1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਪੀ.ਈ.ਆਈ ਨੇ ਕਲਾਸਰੂਮਜ਼ ਵਿਚ ਮੋਬਾਈਲ ਫ਼ੋਨ ਲਿਜਾਣ ‘ਤੇ ਪਾਬੰਦੀ ਲਾਈ

ਸਿੱਖਿਆ ਮੰਤਰੀ ਨੇ ‘ਵਿਦਿਆਰਥੀਆਂ ਦੀ ਮਾਨਸਿਕ ਸਿਹਤ’ ਦੀ ਖ਼ਾਤਰ ਚੁੱਕਿਆ ਕਦਮ

ਐਲੀਮੈਂਟਰੀ ਸਕੂਲਾਂ ਅਤੇ ਜੂਨੀਅਰ ਅਤੇ ਸੀਨੀਅਰ ਹਾਈ ਸਕੂਲਾਂ ਵਿੱਚ ਨੀਤੀ ਵੱਖਰੀ ਹੋਵੇਗੀ।

ਪ੍ਰਿਸ ਐਡਵਰਡ ਆਈਲੈਂਡ ਦੀ ਸਿੱਖਿਆ ਮੰਤੀ ਨਟੈਲੀ ਜੇਮਸਨ ਨੇ ਦੱਸਿਆ ਕਿ ਐਲੀਮੈਂਟਰੀ ਸਕੂਲਾਂ ਅਤੇ ਜੂਨੀਅਰ ਅਤੇ ਸੀਨੀਅਰ ਹਾਈ ਸਕੂਲਾਂ ਵਿੱਚ ਨੀਤੀ ਵੱਖਰੀ ਹੋਵੇਗੀ।

ਤਸਵੀਰ:  (tomeqs/Shutterstock)

RCI

ਪ੍ਰਿਸ ਐਡਵਰਡ ਆਈਲੈਂਡ ਦੀ ਸਿੱਖਿਆ ਮੰਤੀ ਨਟੈਲੀ ਜੇਮਸਨ ਵੱਲੋਂ ਜਾਰੀ ਨਵੇਂ ਨਿਰਦੇਸ਼ਾਂ ਅਨੁਸਾਰ, ਵਿਦਿਆਰਥੀਆਂ ਨੂੰ ਆਪਣੇ ਫ਼ੋਨ ਕਲਾਸਰੂਮਜ਼ ਤੋਂ ਪਾਸੇ ਰੱਖਣੇ ਹੋਣਗੇ।

ਇਹ ਨਿਰਦੇਸ਼ ਮੰਗਲਵਾਰ ਸਵੇਰੇ 9:30 ਜਾਰੀ ਕੀਤਾ ਗਿਆ ਹੈ ਪਰ ਸੀਬੀਸੀ ਦੇ ਆਇਲੈਂਡ ਮੌਰਨਿੰਗ ਪ੍ਰੋਗਰਾਮ ਵਿਚ ਪਹਿਲਾਂ ਐਲਾਨ ਦਿੱਤਾ ਗਿਆ ਸੀ।

ਆਇਲੈਂਡ ਮੋਰਨਿੰਗ ਦੇ ਹੋਸਟ ਮਿਚ ਕੋਰਮੀਏ ਨਾਲ ਇੰਟਰਵਿਐ ਦੌਰਾਨ, ਨਟੈਲੀ ਨੇ ਕਿਹਾ, ਇਹ ਇੱਕ ਮਹੱਤਵਪੂਰਨ ਕਦਮ ਹੈ ਕਿਉਂਕਿ ਅਸੀਂ ਅਸਲ ਵਿੱਚ ਇਸ ਗੱਲ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰ ਰਹੇ ਹਾਂ ਕਿ ਸਾਡੇ ਕਲਾਸਰੂਮਾਂ ਵਿੱਚ ਟੈਕਨੋਲੌਜੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ

ਅਸੀਂ ਸਿਰਫ਼ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਇਸ ਨੂੰ ਕਈ ਕਾਰਨਾਂ, ਜਿਸ ਵਿੱਚ ਸਾਡੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਭਟਕਣ ਘਟਾਉਣਾ ਸ਼ਾਮਲ ਹੈ, ਕਰਕੇ ਸੀਮਤ ਕਰੀਏ

