ਕੇਰਲ: ਵਾਇਨਾਡ 'ਚ ਜ਼ਮੀਨ ਖਿਸਕਣ ਨਾਲ ਮੱਚੀ ਤਬਾਹੀ ਪਿੱਛੇ ਕੀ ਮਾਇਨਿੰਗ ਹੈ ਵੱਡਾ ਕਾਰਨ

ਵਾਇਨਾਡ
ਤਸਵੀਰ ਕੈਪਸ਼ਨ, ਵਾਇਨਾਡ ਵਿੱਚ ਪਹਿਲਾਂ ਵੀ ਕਈ ਵਾਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ
  • ਲੇਖਕ, ਇਮਰਾਨ ਕੁਰੈਸ਼ੀ
  • ਰੋਲ, ਬੀਬੀਸੀ ਸਹਿਯੋਗੀ

‘ਬਹੁਤ ਉੱਚੀ' ਆਵਾਜ਼ ਨੇ ਮੰਗਲਵਾਰ ਤੜਕੇ ਦੱਖਣੀ ਭਾਰਤੀ ਦੇ ਸੂਬੇ ਕੇਰਲਾ ਦੇ ਵਾਇਨਾਡ ਜ਼ਿਲ੍ਹੇ ਦੇ ਮੁੰਡਕਾਈ ਵਿੱਚ ਰਹਿਣ ਵਾਲੇ ਇੱਕ ਸੇਲਜ਼ਮੈਨ ਅਜੈ ਘੋਸ਼ ਨੂੰ ਹਿਲਾ ਕੇ ਰੱਖ ਦਿੱਤਾ।

ਉਹ ਉਦੋਂ ਤੱਕ ਨਹੀਂ ਸਮਝ ਸਕੇ ਕਿ ਇਹ ਇੰਨੀ ਵੱਡੀ ਆਵਾਜ਼ ਕਿਸ ਚੀਜ਼ ਦੀ ਸੀ, ਜਦੋਂ ਤੱਕ ਥੋੜ੍ਹੀ ਦੇਰ ਮਗਰੋਂ ਬਰਸਾਤ ਨਹੀਂ ਹੋਣ ਲੱਗ ਪਈ। ਬਰਸਾਤ ਇੰਨੀ ਜ਼ਿਆਦਾ ਸੀ ਕਿ ਉਸ ਦੇ ਨਾਲ ਗਾਰ (ਚਿੱਕੜ) ਵੀ ਵਹਿ ਰਿਹਾ ਸੀ।

ਚਿੱਕੜ ਦੇ ਇਸ ਸਮੁੰਦਰ ਵਿੱਚ ਘੱਟੋ ਘੱਟ, 182 ਲੋਕ ਦੱਬ ਗਏ ਜਾਂ ਵਹਿ ਗਏ ਅਤੇ 192 ਤੋਂ ਵੱਧ ਲੋਕ ਜ਼ਖਮੀ ਹੋਏ।

ਵਾਇਨਾਡ ਜ਼ਿਲ੍ਹੇ ਦੇ ਮੁੰਡਕਾਈ ਤੇ ਚੂਰਲਮਾਲਾ ਅਤੇ ਮਲਪੁਰਮ ਜ਼ਿਲ੍ਹੇ ਵਿੱਚ ਨੀਲਾਂਬੁਰ ਜੰਗਲੀ ਖੇਤਰ ਤੋਂ 98 ਲੋਕ ਲਾਪਤਾ ਸੂਚੀ ਵਿੱਚ ਹਨ।

ਇਸ ਖੇਤਰ ਵਿੱਚ ਤਕਰੀਬਨ 1.50 ਵਜੇ ਤੋਂ ਸਵੇਰੇ 4 ਵਜੇ ਦੇ ਵਿਚਕਾਰ ਦੋ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋਈਆਂ। ਇਨ੍ਹਾਂ ਦੀਆਂ ਤੀਬਰਤਾ ਦਾ ਅੰਦਾਜ਼ਾ ਇਸ ਦੇ ਪ੍ਰਭਾਵ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਮਲਪੁਰਮ ਜ਼ਿਲ੍ਹੇ ਦੇ ਨੀਲਾਂਬੁਰ ਜੰਗਲੀ ਖੇਤਰ ਵਿੱਚ ਲਗਭਗ 90 ਕਿਲੋਮੀਟਰ ਦੂਰ ਸੀ, ਜਿੱਥੇ ਬਚਾਅ ਕਰਮਚਾਰੀਆਂ ਵੱਲੋਂ ਲਗਭਗ 30 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ।

