ਸੰਤੁਲਨ ਬਣਾਈ ਰੱਖਦੇ ਹਨ।
ਇਸ ਤਰ੍ਹਾਂ, ਉਹ ਆਪਣੇ ਇਕੱਲੇ ਹੋਣ ਦੀ ਪਛਾਣ ਛੱਡੇ ਬਿਨ੍ਹਾਂ ਇੱਕ ਰੋਮਾਂਟਿਕ ਰਿਸ਼ਤੇ ਦਾ ਆਨੰਦ ਮਾਣ ਸਕਦੇ ਹਨ।
ਡਾ. ਬੇਲਾ ਡੀਪੌਲੋ ਤੋਂ ਪੁੱਛਿਆ ਗਿਆ ਕਿ,"ਤੁਸੀਂ ਦੱਸਿਆ ਕਿ ਤੁਸੀਂ ਜ਼ਿੰਦਗੀ ਭਰ ਇਕੱਲੇ ਰਹੇ ਹੋ, ਕੀ ਤੁਸੀਂ ਆਪਣੇ ਤਜ਼ਰਬੇ ਬਾਰੇ ਕੁਝ ਸਾਂਝਾ ਕਰ ਸਕਦੇ ਹੋ?"
ਡਾ. ਬੇਲਾ ਡੀਪੌਲੋ ਕਹਿੰਦੇ ਹਨ, "ਮੈਂ 71 ਸਾਲਾਂ ਦੀ ਹਾਂ ਅਤੇ ਮੈਂ ਹਮੇਸ਼ਾਂ ਇਕੱਲੀ ਰਹੀ ਹਾਂ। ਜਦੋਂ ਮੈਂ ਆਪਣੀ 20 ਸਾਲ ਦੀ ਅੱਲੜ੍ਹ ਉਮਰ ਵਿੱਚ ਸੀ, ਮੈਂ ਆਪਣੀ ਇਕੱਲੇਪਣ ਦੀ ਜ਼ਿੰਦਗੀ ਨੂੰ ਮਾਣਦੀ ਸੀ। "
"ਮੈਂ ਸੋਚਿਆ ਸੀ ਕਿ ਬਾਅਦ ਵਿੱਚ ਮੈਂ ਆਪਣਾ ਮਨ ਬਦਲ ਲਵਾਂਗੀ ਕਿਉਂਕਿ ਇਸ ਦੀ ਹੀ ਉਮੀਦ ਕੀਤੀ ਜਾਂਦੀ ਸੀ। ਪਰ ਸਮੇਂ ਦੇ ਨਾਲ ਮੈਨੂੰ ਅਹਿਸਾਸ ਹੋਇਆ ਕਿ ਮੈਂ ਇਕੱਲਾ ਰਹਿਣਾ ਚਾਹੁੰਦੀ ਹਾਂ।"
ਇੱਕ ਵਾਰ ਜਦੋਂ ਤੁਸੀਂ ਇਹ ਸਵਿਕਾਰ ਕਰ ਲੈਂਦੇ ਹੋ ਤਾਂ ਤੁਸੀਂ ਆਪਣੀ ਇਕੱਲੀ ਜ਼ਿੰਦਗੀ ਵਿੱਚ ਪੂਰਾ ਨਿਵੇਸ਼ ਕਰ ਸਕਦੇ ਹੋ, ਇੱਕ ਘਰ ਖਰੀਦਦੇ ਹੋ, ਆਪਣੇ ਚਾਵਾਂ ਨੂੰ ਪੂਰਾ ਕਰਨਾ ਅਤੇ ਸੰਪੂਰਨ ਜ਼ਿੰਦਗੀ ਜਿਉਂਦੇ ਹੋ।
ਲਤੀਨੀ ਅਮਰੀਕਾ ਵਰਗੇ ਸਮਾਜ ਵਿੱਚ, ਜਿੱਥੇ ਲੋਕਾਂ ਉਪਰ ਵਿਆਹ ਕਰਵਾਉਣ ਲਈ ਪੂਰਾ ਦਬਾਅ ਪਾਇਆ ਜਾਂਦਾ ਹੈ, ਤੁਸੀਂ ਉਨ੍ਹਾਂ ਇਕੱਲੇ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ, ਜੋ ਇਹ ਮੰਨਦੇ ਹਨ ਕਿ ਸਮਾਜ ਉਨ੍ਹਾਂ ਦੇ ਖ਼ਿਲਾਫ਼ ਹੈ?
ਮੇਰੀ ਸਲਾਹ ਹੈ ਕਿ ਤੁਸੀਂ ਆਪਣੇ ਆਪ 'ਤੇ ਮਾਣ ਮਹਿਸੂਸ ਕਰੋ। ਜੇ ਤੁਸੀਂ ਇਕੱਲੇ ਹੋ ਅਤੇ ਸਾਥੀ ਚਾਹੁੰਦੇ ਹੋ ਪਰ ਤੁਸੀਂ ਕਿਸੇ ਲਈ ਕੋਈ ਸਮਝੌਤਾ ਨਹੀਂ ਕਰਦੇ ਤਾਂ ਤੁਹਾਨੂੰ ਆਪਣੇ ਪੈਮਾਨਿਆਂ ਉਪਰ ਮਾਣ ਮਹਿਸੂ ਕਰਨਾ ਚਾਹੀਦਾ ਹੈ।
ਦੂਜੇ ਪਾਸੇ ਜੇ ਤੁਸੀਂ ਇਕੱਲੇ ਰਹਿਣ ਦਾ ਆਨੰਦ ਲੈਂਦੇ ਹੋ ਅਤੇ ਤੁਸੀਂ ਵਿਆਹ ਕਰਵਾਉਣ ਦੇ ਦਬਾਅ ਦਾ ਵਿਰੋਧ ਕੀਤਾ ਹੈ ਤਾਂ ਆਪਣੇ ਪ੍ਰਤੀ ਸੱਚੇ ਹੋਣ ਉਪਰ ਮਾਣ ਮਹਿਸੂਸ ਕਰੋ।
ਇਹ ਵੀ ਯਾਦ ਰੱਖੋ ਕਿ ਜਿਵੇਂ-ਜਿਵੇਂ ਕੁਆਰੇ ਲੋਕਾਂ ਦੀ ਗਿਣਤੀ ਵਧੇਗੀ, ਇਕੱਲੇ ਹੋਣ ਪ੍ਰਤੀ ਸਮਾਜ ਦੀ ਸੋਚ ਵੀ ਬਦਲਦੀ ਰਹੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