ਐਲੀਮੈਂਟਰੀ ਸਕੂਲਾਂ ਅਤੇ ਜੂਨੀਅਰ ਅਤੇ ਸੀਨੀਅਰ ਹਾਈ ਸਕੂਲਾਂ ਵਿੱਚ ਨੀਤੀ ਵੱਖਰੀ ਹੋਵੇਗੀ। ਕਿੰਡਰਗਾਰਟਨ ਤੋਂ ਗ੍ਰੇਡ 6 ਲਈ ਫੋਨ ਪੂਰੇ ਸਕੂਲੀ ਦਿਨ ਲਈ ਦੂਰ ਰੱਖਣੇ ਪੈਣਗੇ। ਗ੍ਰੇਡ 7 ਤੋਂ 12 ਤੱਕ, ਵਿਦਿਆਰਥੀ ਬਰੇਕ ਦੌਰਾਨ ਆਪਣੇ ਸੈੱਲ ਫ਼ੋਨਾਂ ਤੱਕ ਪਹੁੰਚ ਕਰ ਸਕਣਗੇ।

ਪਰ ਵਿਦਿਆਰਥੀਆਂ ਨੂੰ ਸਿਰਫ਼ ਸਕੂਲ ਨੈੱਟਵਰਕ ਰਾਹੀਂ ਹੀ ਇੰਟਰਨੈੱਟ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ। ਉਸ ਨੈਟਵਰਕ ਵਿੱਚ ਫਿਲਟਰ ਲੱਗੇ ਹਨ ਜੋ ਸੋਸ਼ਲ ਮੀਡੀਆ ਸਾਈਟਾਂ ਸਮੇਤ ਕੁਝ ਹੋਰ ਸਮੱਗਰੀ ਨੂੰ ਬਲੌਕ ਕਰਦੇ ਹਨ। ਵਿਦਿਆਰਥੀਆਂ ਨੂੰ ਕਿਸੇ ਅਧਿਆਪਕ ਦੀ ਇਜਾਜ਼ਤ ਤੋਂ ਬਿਨਾਂ ਤਸਵੀਰਾਂ ਲੈਣ ਜਾਂ ਰਿਕਾਰਡਿੰਗ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

ਅਧਿਆਪਕ ਹਿਦਾਇਤੀ ਕਾਰਨਾਂ ਕਰਕੇ ਵਿਦਿਆਰਥੀਆਂ ਨੂੰ ਫ਼ੋਨ ਦੀ ਵਰਤੋਂ ਕਰਨ ਦੇਣ ਦੇ ਯੋਗ ਹੋਣਗੇ। ਮੈਡੀਕਲ ਜਾਂ ਵਿਸ਼ੇਸ਼ ਸਿੱਖਿਆ ਮਕਸਦਾਂ ਲਈ ਵੀ ਛੋਟ ਦੀ ਇਜਾਜ਼ਤ ਦਿੱਤੀ ਜਾਵੇਗੀ।

ਪ੍ਰਿਸ ਐਡਵਰਡ ਆਈਲੈਂਡ ਦੀ ਸਿੱਖਿਆ ਮੰਤੀ ਨਟੈਲੀ ਜੇਮਸਨ

ਪ੍ਰਿਸ ਐਡਵਰਡ ਆਈਲੈਂਡ ਦੀ ਸਿੱਖਿਆ ਮੰਤੀ ਨਟੈਲੀ ਜੇਮਸਨ

ਤਸਵੀਰ: (Tony Davis/CBC)

ਨਟੈਲੀ ਨੇ ਕਿਹਾ ਕਿ ਇਹ ਨਵੇਂ ਨਿਯਮ ਰਾਸ਼ਟਰੀ ਰੁਝਾਨਾਂ ਦੇ ਅਨੁਸਾਰ ਹਨ।

ਉਨ੍ਹਾਂ ਕਿਹਾ, ਅਸੀਂ ਭਵਿੱਖ ਵਿਚ, ਜੇ ਲੋੜ ਪਈ ਤਾਂ, ਤਬਦੀਲੀਆਂ ਕਰਨ ਲਈ ਤਿਆਰ ਹਾਂ, ਪਰ ਇਹ ਪੂਰੇ ਦੇਸ਼ ਵਿੱਚ ਹੋ ਰਿਹਾ ਹੈ