ਇਨ੍ਹਾਂ ਸਾਰੇ ਖੇਤਰਾਂ ਦੀ ਪਛਾਣ ਮਾਧਵ ਗਾਡਗਿਲ ਦੀ ਰਿਪੋਰਟ ਦੁਆਰਾ “ਵਾਤਾਵਰਣਿਕ ਤੌਰ 'ਤੇ ਸੰਵੇਦਨਸ਼ੀਲ ਸਥਾਨਾਂ (ESLs) ਵਜੋਂ ਕੀਤੀ ਗਈ ਸੀ” ਜਿਸ ਨੇ ਪੱਛਮੀ ਘਾਟਾਂ ਦੇ ਜੈਵ ਵਿਭਿੰਨਤਾ ਦੇ ਹੌਟਸਪੌਟ ਨੂੰ ਦੇਖਿਆ ਸੀ। ਰਿਪੋਰਟ ਵਿੱਚ “ਬਹੁਤ ਨਾਜ਼ੁਕ, ਦਰਮਿਆਨੇ ਨਾਜ਼ੁਕ ਅਤੇ ਘੱਟ ਨਾਜ਼ੁਕ ਖੇਤਰਾਂ ਦੀ ਪਛਾਣ ਕੀਤੀ ਗਈ ਸੀ।”

ਇਸ ਰਿਪੋਰਟ ਦਾ ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਸੂਬਾ ਸਰਕਾਰਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਹਾਲ ਹੀ ਦੇ ਸਾਲਾਂ ਵਿੱਚ, ਕੇਰਲ ਨੇ ਇਸ ਖੇਤਰ ਵਿੱਚ ਕੁਝ ਅਜਿਹੀਆਂ ਗਤੀਵਿਧੀਆਂ ਦੀ ਮਨਜ਼ੂਰੀ ਵੀ ਦਿੱਤੀ, ਜਿਸ ਵਿੱਚ ਰੁੱਖ਼ ਲਗਾਉਣਾ ਸ਼ਾਮਲ ਨਹੀਂ ਸੀ।

ਜ਼ਮੀਨ ਖਿਸਕਣ ਕਾਰਨ ਸੈਂਕੜੇ ਲੋਕਾਂ ਨੂੰ ਚੂਰਲਮਾਲਾ ਵਿੱਚ ਚਾਹ ਦੇ ਬਾਗਾਂ ਅਤੇ ਮੁੰਡਕਾਈ ਵਿੱਚ ਇਲਾਇਚੀ ਦੇ ਬਾਗਾਂ ਦੇ ਆਲੇ ਦੁਆਲੇ ਰਾਹਤ ਕੇਂਦਰਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

‘ਇਲਾਕੇ ਵਿੱਚ ਜ਼ਮੀਨ ਖਿਸਕਣਾ ਨਵੀਂ ਗੱਲ ਨਹੀਂ’

ਕੁਝ ਸਮੇਂ ਸਿਰ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਪਰ ਕਈਆਂ ਨੂੰ ਮੌਕਾ ਵੀ ਨਹੀਂ ਮਿਲਿਆ ਕਿਉਂਕਿ ਉਨ੍ਹਾਂ ਦੇ ਘਰ ਵਹਿ ਗਏ ਸਨ।

ਮੁੰਡਕਾਈ ਦੇ ਸੇਲਜ਼ਮੈਨ ਅਜੈ ਘੋਸ਼ ਨੇ ਦੱਸਿਆ, “ਅਸੀਂ ਸਵੇਰੇ 1.50 ਵਜੇ ਦੇ ਕਰੀਬ ਤੇਜ਼ ਆਵਾਜ਼ ਨਾਲ ਜਾਗ ਪਏ ਅਤੇ ਮਹਿਸੂਸ ਕੀਤਾ ਕਿ ਚਾਰੇ ਪਾਸੇ ਬਹੁਤ ਜ਼ਿਆਦਾ ਚਿੱਕੜ ਵਹਿ ਰਿਹਾ ਹੈ। ਮੈਂ ਉਸ ਥਾਂ ਤੋਂ ਅੱਧੇ ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਰਹਿੰਦਾ ਹਾਂ ਜਿੱਥੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਸੀ।”

ਘੋਸ਼ ਕੇਰਲਾ ਦੇ ਰਹਿਣ ਵਾਲੇ ਹਨ ਅਤੇ ਦੁਖੀ ਮਨ ਨਾਲ ਕਹਿੰਦੇ ਹਨ ਕਿ “ਉਹ 'ਬਹੁਤ ਖੁਸ਼ਕਿਸਮਤ' ਸੀ ਕਿ ਜ਼ਮੀਨ ਖਿਸਕਣ ਵਿੱਚ ਪਰਿਵਾਰ ਦਾ ਕੋਈ ਮੈਂਬਰ ਨਹੀਂ ਗੁਆਇਆ ਪਰ “ਮੇਰੇ ਘਰ ਦੇ ਬਿਲਕੁਲ ਨੇੜੇ, ਅੱਧੇ ਕਿਲੋਮੀਟਰ ਦੀ ਦੂਰੀ 'ਤੇ ਵੀ ਲਗਭਗ 40 ਲੋਕ ਮਾਰੇ ਗਏ ਹਨ।”

ਮੁੰਡਕਾਈ ਇੱਕ ਛੋਟਾ ਜਿਹਾ ਕਸਬਾ ਹੈ ਜਿਸ ਵਿੱਚ ਇੱਕ ਚਾਹ ਦੇ ਬਾਗ਼ਾਨ ਹਨ, ਜਿੱਥੇ ਵੱਡੀ ਗਿਣਤੀ ਵਿੱਚ ਬਾਗ਼ਬਾਨੀ ਕਰਮਚਾਰੀ ਪੱਛਮੀ ਬੰਗਾਲ ਅਤੇ ਅਸਾਮ ਤੋਂ ਆਉਂਦੇ ਹਨ।

ਦੇਰ ਦੁਪਹਿਰ ਤੱਕ ਬਚਾਅ ਕਾਰਜਾਂ 'ਚ ਰੁਕਾਵਟ ਆਈ ਕਿਉਂਕਿ ਮੁੰਡਕਾਈ ਨੂੰ ਚੂਰਲਮਾਲਾ ਨਾਲ ਜੋੜਨ ਵਾਲਾ ਮਹੱਤਵਪੂਰਨ ਪੁਲ਼ ਵੀ ਢਿੱਗਾਂ ਡਿੱਗਣ ਕਾਰਨ ਰੁੜ੍ਹ ਗਿਆ ਸੀ।

ਵਾਇਨਾਡ ਜ਼ਿਲ੍ਹੇ ਦਾ ਪਹਾੜੀ ਇਲਾਕਾ ਪੱਛਮੀ ਘਾਟ ਦੀ ਜੈਵ ਵਿਭਿੰਨਤਾ ਦਾ ਹੌਟਸਪੌਟ ਹੈ। ਇੱਥੇ ਢਿੱਗਾਂ ਡਿੱਗਣ ਆਮ ਗੱਲ ਹੈ।

ਅਸਲ ਵਿੱਚ, ਗਾਡਗਿਲ ਦੀ ਰਿਪੋਰਟ ਵਿੱਚ ਪੂਰੇ ਖੇਤਰ ਨੂੰ ‘ਨਾਜ਼ੁਕ, ਮੱਧਮ ਨਾਜ਼ੁਕ ਅਤੇ ਘੱਟ ਨਾਜ਼ੁਕ ਖੇਤਰ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ।

ਵੀਡੀਓ ਕੈਪਸ਼ਨ, Wayanad landslide: Kerala ਵਿੱਚ ਢਿੱਗਾਂ ਡਿੱਗਣ ਨਾਲ ਭਾਰੀ ਤਬਾਹੀ ਮੱਚੀ ਹੈ
ਇਹ ਵੀ ਪੜ੍ਹੋ-