ਉਹਨਾਂ ਨੇ ਕਿਹਾ ਕਿ ਕੁਝ ਸਕੂਲਾਂ ਵਿੱਚ ਅਜਿਹੀਆਂ ਨੀਤੀਆਂ ਪਹਿਲਾਂ ਤੋਂ ਹੀ ਲਾਗੂ ਹਨ, ਪਰ ਮੰਤਰੀ ਦੇ ਨਿਰਦੇਸ਼ ਉਨ੍ਹਾਂ ਨੀਤੀਆਂ ਨੂੰ ਹੋਰ ਮਜ਼ਬੂਤ ਕਰਨਗੇ।

ਵਿਦਿਆਰਥੀ-ਅਧਿਆਪਕ ਟਕਰਾਅ ਦਾ ਕਾਰਨ ਬਣ ਸਕਦੇ ਹਨ ਫ਼ੋਨ

ਪੀ.ਈ.ਆਈ. ਟੀਚਰਜ਼ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਐਂਡੀ ਡੋਰਨ, ਜੋ ਇਸ ਮੁੱਦੇ 'ਤੇ ਪੈਨਲ ਚਰਚਾ ਦੇ ਹਿੱਸੇ ਵਜੋਂ ਆਈਲੈਂਡ ਮੌਰਨਿੰਗ 'ਤੇ ਮੌਜੂਦ ਸਨ, ਨੇ ਇਸ ਐਲਾਨ ਦਾ ਸਵਾਗਤ ਕੀਤਾ।

ਭਾਵੇਂ ਰੌਲੇ ਕਰਕੇ ਹੋਵੇ ਜਾਂ ਭਾਵੇਂ ਵਿਦਿਆਰਥੀਆਂ ਦੇ ਆਪਣੇ ਫ਼ੋਨਾਂ ਵਿਚ ਰੁੱਝੇ ਹੋਣ ਕਰਕੇ ਹੋਵੇ, ਕਲਾਸਰੂਮ ਵਿੱਚ ਧਿਆਨ ਭਟਕਣਾ ਕੁਝ ਸਮੇਂ ਤੋਂ ਇੱਕ ਸਮੱਸਿਆ ਰਿਹਾ ਹੈ

ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਕਈ ਵਾਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਫੋਨ ਬੰਦ ਕਰਨ ਲਈ ਕਹਿਣਾ ਪੈਂਦਾ ਹੈ ਅਤੇ ਇਹ ਕਈ ਵਾਰੀ ਵਿਦਿਆਰਥੀ-ਅਧਿਆਪਕ ਟਕਰਾਅ ਦਾ ਕਾਰਨ ਬਣਦਾ ਹੈ ਅਤੇ ਬਾਕੀ ਵਿਦਿਆਰਥੀਆਂ ਦੀ ਵੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਇਸ ਵਿਚ ਮਾਪਿਆਂ ਦੀ ਵੀ ਵੱਡੀ ਭੂਮਿਕਾ ਹੋਵੇਗੀ। ਉਨ੍ਹਾਂ ਨੂੰ ਨੀਤੀ ਨੂੰ ਸਮਝਣਾ ਹੋਵੇਗਾ ਅਤੇ ਉਸ ਸਮਝ ਨਾਲ ਹੀ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਹੋਵੇਗਾ।

ਨਟੈਲੀ ਨੇ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪਰਿਵਾਰਾਂ ਨੂੰ ਇੱਕ ਚਿੱਠੀ ਭੇਜੀ ਜਾਵੇਗੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਨਵੀਂ ਨੀਤੀ ਨਿਰਦੇਸ਼ ਦੇ ਤਹਿਤ ਕੀ ਜ਼ਰੂਰੀ ਹੈ।