2019 ਵਿੱਚ ਚੂਰਲਮਾਲਾ-ਮੁੰਡਕਾਈ ਖੇਤਰ ਤੋਂ ਸਿਰਫ਼ 10 ਕਿਲੋਮੀਟਰ ਦੂਰ 17 ਵਿਅਕਤੀਆਂ ਦੀ ਮੌਤ ਹੋ ਗਈ ਸੀ।

ਕੇਰਲ ਫੋਰੈਸਟ ਰਿਸਰਚ ਇੰਸਟੀਚਿਊਟ (ਕੇਐੱਫਆਰਆਈ) ਦੀ ਇੱਕ ਰਿਪੋਰਟ ਵਿੱਚ ਖ਼ਾਸ ਤੌਰ 'ਤੇ ਇਹ ਦਰਸਾਇਆ ਗਿਆ ਸੀ ਕਿ ਜ਼ਮੀਨ ਖਿਸਕਣ ਦਾ ਕਾਰਨ ਚੱਟਾਨਾਂ ਦੀ ਖੁਦਾਈ ਅਤੇ ਮਾਇਨਿੰਗ ਸੀ। 2018 ਅਤੇ 2019 ਵਿੱਚ, ਲਗਭਗ 51 ਜ਼ਮੀਨ ਖਿਸਕਣ ਦੀਆਂ ਘਟਨਾਵਾਂ ਰਿਪੋਰਟ ਕੀਤੀਆਂ ਗਈਆਂ ਸਨ।

ਉਸ ਸਮੇਂ ਵੀ ਪੁਥੁਮਾਲਾ-ਨੀਲਾਂਬੁਰ ਖੇਤਰ ਵਿੱਚ 34 ਸੈਂਟੀਮੀਟਰ ਮੀਂਹ ਪਿਆ ਸੀ।

ਕੋਚੀਨ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਐਡਵਾਂਸਡ ਸੈਂਟਰ ਫਾਰ ਐਟਮੌਸਫੇਰਿਕ ਰਡਾਰ ਰਿਸਰਚ ਦੇ ਨਿਰਦੇਸ਼ਕ ਅਭਿਲਾਸ਼ ਐੱਸ. ਨੇ ਬੀਬੀਸੀ ਨੂੰ ਦੱਸਿਆ, “ਇਸ ਵਾਰ, ਪਿਛਲੇ ਦੋ ਹਫ਼ਤਿਆਂ ਦੀ ਭਾਰੀ ਬਾਰਿਸ਼ ਮਗਰੋਂ ਮੰਗਲਵਾਰ ਨੂੰ ਇਹ ਬਹੁਤ ਜ਼ਿਆਦਾ ਮੀਂਹ ਪਿਆ ਸੀ। ਤੁਸੀਂ ਕਹਿ ਸਕਦੇ ਹੋ, ਇਹ ਇੱਕ ਅਪਵਾਦ ਸੀ। ਇਹ ਪ੍ਰਾਇਮਰੀ ਟਰਿੱਗਰਿੰਗ ਕਾਰਕ ਸੀ।”

ਉਨ੍ਹਾਂ ਨੇ ਕਿਹਾ, “ਪੂਰੇ ਖੇਤਰ ਵਿੱਚ 60-70 ਫੀਸਦੀ ਜ਼ਿਆਦਾ ਬਰਸਾਤ ਹੋਈ। ਦਰਅਸਲ, ਕਿਸਾਨ ਭਾਈਚਾਰੇ ਦੇ ਸਮੂਹਾਂ ਸਣੇ ਸਾਰੇ ਮੌਸਮ ਨਿਗਰਾਨੀ ਸਟੇਸ਼ਨਾਂ ਨੇ 34 ਸੈਂਟੀਮੀਟਰ ਬਾਰਸ਼ ਦੀ ਸੂਚਨਾ ਦਿੱਤੀ ਸੀ। ਸਾਲ 2019 ਵਿੱਚ, ਇਹ ਸਿਰਫ਼ ਇੱਕ ਦਿਨ ਵਿੱਚ 37 ਸੈਂਟੀਮੀਟਰ ਪਿਆ ਮੀਂਹ ਸੀ।”

ਹੁਣ ਵੀ, ਕੇਐੱਫਆਰਆਈ ਦੇ ਮੁੱਖ ਵਿਗਿਆਨੀ ਡਾਕਟਰ ਟੀਵੀ ਸਜੀਵ ਨੇ ਨਕਸ਼ਿਆਂ ਵਿੱਚ ਦੱਸਿਆ ਹੈ ਕਿ ਚੂਰਲਮਾਲਾ ਤੋਂ 4.65 ਕਿਲੋਮੀਟਰ ਅਤੇ ਮੁੰਡਕਾਈ ਤੋਂ 5.9 ਕਿਲੋਮੀਟਰ ਦੂਰ ਮਾਇਨਿੰਗ ਹੋ ਰਹੀ ਹੈ।

ਜ਼ਮੀਨ ਖਿਸਣਾ

ਤਸਵੀਰ ਸਰੋਤ, REUTERS

ਤਸਵੀਰ ਕੈਪਸ਼ਨ, ਜ਼ਮੀਨ ਦੀ ਖਿਸਕਣ ਦੀ ਘਟਨਾ ਦੌਰਾਨ 144 ਲੋਕ ਦੱਬ ਗਏ ਜਾਂ ਵਹਿ ਗਏ ਅਤੇ 192 ਤੋਂ ਵੱਧ ਲੋਕ ਜ਼ਖਮੀ ਹੋਏ।

ਪਰ ਕੀ ਵਾਧੂ ਮਾਇਨਿੰਗ ਦਾ ਅਜਿਹਾ ਪ੍ਰਭਾਵ ਪੈਂਦਾ ਹੈ?

ਡਾ. ਸਜੀਵ ਨੇ ਬੀਬੀਸੀ ਨੂੰ ਦੱਸਿਆ, “ਖੱਡਾਂ ਵਿੱਚ ਧਮਾਕੇ ਕਾਰਨ ਪੈਦਾ ਹੋਣ ਵਾਲੀ ਕੰਬਣੀ ਗ੍ਰੇਨਾਈਟ ਨਾਲ ਤੇਜ਼ੀ ਨਾਲ ਫੈਲਦੀ ਹੈ। ਹੀਰੇ ਤੋਂ ਬਾਅਦ ਗ੍ਰੇਨਾਈਟ ਹੀ ਦੂਜਾ ਅਜਿਹਾ ਧਾਤੂ ਹੈ, ਜਿੱਥੇ ਅਵਾਜ਼ ਅਤੇ ਸਮੱਗਰੀ ਇੰਨੀ ਤੇਜ਼ੀ ਨਾਲ ਫੈਲਦੇ ਹਨ।”

“ਇਹ ਸਾਰਾ ਇਲਾਕਾ ਬਹੁਤ ਢਲਾਨ ਵਾਲਾ ਅਤੇ ਨਾਜ਼ੁਕ ਹੈ। ਇਸ ਇਲਾਕੇ ਨੂੰ ਸਿਰਫ ਇਕ ਚੀਜ਼ ਹੀ ਜੋੜ ਕੇ ਰੱਖਦੀ ਹੈ, ਉਹ ਬਨਸਪਤੀ ਯਾਨਿ ਰੁੱਖ ਅਤੇ ਪੌਦੇ।”

ਉਨ੍ਹਾਂ ਨੇ ਅੱਗੇ ਕਿਹਾ, “ਹਾਲ ਹੀ ਦੇ ਸਾਲਾਂ ਵਿੱਚ ਇੱਕ ਨਵੇਂ ਕਾਨੂੰਨ ਨੇ ਪੌਦੇ ਲਗਾਉਣ ਦੇ ਇੱਕ ਹਿੱਸੇ ਨੂੰ ਗ਼ੈਰ-ਪੌਦੇ ਲਗਾਉਣ ਦੇ ਉਦੇਸ਼ਾਂ ਲਈ ਵਰਤਣ ਦੀ ਆਗਿਆ ਦਿੱਤੀ ਹੈ। ਇਹ ਇੱਥੇ ਮੁੱਖ ਦੋਸ਼ੀ ਹੋ ਸਕਦਾ ਹੈ।”