ਪ੍ਰਿੰਸ ਐਡਵਰਡ ਆਇਲੈਂਡ ਯੂਨੀਵਰਸਿਟੀ ਵਿਚ ਮਨੁੱਖੀ ਵਿਗਿਆਨ ਵਿਭਾਗ ਵਿਚ ਪ੍ਰੋਫ਼ੈਸਰ ਅਤੇ ਬੱਚਿਆਂ ਵਿਚ ਸਕ੍ਰੀਨ ਸਮੇਂ ਦੇ ਵਿਸ਼ੇ ਦੇ ਮਾਹਰ, ਟ੍ਰੈਵਿਸ ਸੌਂਡਰਜ਼ ਵੀ ਪੈਨਲ ਚਰਚਾ ਵਿਚ ਮੌਜੂਦ ਸਨ।

ਉਨ੍ਹਾਂ ਕਿਹਾ, ਇਹ ਇੱਕ ਸੱਚਮੁੱਚ ਮਹੱਤਵਪੂਰਨ ਕਦਮ ਹੈ, ਖ਼ਾਸ ਕਰਕੇ ਨੌਜਵਾਨ ਵਿਦਿਆਰਥੀਆਂ ਲਈ

ਵਿਦਿਆਰਥੀਆਂ ਨੂੰ ਇਹ ਦੱਸਣਾ ਕਿ ਦਿਨ ਦਾ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਅਸੀਂ ਸਕ੍ਰੀਨਾਂ ਨੂੰ ਦੂਰ ਰੱਖਦੇ ਹਾਂ, ਇਹ ਡਿਜੀਟਲ ਸਾਖਰਤਾ ਦਾ ਬਹੁਤ ਅਹਿਮ ਹਿੱਸਾ ਹੈ। ਮੈਨੂੰ ਲਗਦਾ ਹੈ ਕਿ ਇਹ ਚੀਜ਼ ਇਸ ਬਾਰੇ ਹੋਰ ਬਹੁਤ ਸਾਰੀਆਂ ਚਰਚਾਵਾਂ ਦਾ ਕਾਰਨ ਬਣੇਗੀ ਕਿ ਫੋ਼ਨ ਦੀ ਵਰਤੋਂ ਕਰਨਾ ਕਦੋਂ ਉਚਿਤ ਹੈ ਅਤੇ ਕਦੋਂ ਉਚਿਤ ਨਹੀਂ ਹੈ

ਨਟੈਲੀ ਨੇ ਕਿਹਾ ਕਿ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ। ਮੰਤਰੀ ਦੇ ਨਿਰਦੇਸ਼ ਵਿਚ ਵਿਦਿਆਰਥੀਆਂ ਤੋਂ ਕੀਤੀ ਜਾਂਦੀ ਤਵੱਕੋ ਦੇ ਵੇਰਵੇ (ਨਵੀਂ ਵਿੰਡੋ) ਵੀ ਸ਼ਾਮਲ ਹਨ।

ਆਉਂਦੇ ਸਤੰਬਰ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਘਰ ਇੱਕ ਚਿੱਠੀ ਭੇਜੀ ਜਾਵੇਗੀ ਜਿਸ ਵਿਚ ਉਸ ਤਵੱਕੋ ਦੀ ਤਫਸੀਲ ਵੀ ਹੋਵੇਗੀ।

ਵਿਦਿਆਰਥੀਆਂ ਅਤੇ ਮਾਪਿਆਂ ਤੋਂ ਉਮੀਦ ਕੀਤੀ ਜਾਵੇਗੀ ਕਿ ਉਹ ਉਸ ਦਸਤਾਵੇਜ਼ ਨੂੰ ਪੜ੍ਹਨ ਅਤੇ ਸਮਝਣ, ਅਤੇ ਫਿਰ ਉਹਨਾਂ ਉਮੀਦਾਂ ਨਾਲ ਸਹਿਮਤ ਹੋਣ ਵਾਲੇ ਇੱਕ ਪੱਤਰ 'ਤੇ ਦਸਤਖ਼ਤ ਕਰਨ।

ਕੈਵਿਨ ਯਾਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