“ਨਤੀਜਾ ਇਹ ਨਿਕਲਿਆ ਕਿ ਬੂਟੇ ਲਗਾਉਣ ਵਾਲੇ ਮਾਲਕ ਸੈਰ-ਸਪਾਟੇ ਵੱਲ ਚਲੇ ਗਏ ਅਤੇ ਮੈਗਾ ਸਟ੍ਰਕਚਰ ਬਣਾਏ ਜਿਸ ਲਈ ਜ਼ਮੀਨ ਨੂੰ ਪੱਧਰਾ ਕਰਨਾ ਪਿਆ।”

ਚਾਰ ਸਾਲ ਪਹਿਲਾਂ ਉਨ੍ਹਾਂ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਵਾਇਨਾਡ ਵਿੱਚ 20 ਤੋਂ ਵੱਧ ਸੈਰ-ਸਪਾਟਾ ਸਥਾਨ ਹਨ, ਜੋ ਹਰ ਸਾਲ 25,000 ਵਿਦੇਸ਼ੀ ਸੈਲਾਨੀਆਂ ਅਤੇ ਇੱਕ ਲੱਖ ਘਰੇਲੂ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੇ ਹਨ।

ਡਾ. ਸਜੀਵ ਕਹਿੰਦੇ ਹਨ, "ਸਾਡੇ ਲਈ ਇਹ ਲਾਜ਼ਮੀ ਹੈ ਕਿ ਅਸੀਂ ਗਾਡਗਿਲ ਦੀ ਰਿਪੋਰਟ 'ਤੇ ਫਿਰ ਝਾਤ ਮਾਰੀਏ ਕਿ ਕਿਵੇਂ ਨਾਜ਼ੁਕ ਜ਼ਮੀਨ ਨੂੰ ਵੱਖਰੇ ਤਰੀਕੇ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ।”

“ਉਨ੍ਹਾਂ ਨੇ ਖ਼ਾਸ ਤੌਰ 'ਤੇ ਨਾਜ਼ੁਕ ਖੇਤਰਾਂ, ਦਰਮਿਆਨੇ ਨਾਜ਼ੁਕ ਖੇਤਰਾਂ ਅਤੇ ਘੱਟ ਨਾਜ਼ੁਕ ਖੇਤਰਾਂ ਦਾ ਵਰਗੀਕਰਨ ਕੀਤਾ ਸੀ। ਦੁੱਖ ਦੀ ਗੱਲ ਇਹ ਹੈ ਕਿ ਸਮੁੱਚੀ ਸਿਆਸੀ ਜਮਾਤ ਇਸ ਦਾ ਵਿਰੋਧ ਕਰ ਰਹੀ ਸੀ।”

ਜ਼ਮੀਨ ਖਿਸਕਣਾ

ਤਸਵੀਰ ਸਰੋਤ, Getty Images

ਹਾਲਾਤ ਕੀ ਹਨ

ਕੇਰਲ ਵਿੱਚ ਸਮੱਸਿਆ ਇਸ ਤੱਥ ਤੋਂ ਹੋਰ ਵੀ ਵਧ ਗਈ ਹੈ ਕਿ ਜ਼ਮੀਨ ਬਹੁਤ ਨਾਜ਼ੁਕ ਹੈ। ਇਸ ਵਿੱਚ ਇੱਕ ਖੜ੍ਹੀ ਢਲਾਣ ਹੈ। ਬਰਸਾਤ ਨੇ ਤੇਜ਼ ਬਰਸਾਤ ਦਾ ਰੂਪ ਲੈ ਲਿਆ ਹੈ ਅਤੇ ਜ਼ਮੀਨ ਇੰਨੀ ਨਾਜ਼ੁਕ ਹੋ ਗਈ ਹੈ ਕਿ ਇਹ ਭਾਰੀ ਵਰਖਾ ਨੂੰ ਸੰਭਾਲ ਨਹੀਂ ਸਕਦੀ।

ਇਸ ਦਾ ਹੱਲ ਇਹੀ ਹੈ ਕਿ ਇਹ ਯਕੀਨੀ ਬਣਾਉਣਾ ਹੈ ਕਿ ਸਾਡੀਆਂ ਵਾਤਾਵਰਣ ਪ੍ਰਣਾਲੀਆਂ ਅਸਲ ਵਿੱਚ ਸਿਹਤਯਾਬ ਹਨ। ਜੇਕਰ ਉਹ ਸਿਹਤਮੰਦ ਹਨ, ਤਾਂ ਉਹ ਕਿਸੇ ਵੀ ਤਰ੍ਹਾਂ ਦੀ ਜਲਵਾਯੂ ਤਬਦੀਲੀ ਨੂੰ ਸੰਭਾਲ ਸਕਦੀਆਂ ਹਨ।”

ਡਾ: ਸਜੀਵ ਨੇ ਇੱਕ ਅਕਾਦਮਿਕ ਪੇਪਰ ਲਈ 2017 ਵਿੱਚ ਗ੍ਰੇਨਾਈਟ ਮਾਇਨਿੰਗ ਦੀ ਮੈਪਿੰਗ ਕੀਤੀ ਸੀ ਅਤੇ ਦੋ ਸਾਲ ਬਾਅਦ, ਜ਼ਮੀਨ ਖਿਸਕਣ ਦੇ ਸਥਾਨਾਂ ਦੀ ਮੈਪਿੰਗ ਕੀਤੀ ਸੀ।

ਜ਼ਮੀਨ ਖਿਸਕਣ ਦੀਆਂ ਘਟਨਾਵਾਂ 31 ਥਾਵਾਂ 'ਤੇ ਹੋਈਆਂ ਸਨ, ਜਿਨ੍ਹਾਂ ਦੀ ਪਛਾਣ ਮਾਧਵ ਗਾਡਗਿਲ ਪੈਨਲ ਅਤੇ ਉਸ ਤੋਂ ਬਾਅਦ ਡਾ. ਕੇ ਕਸਤੂਰੀਰੰਗਨ ਦੀ ਪ੍ਰਧਾਨਗੀ ਵਾਲੇ ਉੱਚ ਪੱਧਰੀ ਕਾਰਜ ਸਮੂਹ ਦੁਆਰਾ ਕੀਤੀ ਗਈ ਸੀ।

ਵਾਇਨਾਡ ਇੱਕ ਪਹਾੜੀ ਜ਼ਿਲ੍ਹਾ ਹੈ, ਪੱਛਮੀ ਘਾਟ ਦਾ ਇੱਕ ਹਿੱਸਾ ਹੈ, ਜਿਸ ਵਿੱਚ ਬਹੁਤ ਸਾਰੇ ਆਦਿਵਾਸੀ ਕਬੀਲੇ ਰਹਿੰਦੇ ਹਨ।

ਇਹ ਉੱਤਰ ਵਿੱਚ ਕਰਨਾਟਕ ਦੇ ਕੋਡਾਗੂ ਅਤੇ ਮੈਸੂਰ ਜ਼ਿਲ੍ਹਿਆਂ ਨਾਲ ਅਤੇ ਉੱਤਰ-ਪੂਰਬ ਵਿੱਚ ਤਾਮਿਲਨਾਡੂ ਦੇ ਨੀਲੀਗਿਰੀ ਜ਼ਿਲ੍ਹੇ ਨਾਲ ਲੱਗਦੀ ਹੈ। ਇਸ ਦੇ ਦੱਖਣ ਵਿੱਚ ਮਲਪੁਰਮ ਅਤੇ ਦੱਖਣ ਪੱਛਮ ਵਿੱਚ ਕੋਝੀਕੋਡ ਅਤੇ ਉੱਤਰ ਪੱਛਮ ਵਿੱਚ ਕੰਨੂਰ ਹੈ।

ਪੱਛਮੀ ਘਾਟ ਗੁਜਰਾਤ (449 ਵਰਗ ਕਿਲੋਮੀਟਰ), ਮਹਾਰਾਸ਼ਟਰ (17,348 ਵਰਗ ਕਿਲੋਮੀਟਰ), ਗੋਆ (1461 ਵਰਗ ਕਿਲੋਮੀਟਰ), ਕਰਨਾਟਕ (20,668 ਵਰਗ ਕਿਲੋਮੀਟਰ), ਤਾਮਿਲਨਾਡੂ (6,914 ਵਰਗ ਕਿਲੋਮੀਟਰ) ਅਤੇ ਕੇਰਲ (9,993 ਵਰਗ ਕਿਲੋਮੀਟਰ), ਕੁੱਲ ਮਿਲਾ ਕੇ 56,825 ਵਰਗ ਕਿਲੋਮੀਟਰ ਤੱਕ ਫੈਲੇ ਹੋਏ ਹਨ।

ਕੇਰਲ

ਤਸਵੀਰ ਸਰੋਤ, Getty Images

ਗਾਡਗਿਲ ਦੀ ਰਿਪੋਰਟ ਵਿੱਚ ਪੱਛਮੀ ਘਾਟ ਨੂੰ ਵਾਤਾਵਰਣ-ਸੰਵੇਦਨਸ਼ੀਲ ਖੇਤਰ ਵਜੋਂ ਚਿੰਨ੍ਹਤ ਕੀਤੇ ਜਾਣ ਨੂੰ 13 ਸਾਲ ਹੋ ਗਏ ਹਨ।

ਇਸ ਤਰ੍ਹਾਂ ਐਲਾਨ ਖ਼ਤਰਨਾਕ ਮਨੁੱਖੀ ਗਤੀਵਿਧੀਆਂ 'ਤੇ ਪਾਬੰਦੀ ਲਗਾਉਣ ਲਈ ਇੱਕ ਸ਼ਰਤ ਹੈ। ਕੇਂਦਰ ਵੱਲੋਂ ਮਾਰਚ 2014 ਤੋਂ ਹੁਣ ਤੱਕ ਪੰਜ ਖਰੜਾ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਚੁੱਕੇ ਹਨ ਪਰ ਅੰਤਿਮ ਨੋਟੀਫਿਕੇਸ਼ਨ ਅਜੇ ਜਾਰੀ ਨਹੀਂ ਕੀਤੇ ਗਏ ਹਨ।

ਇਸ ਦਾ ਮੁੱਢਲਾ ਕਾਰਨ ਦੋ ਗੁਆਂਢੀ ਸੂਬਿਆਂ ਕੇਰਲਾ ਅਤੇ ਕਰਨਾਟਕ ਦਾ ਵਿਰੋਧ ਹੈ। ਦਰਅਸਲ, ਕਰਨਾਟਕ ਚਾਹੁੰਦਾ ਸੀ ਕਿ ਖਰੜਾ ਨੋਟੀਫਿਕੇਸ਼ਨ ਨੂੰ ਇਸ ਆਧਾਰ 'ਤੇ ਵਾਪਸ ਲਿਆ ਜਾਵੇ ਕਿ ਇਸ ਨਾਲ ਲੋਕਾਂ ਦੀ ਰੋਜ਼ੀ-ਰੋਟੀ 'ਤੇ ਬੁਰਾ ਅਸਰ ਪਵੇਗਾ।

ਇਸ ਮੁੱਦੇ 'ਤੇ ਢਿੱਲ-ਮੱਠ ਨਾਲ ਵਾਤਾਵਰਣ ਲਈ ਖ਼ਤਰਨਾਕ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਜੰਗਲਾਂ ਦੀ ਕਟਾਈ, ਮਾਈਨਿੰਗ ਅਤੇ ਇਮਾਰਤਾਂ ਦੀਆਂ ਉਸਾਰੀਆਂ ਨੂੰ ਵਧਾਵਾ ਮਿਲਿਆ।

ਇਸ ਨਾਲ ਮਿੱਟੀ ਢਿੱਲੀ ਹੋ ਗਈ ਹੈ ਅਤੇ ਪਹਾੜੀਆਂ ਵੀ ਅਸਥਿਰਤਾ ਹੋ ਗਈਆਂ। ਡਾ: ਸਜੀਵ ਕਹਿੰਦੇ ਹਨ ਕਿ ਇਹੀ ਇਸ ਵਿਨਾਸ਼ਕਾਰੀ ਜ਼ਮੀਨ ਖਿਸਕਣ ਦਾ ਮੁੱਖ ਕਾਰਨ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)